ਧਰਨਾ ਦੇਣ ਵਾਲੇ ਕਿਸਾਨਾਂ ਲਈ ਸਿੱਧੂ ਮੂਸੇ ਵਾਲਾ ਤੇ ਅੰਮ੍ਰਿਤ ਮਾਨ ਦਾ ਖ਼ਾਸ ਸੁਨੇਹਾ (ਵੀਡੀਓ)

9/24/2020 1:02:38 PM

ਜਲੰਧਰ (ਬਿਊਰੋ) - ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਲਗਾਏ ਗਏ ਧਰਨਿਆਂ ਨੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੰਚ ਉੱਤੇ ਇੱਕਠਾ ਕਰ ਦਿੱਤਾ ਹੈ, ਉੱਥੇ ਹੀ ਪੰਜਾਬੀ ਕਲਾਕਾਰ ਵੀ ਇੱਕ ਮੰਚ ਉੱਤੇ ਇੱਕਠੇ ਹੋ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਇਨ੍ਹਾਂ ਕਲਾਕਾਰਾਂ ਵਿਚ ਹੁਣ ਸਿੱਧੂ ਮੂਸੇ ਵਾਲਾ ਦਾ ਵੀ ਨਾਂ ਜੁੜ ਗਿਆ ਹੈ। ਸਿੱਧੂ ਮੂਸੇ ਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੋ ਕੇ ਕਿਹਾ ਹੈ ‘ਉਹ ਕੁਝ ਦਿਨਾਂ ਤੋਂ ਸੁਣ ਰਿਹਾ ਸੀ ਕਿ ਕੁਝ ਲੋਕ ਕਹਿ ਰਹੇ ਸਨ ਕਿ ਸਿੱਧੂ ਮੂਸੇ ਵਾਲਾ ਇਸ ਮੁੱਦੇ ਤੇ ਹੁਣ ਕੁਝ ਨਹੀਂ ਬੋਲ ਰਿਹਾ। ਇਸ ਲਈ ਅੱਜ ਮੈਂ ਇੰਸਟਾਗ੍ਰਾਮ ਉੱਤੇ ਲਾਈਵ ਹੋ ਕੇ ਕਹਿ ਰਿਹਾ ਕਿ ਉਹ ਆਪ ਇੱਕ ਕਿਸਾਨ ਹੈ ਤੇ ਖੇਤੀ ਕਰਦਾ ਹੈ। ਮੂਸੇ ਵਾਲਾ ਨੇ ਕਿਹਾ ਕਿ ਮੇਰਾ ਦਾਦਾ ਤੇ ਪਿਤਾ ਵੀ ਖੇਤੀ ਕਰਦੇ ਸਨ।
ਇਸ ਲਈ ਕਿਸਾਨਾਂ ਦਾ ਦਰਦ ਉਹ ਚੰਗੀ ਤਰਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿਚ ਪਟਿਆਲਾ ਵਿਚ ਧਰਨਾ ਲਾਇਆ ਸੀ ਤੇ ਉੱਥੇ ਦੇ ਪਰਬੰਧਕਾਂ ਨਾਲ ਗੱਲ ਵੀ ਕੀਤੀ ਸੀ ਕਿ ਉਹ ਧਰਨੇ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਜਵਾਬ ਚ ਕਿਹਾ ਗਿਆ ਸੀ ਕਿ ਇਸ ਲਈ ਉਨ੍ਹਾਂ ਕੋਲ ਪੁਖ਼ਤਾ ਪ੍ਰਬੰਧ ਨਹੀਂ ਹਨ ।

