ਸਿੱਧੂ ਦੇ ਸਿਆਸੀ ਤੀਰ - ਰਾਹੁਲ 2019 ਲਈ ਬਦਲ, ਸੁਖਬੀਰ ਦੇ ਪੱਲੇ ਨਹੀਂ ਕੌਡੀ, ਨਾਂ ਕਰੋੜੀ ਮੱਲ

Wednesday, Dec 20, 2017 - 06:40 AM (IST)

ਸਿੱਧੂ ਦੇ ਸਿਆਸੀ ਤੀਰ - ਰਾਹੁਲ 2019 ਲਈ ਬਦਲ, ਸੁਖਬੀਰ ਦੇ ਪੱਲੇ ਨਹੀਂ ਕੌਡੀ, ਨਾਂ ਕਰੋੜੀ ਮੱਲ

ਜਲੰਧਰ - ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੰਪਰ ਜਿੱਤ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਜਨਤਾ ਕੋਲੋਂ ਮਿਲੇ ਭਾਰੀ ਸਮਰਥਨ ਤੋਂ ਬਾਅਦ ਬਹੁਤ ਖੁਸ਼ ਹਨ ਪਰ ਉਨ੍ਹਾਂ ਨੂੰ ਹੁਣ ਆਪਣੀ ਵਧੀ ਹੋਈ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਸਾਰੇ ਵਿਭਾਗਾਂ ਵਿਚ ਆਉਣ ਵਾਲੇ 6 ਮਹੀਨਿਆਂ 'ਚ ਤਸਵੀਰ ਬਦਲਣ ਦੀ ਕੋਸ਼ਿਸ਼ ਕਰਨਗੇ। ਸਿੱਧੂ ਨੇ ਨਾਲ ਹੀ ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਨਵਜੋਤ ਸਿੰਘ ਸਿੱਧੂ ਨਾਲ ਹੋਈ ਇੰਟਰਵਿਊ ਦਾ ਪੂਰਾ ਬਿਊਰਾ :
ਸਵਾਲ : ਬਿਨਾਂ ਬਜਟ ਦੇ ਵਧੀ ਜ਼ਿੰਮੇਦਾਰੀ ਨੂੰ ਤੁਸੀਂ ਕਿਵੇਂ ਪੂਰਾ ਕਰੋਗੇ?
ਜਵਾਬ : ਬਜਟ ਹੈ, ਪੂਰਾ ਬਜਟ ਹੈ। ਸ਼ਹਿਰੀ ਲੋਕਾਂ ਨੇ ਸਾਡੇ ਉੱਪਰ ਭਰੋਸਾ ਦਿਖਾਇਆ ਹੈ। ਪੰਜਾਬ ਦੀ ਅੱਧੀ ਆਬਾਦੀ ਸ਼ਹਿਰਾਂ 'ਚ ਵੱਸਦੀ ਹੈ, ਇਹ ਆਬਾਦੀ ਸਾਡਾ ਇੰਜਣ ਹੈ। ਅਸੀਂ ਸ਼ਹਿਰਾਂ 'ਚ ਸੀਵਰੇਜ, ਪਾਣੀ, ਸਟ੍ਰੀਟ ਲਾਈਟ, ਸਫਾਈ ਵਰਗੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਵਾਂਗੇ ਕਿਉਂਕਿ ਲੋਕ ਅੱਜ ਵੀ ਇਨ੍ਹਾਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਅਤੇ ਸਰਕਾਰ 'ਚ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਜੀਣ ਲਈ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ। ਮੈਂ ਸੀਵਰੇਜ ਦੀ ਟ੍ਰੀਟਮੈਂਟ ਲਈ ਇਕ ਸ਼ਾਰਟ ਟਰਮ ਪਾਲਿਸੀ ਲੈ ਕੇ ਆ ਰਿਹਾ ਹਾਂ ਜਦਕਿ ਇਕ ਪਾਲਿਸੀ ਲੰਬੇ ਸਮੇਂ ਲਈ ਵੀ ਲਿਆਂਦੀ ਜਾ ਰਹੀ ਹੈ। ਜਨਤਾ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਸਾਡੀ ਜ਼ਿੰਮੇਦਾਰੀ ਹੈ। ਸ਼ੁਰੂਆਤੀ ਦੌਰ 'ਚ ਸੀਵਰੇਜ ਟ੍ਰੀਟਮੈਂਟ ਪਲਾਂਟ ਚਾਲੂ ਕਰਵਾਏ  ਜਾਣਗੇ ਅਤੇ ਅਗਲੇ ਦੌਰ 'ਚ ਪੰਜਾਬ ਦੇ ਲੋਕਾਂ ਨੂੰ ਨਹਿਰਾਂ ਦਾ ਮਿੱਠਾ ਪਾਣੀ ਪੀਣ ਲਈ ਮਿਲੇਗਾ ਕਿਉਂਕਿ ਮੌਜੂਦਾ ਦੌਰ 'ਚ ਟਿਊਬਵੈੱਲ ਰਾਹੀਂ ਜੋ ਪਾਣੀ ਘਰਾਂ 'ਚ ਪਹੁੰਚ ਰਿਹਾ ਹੈ, ਉਹ 40 ਫੁੱਟ ਦੀ ਡੂੰਘਾਈ ਤੋਂ ਚੁੱਕਿਆ ਜਾ ਰਿਹਾ ਹੈ, ਜਿਸ ਵਿਚ ਕਈ ਤਰ੍ਹਾਂ ਦੇ ਰਸਾਇਣ ਮਿਲੇ ਹੋਏ ਹਨ, ਜੋ ਕੈਂਸਰ ਦਾ ਕਾਰਨ ਬਣ ਰਹੇ ਹਨ।
ਸਵਾਲ : ਕੀ ਸਰਕਾਰ ਇਨ੍ਹਾਂ ਪ੍ਰਾਜੈਕਟਾਂ ਲਈ ਪੂਰਾ ਪੈਸਾ ਦੇ ਸਕੇਗੀ?
ਜਵਾਬ : ਸਾਨੂੰ ਮਾਲੀਏ ਦੇ ਆਪਣੇ ਸਾਧਨ ਵੀ ਪੈਦਾ ਕਰਨੇ ਪੈਣਗੇ। ਪਹਿਲਾਂ ਅਸੀਂ ਜਨਤਾ ਨੂੰ ਸਹੂਲਤਾਂ ਦੇਵਾਂਗੇ ਤੇ ਉਸ ਤੋਂ ਬਾਅਦ ਮਨੋਰੰਜਨ ਟੈਕਸ ਤੇ ਹੋਰ ਤਰ੍ਹਾਂ ਦੇ ਟੈਕਸਾਂ ਦੀ ਵਸੂਲੀ ਕਰਕੇ ਜਨਤਾ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਪੰਜਾਬ 'ਚ ਕਈ ਸਥਾਨਾਂ 'ਤੇ ਨਿਗਮਾਂ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਹਨ, ਜੋ ਅਸੀਂ ਛੁੱਡਵਾਵਾਂਗੇ। ਕੁਝ ਲੋਕਾਂ ਨੇ 10 ਰੁਪਏ ਦੀ ਲੀਜ਼ 'ਤੇ ਜ਼ਮੀਨ ਲਈ ਹੋਈ ਹੈ, ਉਹ ਜ਼ਮੀਨਾਂ ਲੈ ਕੇ ਉਨ੍ਹਾਂ ਨੂੰ ਕਮਾਈ ਦਾ ਸਾਧਨ ਬਣਾਇਆ ਜਾਵੇਗਾ। ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਬਿੱਲ ਲੰਬੇ ਸਮੇਂ ਤੋਂ ਬਕਾਇਆ ਹਨ। ਨਗਰ ਨਿਗਮ ਦੇ ਇੰਸਪੈਕਟਰ ਲੋਕਾਂ ਦੇ ਘਰਾਂ 'ਚ ਜਾਂਦੇ ਹਨ ਅਤੇ 50 ਹਜ਼ਾਰ ਰੁਪਏ ਦੇ ਬਿੱਲ ਦੇ ਬਦਲੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਆ ਜਾਂਦੇ ਹਨ ਪਰ ਬਿਲ ਪੈਂਡਿੰਗ ਹੀ ਰਹਿ ਜਾਂਦਾ ਹੈ। ਅਸੀਂ ਬਿੱਲਾਂ ਦੀ ਵਸੂਲੀ ਕਰਾਵਾਂਗੇ। ਈ-ਗਵਰਨੈਂਸ ਦੇ ਰਾਹੀਂ ਸੇਵਾਵਾਂ ਦੇ ਕੇ ਜਨਤਾ ਕੋਲੋਂ ਫੀਸ ਲਈ ਜਾਵੇਗੀ, ਜਿਸ ਨਾਲ ਮਾਲੀਏ 'ਚ ਵਾਧਾ ਹੋਵੇਗਾ। ਮੈਂ ਇਕ ਸਾਲ 'ਚ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਦਸ਼ਾ ਬਦਲਣ, ਸਫਾਈ ਕਰਨ ਅਤੇ ਸਾਲਿਡ ਵੇਸਟ ਮੈਨੇਜਮੈਂਟ ਦਾ ਕੰਮ ਠੀਕ ਕਰਨ ਦਾ ਟੀਚਾ ਮਿੱਥਿਆ ਹੈ। ਸਰਕਾਰ ਕੋਲੋਂ ਸੂਬੇ ਦੇ ਸ਼ਹਿਰਾਂ 'ਚ ਸੀਵਰੇਜ ਪੁਵਾਉਣ ਲਈ 1500 ਕਰੋੜ ਰੁਪਏ ਮਨਜ਼ੂਰ ਕਰਵਾਏ ਗਏ ਹਨ। ਪਿਛਲੀ ਸਰਕਾਰ ਨੇ ਪੰਜਾਬ 'ਚ 8 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟਸ (ਐੱਸ.ਟੀ.ਪੀ.) ਬਣਵਾਏ। ਅਜਿਹੇ 64 ਐੱਸ.ਟੀ.ਪੀ. ਬਣਾਏ ਗਏ ਪਰ ਇਨ੍ਹਾਂ 'ਚੋਂ ਕੰਮ ਇਕ ਵੀ ਨਹੀਂ ਕਰ ਰਿਹਾ। ਮੈਂ ਇਸ 'ਤੇ ਪਿਛਲੇ 6 ਮਹੀਨਿਆਂ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ ਅਤੇ 13 ਐੱਸ.ਟੀ.ਪੀ. ਕੰਮ ਕਰਨ ਲੱਗੇ ਹਨ। ਮੈਂ 6 ਮਹੀਨਿਆਂ ਤੋਂ 30 ਤੋਂ 40 ਐੱਸ. ਟੀ. ਪੀ. ਨੂੰ ਚਾਲੂ ਕਰਨ ਦੀ ਸਥਿਤੀ 'ਚ ਲੈ ਆਵਾਂਗਾ ਅਤੇ ਸਾਰੇ ਐੱਸ. ਟੀ. ਪੀ. ਠੀਕ ਕਰਨ ਤੋਂ ਬਾਅਦ ਹੀ ਨਵੇਂ ਐੱਸ. ਟੀ. ਪੀ. ਲਵਾਉਣ ਵੱਲ ਕਦਮ ਵਧਾਵਾਂਗਾ।
ਸਵਾਲ : ਗੁਜਰਾਤ ਅਤੇ ਹਿਮਾਚਲ ਵਿਚ  ਕਾਂਗਰਸ ਦੀ ਹਾਰ ਨੂੰ ਤੁਸੀਂ ਕਿਸ ਰੂਪ ਵਿਚ ਦੇਖਦੇ ਹੋ?
ਜਵਾਬ : ਇਹ ਹਾਰ ਜਿੱਤ ਨਾਲੋਂ ਵੱਡੀ ਜਿੱਤ ਹੈ। ਕਾਂਗਰਸ ਅਤੇ ਉਸਦੇ ਸਹਿਯੋਗੀਆਂ ਨੂੰ ਉਸ ਸੂਬੇ ਵਿਚ 80 ਸੀਟਾਂ ਮਿਲੀਆਂ ਹਨ, ਜਿਥੇ ਭਾਜਪਾ ਨੂੰ ਟੱਕਰ ਦੇਣ ਬਾਰੇ  ਕੋਈ ਸੋਚ ਵੀ ਨਹੀਂ ਸਕਦਾ। ਰਾਹੁਲ ਗਾਂਧੀ ਦਾ ਸਿਆਸੀ ਕੈਰੀਅਰ ਇਸ ਸਮੇਂ ਚੜ੍ਹਾਈ ਵਲ ਹੈ ਅਤੇ ਲੋਕ ਉਸਨੂੰ ਸੁਣ ਰਹੇ ਹਨ। ਪਾਰਟੀ ਦੀ ਔਖੀ ਘੜੀ ਵਿਚ ਰਾਹੁਲ ਇਕ ਜਰਨੈਲ ਵਾਂਗ ਸੀਨਾ ਤਾਨ ਕੇ ਖੜ੍ਹੇ ਹੋ ਗਏ ਹਨ ਅਤੇ ਉਨ੍ਹਾਂ ਦੀ ਅਗਵਾਈ ਲਗਾਤਾਰ ਨਿਖਰ ਰਹੀ ਹੈ। ਪ੍ਰਧਾਨ ਬਣਨ  ਮਗਰੋਂ ਉਨ੍ਹਾਂ ਵਿਚ ਕਾਫੀ ਵੱਡੀਆਂ ਤਬਦੀਲੀਆਂ ਆਈਆਂ ਹਨ।
ਸਵਾਲ : ਕੀ ਸਹਿਯੋਗੀ ਪਾਰਟੀਆਂ ਵਿਚ ਰਾਹੁਲ ਪ੍ਰਵਾਨ ਹੋਣਗੇ?
