ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਅਦਾਲਤ ’ਚ ਚੱਲਦਾ ਰਹੇਗਾ ਕੇਸ

Tuesday, May 31, 2022 - 01:11 PM (IST)

ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਅਦਾਲਤ ’ਚ ਚੱਲਦਾ ਰਹੇਗਾ ਕੇਸ

ਚੰਡੀਗੜ੍ਹ (ਸੁਸ਼ੀਲ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਐਤਵਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਕਤਲ ਤੋਂ ਬਾਅਦ ਵੀ ਜ਼ਿਲ੍ਹਾ ਅਦਾਲਤ 'ਚ ਉਨ੍ਹਾਂ ਖ਼ਿਲਾਫ਼ ਜੋ ਕੇਸ ਚੱਲ ਰਿਹਾ ਸੀ, ਉਹ ਬੰਦ ਨਹੀਂ ਹੋਵੇਗਾ। ਮੂਸੇਵਾਲਾ ਖ਼ਿਲਾਫ਼ ਕੇਸ ਕਰਨ ਵਾਲੇ ਐਡਵੋਕੇਟ ਸੁਨੀਲ ਮੱਲਨ ਨੇ ਦੱਸਿਆ ਕਿ ਮੂਸੇਵਾਲਾ ਨਾਲ ਜੋ ਹੋਇਆ, ਉਸ ਤੋਂ ਉਹ ਵੀ ਦੁਖੀ ਹੈ ਪਰ ਜੋ ਕੇਸ ਉਸ ਨੇ ਅਦਾਲਤ ਵਿਚ ਫਾਈਲ ਕੀਤਾ ਹੈ, ਉਹ ਚੱਲਦਾ ਰਹੇਗਾ। ਹੁਣ ਕੇਸ ਮਿਊਜ਼ਿਕ ਡਾਇਰੈਕਟਰ ਗਗਨਦੀਪ ਸਿੰਘ (ਦ ਕਿਡ) ਤੋਂ ਇਲਾਵਾ ਵੀਡੀਓ ਡਾਇਰੈਕਟਰ ਨਵਕਰਨ ਬਰਾੜ, ਗੋਲਡ ਮੀਡੀਆ ਦੇ ਮਾਲਕ ਅਰਸ਼ਦੀਪ ਸਿੰਘ, ਪਿੰਡ ਮੂਸੇ ਦੇ ਸਰਪੰਚ ਗ੍ਰਾਮ ਪੰਚਾਇਤ, ਯੂ-ਟਿਊਬ, ਹੰਗਾਮਾ, ਸਪੋਟੀਫਾਈ, ਗਾਣਾ, ਵਿੰਕ ਮਿਊਜ਼ਿਕ ਅਤੇ ਆਈਟਿਊਨਜ਼ ’ਤੇ ਕੇਸ ਚੱਲਦਾ ਰਹੇਗਾ। ਮੂਸੇਵਾਲਾ ’ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਇਸ ਸਾਲ ਐਡਵੋਕੇਟ ਮੱਲਨ ਨੇ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ ਇਹ ਕੇਸ ਵਕੀਲਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਕੀਤਾ ਸੀ। ਸਾਲ, 2021 ਵਿਚ ਮੂਸੇਵਾਲਾ ਨੇ ਸੰਜੂ ਗਾਣੇ ਵਿਚ ਐਡਵੋਕੇਟਾਂ ਦਾ ਨਾ ਸਿਰਫ਼ ਅਪਮਾਨ ਕੀਤਾ ਸੀ ਸਗੋਂ ਉਨ੍ਹਾਂ ’ਤੇ ਭੱਦੇ ਕੁਮੈਂਟ ਵੀ ਕੀਤੇ ਸਨ। ਇਸ ਗੱਲ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਦੇ ਐਡਵੋਕੇਟ ਮੱਲਨ ਨੇ ਮੂਸੇਵਾਲਾ ਨੂੰ ਅਦਾਲਤ ਵਿਚ ਘਸੀਟਿਆ ਸੀ। ਹੁਣ ਜਦੋਂ ਮੂਸੇਵਾਲਾ ਇਸ ਦੁਨੀਆਂ ਵਿਚ ਨਹੀਂ ਰਹੇ ਤਾਂ ਉਨ੍ਹਾਂ ਦਾ ਨਾਂ ਕੇਸ ਵਿਚੋਂ ਖ਼ੁਦ ਹਟ ਜਾਵੇਗਾ ਪਰ ਜੋ ਲੋਕ ਸੰਜੂ ਗੀਤ ਨਾਲ ਜੁੜੇ ਹੋਏ ਸਨ, ਉਨ੍ਹਾਂ ’ਤੇ ਇਹ ਕੇਸ ਅਦਾਲਤ ਵਿਚ ਚੱਲਦਾ ਰਹੇਗਾ।
