ਸਿੱਧੂ ਅਜੇ ਸਿੱਖ ਰਹੇ ਹਨ, ਗਲਤੀ ਲਈ ਬਰਤਰਫ ਨਹੀਂ ਕਰਾਂਗਾ
Sunday, Aug 26, 2018 - 07:09 AM (IST)
ਜਲੰਧਰ, (ਸ. ਹ.)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨਵੇਂ-ਨਵੇਂ ਮੰਤਰੀ ਬਣੇ ਹਨ ਅਤੇ ਉਨ੍ਹਾਂ ਨੂੰ ਸਿੱਖਣ ਵਿਚ ਅਜੇ ਸਮਾਂ ਲੱਗੇਗਾ। ਪਾਕਿਸਤਾਨ ਵਿਚ ਉਥੋਂ ਦੀ ਫੌਜ ਦੇ ਮੁਖੀ ਬਾਜਵਾ ਨੂੰ ਜੱਫੀ ਪਾਉਣ ਦੇ ਮਾਮਲੇ ਵਿਚ ਸਿੱਧੂ ਨੂੰ ਬਰਤਰਫ ਨਹੀਂ ਕਰਾਂਗਾ। ਇਕ ਅੰਗਰੇਜ਼ੀ ਨਿਊਜ਼ ਚੈਨਲ 'ਟਾਈਮਜ਼ ਨਾਓ' ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਕਿ ਮੈਂ ਵੀ ਇਕ ਫੌਜੀ ਰਿਹਾ ਹਾਂ। ਮੈਨੂੰ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਹੈ। ਨਵਜੋਤ ਸਿੰਘ ਸਿੱਧੂ ਸਿਵਲੀਅਨ ਹੋਣ ਕਾਰਨ ਗੰਭੀਰਤਾ ਨੂੰ ਨਹੀਂ ਸਮਝ ਰਹੇ। ਜੇ ਉਹ ਇਹ ਦਲੀਲ ਦੇ ਰਹੇ ਹਨ ਕਿ ਬਾਜਵਾ ਨੇ ਖੁਦ ਉਨ੍ਹਾਂ ਨੂੰ ਆ ਕੇ ਜੱਫੀ ਪਾਈ ਤਾਂ ਸਿੱਧੂ ਇਸ ਤੋਂ ਬਚ ਸਕਦੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵਿਚ ਸ਼ਾਮਲ ਸਿੱਖ ਮੰਤਰੀਆਂ ਦਾ ਪਿਛੋਕੜ ਖਾਲਿਸਤਾਨੀ ਰਿਹਾ ਹੈ। ਇਸ ਲਈ ਉਥੋਂ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਘਰ ਦੌਰੇ ਸਮੇਂ ਮੈਂ ਉਨ੍ਹਾਂ ਨਾਲ ਨਾ ਮਿਲਣ ਬਾਰੇ ਸਪੱਸ਼ਟ ਸਟੈਂਡ ਲਿਆ ਸੀ। ਅਜਿਹਾ ਹੀ ਸਟੈਂਡ ਨਵਜੋਤ ਸਿੰਘ ਸਿੱਧੂ ਵੀ ਜੱਫੀ ਦੇ ਮਾਮਲੇ ਵਿਚ ਲੈ ਸਕਦੇ ਹਨ ਪਰ ਉਨ੍ਹਾਂ ਇੰਝ ਨਹੀਂ ਕੀਤਾ। ਸਿੱਧੂ ਨੇ ਇਸ ਮਾਮਲੇ ਵਿਚ ਖੁਦ ਸਫਾਈ ਦਿੱਤੀ ਹੈ। ਇਸ ਲਈ ਇਹ ਮਾਮਲਾ ਇਥੇ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ।
ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਇਹ ਨਵਾਂ ਮਾਮਲਾ ਨਹੀਂ ਹੈ। ਨਾ ਹੀ ਇਸ ਨੂੰ ਪਹਿਲੀ ਵਾਰ ਉਠਾਇਆ ਗਿਆ ਹੈ। ਮੈਂ 2002 ਤੋਂ 2007 ਤਕ ਮੁੱਖ ਮੰਤਰੀ ਰਿਹਾ ਸੀ। ਉਸ ਦੌਰਾਨ ਕਈ ਵਾਰ ਇਹ ਮਾਮਲਾ ਉਠਾਇਆ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਵੀ ਮੇਰੀ ਗੱਲਬਾਤ ਹੋਈ ਸੀ। ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਈ ਵਾਰ ਇਸ ਸਬੰਧੀ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ ਪਰ ਇਹ ਮਾਮਲਾ ਅਜੇ ਤਕ ਹੱਲ ਨਹੀਂ ਹੋ ਸਕਿਆ। ਨਵਜੋਤ ਸਿੰਘ ਸਿੱਧੂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੋਪਾਸੜ ਸਬੰਧਾਂ ਨੂੰ ਲੈ ਕੇ ਕੇਂਦਰ ਸਰਕਾਰ ਹੀ ਪਾਕਿਸਤਾਨ ਨਾਲ ਗੱਲਬਾਤ ਕਰ ਸਕਦੀ ਹੈ। ਮੈਂ ਵੀ ਮੁੱਖ ਮੰਤਰੀ ਵਜੋਂ ਪਾਕਿਸਤਾਨ ਗਿਆ ਸੀ ਪਰ ਮੈਂ ਆਪਣੇ ਦਾਇਰੇ ਵਿਚ ਰਹਿ ਕੇ ਹੀ ਗੱਲਬਾਤ ਕੀਤੀ ਸੀ। ਉਦੋਂ ਵੀ ਦੋਪਾਸੜ ਸਬੰਧਾਂ ਲਈ ਕੇਂਦਰ ਨਾਲ ਹੀ ਗੱਲਬਾਤ ਕੀਤੀ ਗਈ ਸੀ। ਹੁਣ ਵੀ ਮੈਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਥੋਂ ਤਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈ, ਮੈਨੂੰ ਉਨ੍ਹਾਂ 'ਤੇ ਕੋਈ ਇਤਰਾਜ਼ ਨਹੀਂ ਪਰ ਪਾਕਿ ਦੇ ਫੌਜ ਮੁਖੀ ਬਾਜਵਾ ਨੂੰ ਪਾਈ ਜੱਫੀ 'ਤੇ ਇਤਰਾਜ਼ ਸੀ ਅਤੇ ਉਸ ਸਬੰਧੀ ਮੈਂ ਖੁਲ੍ਹ ਕੇ ਇਤਰਾਜ਼ ਪ੍ਰਗਟ ਕੀਤਾ ਸੀ।