ਜਵਾਬ : ਦੇਸ਼ ਦੇ ਸਿਆਸੀ ਝਰੋਖੇ ਵਿਚ ਹੁਣ ਤੱਕ ਬਦਲ ਦੀ ਘਾਟ ਮਹਿਸੂਸ ਹੋ ਰਹੀ ਸੀ ਪਰ ਰਾਹੁਲ ਦੇ ਰੂਪ ਵਿਚ ਹੁਣ ਇਕ ਸਿਆਸੀ ਬਦਲ ਮਿਲ ਗਿਆ ਹੈ। ਉਹ ਇਕ ਅਜਿਹਾ ਕਿਰਦਾਰ ਜੋ ਆਪਣੇ ਸਿਆਸੀ ਵਿਰੋਧੀਆਂ ਦਾ ਸਨਮਾਨ ਕਰਨਾ ਜਾਣਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਸਿਆਸੀ ਪ੍ਰਪੱਕਤਾ ਦਿਖਾਈ ਅਤੇ ਇਸ ਨਾਲ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਸੰਦੇਸ਼ ਗਿਆ ਹੈ। ਉਹ ਤੋੜਨ ਵਾਲੇ ਆਗੂ ਨਹੀਂ, ਸਗੋਂ ਜੋੜਨ ਵਾਲੇ ਆਗੂ ਅਤੇ ਅੱਗ ਲਗਾਉਣ ਦੀ ਬਜਾਏ ਬੁਝਾਉਣ ਵਾਲੇ ਯੂਥ ਆਗੂ ਹਨ। ਨੌਜਵਾਨ ਉਨ੍ਹਾਂ ਨੂੰ ਪ੍ਰਵਾਨ ਕਰ ਰਹੇ ਹਨ ਅਤੇ ਆਉਣ ਵਾਲਾ ਉਨ੍ਹਾਂ ਲਈ ਸੁਨਹਿਰਾ ਸਮਾਂ ਹੋਣ ਵਾਲਾ ਹੈ।
ਸਵਾਲ : ਸੁਖਬੀਰ ਬਾਦਲ ਦਾ ਦੋਸ਼ ਹੈ ਕਿ ਨਿਗਮ ਚੋਣਾਂ ਵਿਚ ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ, ਤੁਸੀਂ ਕੀ ਕਹੋਗੇ?