ਲੜਾਈ ਕਾਨੂੰਨੀ ਲੜਨੀ ਚਾਹੀਦੀ ਹੈ, ਮੂਸੇਵਾਲਾ ਨਾਲ ਜੋ ਹੋਇਆ, ਗਲਤ ਹੈ
ਮੂਸੇਵਾਲਾ ਖ਼ਿਲਾਫ਼ ਕੇਸ ਕਰਨ ਵਾਲੇ ਐਡਵੋਕੇਟ ਮੱਲਨ ਨੇ ਕਿਹਾ ਕਿ ਲੜਾਈ ਹੋਣੀ ਚਾਹੀਦੀ ਹੈ ਪਰ ਉਹ ਲੜਾਈ ਕਾਨੂੰਨੀ ਹੋਣੀ ਚਾਹੀਦੀ ਹੈ। ਹੱਥਾਂ ਵਿਚ ਹਥਿਆਰ ਲੈ ਕੇ ਲੋਕਾਂ ਨੂੰ ਮਾਰਨਾ ਕੋਈ ਲੜਾਈ ਨਹੀਂ ਹੈ। ਮੂਸੇਵਾਲਾ ਨਾਲ ਜੋ ਹੋਇਆ ਉਹ ਬਹੁਤ ਹੀ ਗਲਤ ਹੈ ਅਤੇ ਉਨ੍ਹਾਂ ਦੀ ਮੌਤ ਨਾਲ ਉਹ ਵੀ ਦੁਖੀ ਹਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਨਾਂ ਕੇਸ ਵਿਚੋਂ ਵਿਦਡਰਾਅ ਹੈ ਜਾਂ ਨਹੀਂ, ਇਹ ਅਦਾਲਤ ਫ਼ੈਸਲਾ ਕਰੇਗੀ।
ਇਸ ਮਾਮਲੇ ਵਿਚ ਵੀ ਮੂਸੇਵਾਲਾ ਰਹੇ ਵਿਵਾਦਿਤ
ਮੂਸੇਵਾਲਾ ਬਰਨਾਲਾ ਜ਼ਿਲ੍ਹੇ ਵਿਚ ਏ.ਕੇ.-47 ਵੀ ਚਲਾਉਂਦਾ ਦਿਸੇ ਸਨ। ਇਸਦੀ ਵੀਡੀਓ ਵਾਇਰਲ ਹੋਣ ’ਤੇ ਪੰਜਾਬ ਪੁਲਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੂਸੇਵਾਲਾ ਖ਼ਿਲਾਫ਼ ਮਾਨਸਾ ਵਿਚ ਫਰਵਰੀ, 2020 ਨੂੰ ਗਾਣੇ ਦੇ ਮਾਧਿਅਮ ਨਾਲ ਭੱਦੀ ਸ਼ਬਦਾਵਲੀ ਇਸਤੇਮਾਲ ਕਰਨ ਨੂੰ ਲੈ ਕੇ ਕੇਸ ਦਰਜ ਹੋਇਆ ਸੀ। ਸੰਗਰੂਰ ਜ਼ਿਲ੍ਹੇ ਵਿਚ ਵੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਇਆ ਸੀ। 
ਨੌਜਵਾਨਾਂ ਵਿਚ ਗੰਨ ਕਲਚਰ ਨੂੰ ਲੈ ਕੇ ਮੂਸੇਵਾਲਾ ਸੀ ਹਰਮਨ ਪਿਆਰੇ
ਮੂਸੇਵਾਲਾ ਦੀ ਉਮਰ ਕਰੀਬ 29 ਸਾਲ ਸੀ ਪਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਫੈਨ ਫੋਲੋਇੰਗ ਕਾਫ਼ੀ ਸੀ। ਉਨ੍ਹਾਂ ਦੇ ਗਾਣਿਆਂ ਵਿਚ ਹਮੇਸ਼ਾ ਤੋਂ ਹੀ ਗੰਨ ਕਲਚਰ ਨੂੰ ਪ੍ਰੋਮੋਟ ਕੀਤਾ ਗਿਆ ਹੈ। ਆਪਣੇ ਗਾਣਿਆਂ ਵਿਚ ਹਥਿਆਰਾਂ ਦਾ ਜ਼ਿਕਰ ਕਰਨ ਕਾਰਨ ਮੂਸੇਵਾਲਾ ਨੌਜਵਾਨਾਂ ਵਿਚ ਕਾਫ਼ੀ ਹਰਮਨ ਪਿਆਰੇ ਸਨ। ਮੂਸੇਵਾਲਾ ਖ਼ਿਲਾਫ਼ ਚੱਲ ਰਹੇ ਕੇਸ ਵਿਚ ਇਸ ਗੱਲ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ ਕਿ ਗਾਣੇ ਜ਼ਰੀਏ ਮੂਸੇਵਾਲਾ ਬਾਰਡਰ ਸਟੇਟ (ਪੰਜਾਬ) ਦੇ ਨੌਜਵਾਨਾਂ ਨੂੰ ਹਿੰਸਾ ਅਤੇ ਦੰਗੇ-ਫਸਾਦ ਲਈ ਉਕਸਾ ਰਹੇ ਹਨ।


 


author

Babita

Content Editor

Related News