ਇਸ ਤੋਂ ਇਲਾਵਾ ਸਿੱਧੂ ਮੂਸੇ ਵਾਲਾ ਨੇ ਕਿਹਾ, ਹੁਣ ਮੈਂ ਮਾਨਸਾ ਵਿਚ ਕਿਸਾਨਾਂ ਨਾਲ ਧਰਨੇ ‘ਚ ਹੋਵਾਂਗਾ ਤੇ ਮੈਂ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਨੇ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਆਪ ਆ ਕੇ ਧਰਨੇ ਉੱਤੇ ਬਹਿਣਗੇ। ਉਨ੍ਹਾਂ ਕਿਹਾ ਕਿ ਕਲਾਕਾਰ ਹੁੰਦੇ ਹੋਏ ਵੀ ਉਹ ਰੋਜ਼ ਖੇਤੀ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਪਿਆਰ ਹੈ, ਜਿਸ ਮਿੱਟੀ ‘ਚ ਉਹ ਜੰਮੇ ਪਲੇ ਹਨ, ਉਸ ਮਿੱਟੀ ਦੀ ਲੜਾਈ ਸਾਰਿਆਂ ਨੂੰ ਨਾਲ ਲੈ ਕੇ ਲੜਨੀ ਹੈ ਤੇ ਇਸ ਨੂੰ ਕਿਸੇ ਵੀ ਹਾਲਤ ਚ ਅੱਗੇ ਲੈ ਕੇ ਜਾਣਗੇ।  ਗਾਇਕ ਅੰਮ੍ਰਿਤ ਮਾਨ ਨੇ ਕਿਹਾ ਕਿ ਸਨੈਪਚੈਟ ਪਾਉਣ ਵਾਲੇ ਧਰਨੇ ਵਿਚ ਬਿਲਕੁਲ ਨਾ ਆਉਣ ਅਤੇ ਨਾ ਹੀ ਤਸਵੀਰਾਂ ਖਿੱਚਵਾਉਣ ਆਉਣ। ਅਸੀ ਸਿਰਫ਼ ਕਿਸਾਨ ਭਰਾਵਾਂ ਦਾ ਸਾਥ ਦੇਣ ਆਉਣਾ ਹੈ। 
ਦੱਸ ਦਈਏ ਕਿ ਪੰਜਾਬੀ ਗਾਇਕ ਖੇਤੀ ਬਿੱਲ ਦੇ ਖ਼ਿਲਾਫ਼ ਲਗਾਤਾਰ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਇੱਥੋਂ ਤੱਕ ਕਿ 25 ਸਤੰਬਰ ਨੂੰ ਪੰਜਾਬੀ ਗਾਇਕਾਂ ਵੱਲੋਂ ਖੇਤੀ ਬਿੱਲ ਖ਼ਿਲਾਫ਼ ਧਰਨਾ ਲਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਗਾਇਕ ਰਣਜੀਤ ਬਾਵਾ ਤੇ ਹਰਭਜਨ ਮਾਨ ਵਰਗੇ ਪੰਜਾਬੀ ਗਾਇਕ ਸ਼ਾਮਲ ਹੋਣਗੇ। 


ਦੱਸਣਯੋਗ ਹੈ ਕਿ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਇਆਂ ਇੱਕ ਖ਼ਾਸ ਸੁਨੇਹਾ ਲਿਖਿਆ। “ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ‘ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਤੇ ਵਰਗਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ ਲਈ ਪੁਰਜ਼ੋਰ ਅਪੀਲ ਕਰਦੇ ਹਾਂ।“ ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਹਨ। ਹਰਭਜਨ ਮਾਨ ਬਾਈ ਜੀ, ਹਰਜੀਤ ਹਰਮਨ ਬਾਈ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲੈਣਗੇ।“ ਕਿਸਾਨ ਮਜਦੂਰ ਏਕਤਾ ਜਿੰਦਾਬਾਦ। 

ਪੰਜਾਬੀ ਅਦਾਕਾਰਾਂ ਦੀ ਗੱਲ ਕਰੀਏ ਤਾਂ ਸਿੰਮੀ ਚਾਹਲ, ਨਿਸ਼ਾ ਬਾਨੋ ਨੇ ਵੀ ਕਿਸਾਨਾਂ ਦੇ ਹੱਕਾਂ ਲਈ ਸੋਸ਼ਲ ਮੀਡੀਆ ਰਾਹੀਂ ਆਵਾਜ਼ ਚੁੱਕੀ ਹੈ। ਹੁਣ ਇਕ ਗੱਲ ਤਾ ਤੈਅ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ਕਲਾਕਾਰ ਇਕਜੁੱਟ ਹੋ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਬਿੱਲ ਖਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਅਜਿਹੇ 'ਚ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਵੀ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।


sunita

Content Editor sunita