ਜਵਾਬ : 2012 ਵਿਚ ਨਗਰ ਨਿਗਮ ਚੋਣਾਂ ਦੌਰਾਨ ਅਕਾਲੀ ਦਲ ਨੇ 18 ਕੌਂਸਲਰਾਂ ਨੂੰ ਕੁੱਟਿਆ ਸੀ ਅਤੇ ਅਕਾਲੀ ਦਲ ਦੇ 'ਧੱਕੇਸ਼ਾਹਾਂ' ਨੇ ਧੱਕੇ ਨਾਲ ਕੌਂਸਲਰਾਂ ਨੂੰ ਪਾਰਟੀ ਵਿਚ ਸ਼ਾਮਲ  ਕਰਵਾਇਆ, ਉਸ ਵੇਲੇ ਇਨ੍ਹਾਂ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਈ। ਸਰਕਾਰ ਅਤੇ ਸੱਤਾ ਵਿਚ ਹੋਣ ਦਾ ਹੰਕਾਰ ਅਜਿਹਾ ਸਵਾਰ ਸੀ ਕਿ ਜਿੱਤੇ ਵਿਅਕਤੀਆਂ ਨੂੰ ਇਨ੍ਹਾਂ ਲੋਕਾਂ ਨੇ ਹਾਰ ਦੇ ਸਰਟੀਫਿਕੇਟ ਦਿੱਤੇ ਪਰ ਮੈਂ ਇਸ ਵਾਰ ਕਿਹਾ ਕਿ ਅੰਮ੍ਰਿਤਸਰ ਵਿਚ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀਆਂ ਚਾਹੀਦੀਆਂ ਹਨ। ਸੁਖਬੀਰ ਬਾਦਲ ਦੇ ਪੱਲੇ ਫੁੱਟੀ ਕੋਡੀ ਨਹੀਂ ਅਤੇ ਨਾਂ ਉਸਦਾ ਕਰੋੜੀ ਮੱਲ ਹੈ।
ਸਵਾਲ : ਸੁਖਬੀਰ ਦੇ ਧਰਨਿਆਂ  ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਜੇਕਰ ਤੁਸੀਂ ਕੋਈ ਰੋਸ ਵਿਖਾਵਾ ਕਰਨਾ ਹੈ ਤਾਂ ਤੁਸੀਂ ਲੋਕਾਂ ਨੂੰ ਤੰਗ ਕਿਉਂ ਕਰਦੇ ਹੋ? ਜਾਪਾਨ ਵਿਚ ਜੇਕਰ ਕਿਸੇ ਨੇ ਵਿਰੋਧ ਦਰਜ ਕਰਵਾਉਣਾ ਹੁੰਦਾ ਹੈ ਤਾਂ ਕੰਪਨੀ ਵਿਚ ਇਕ ਹੀ ਪੈਰ ਦੀ ਜੁੱਤੀ ਬਣਾਉਂਦੇ ਹਨ ਪਰ ਉਹ ਨਾ ਤਾਂ ਆਪਣਾ ਕੰਮ ਰੋਕਦੇ ਹਨ ਅਤੇ ਨਾ ਹੀ ਆਮ ਲੋਕਾਂ ਦਾ। ਪੰਜਾਬ ਵਿਚ ਧਰਨੇ-ਵਿਖਾਵੇ ਕਰਕੇ ਅਕਾਲੀ ਦਲ ਨੇ ਲੋਕਾਂ ਨੂੰ ਤੰਗ ਕੀਤਾ।
ਸਵਾਲ : ਸੁਖਬੀਰ ਦਾ ਕਹਿਣਾ ਹੈ ਕਿ ਸਰਕਾਰ ਧਰਨਿਆਂ ਅੱਗੇ ਝੁਕ ਗਈ, ਤੁਸੀਂ ਕੀ ਕਹੋਗੇ?
ਜਵਾਬ : ਸਰਕਾਰ ਨੇ ਪੁਲਸ ਨੂੰ ਚਿਤਾਵਨੀ ਜਾਰੀ ਕਰਕੇ ਕਿਹਾ ਕਿ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਅਤੇ ਅਫਸਰਾਂ ਨੇ ਸਰਕਾਰ ਦੀ ਇਸ ਚਿਤਾਵਨੀ ਨੂੰ ਸਮਝ ਵੀ ਲਿਆ ਸੀ।
ਸਵਾਲ : ਨਿਗਮ ਚੋਣਾਂ 'ਚ ਮਿਲੀ ਬੰਪਰ ਜਿੱਤ ਦਾ ਕਾਰਨ ਕੀ ਰਿਹਾ ਹੈ?
ਜਵਾਬ : ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦੀ ਜਨਤਾ ਸਮਝਦਾਰ ਹੈ। ਜਨਤਾ ਨੂੰ ਪਤਾ ਹੈ ਕਿ ਜੇਕਰ ਪੰਜਾਬ 'ਚ ਸਰਕਾਰ ਕਾਂਗਰਸ ਦੀ ਹੈ ਤਾਂ ਸ਼ਹਿਰਾਂ 'ਚ ਮੇਅਰ ਵਿਰੋਧੀ ਪਾਰਟੀ ਦੇ ਬਣਵਾ ਦਿੱਤੇ ਗਏ ਤਾਂ ਦੋਵਾਂ 'ਚ ਤਾਲਮੇਲ ਨਹੀਂ ਬੈਠੇਗਾ। ਅਸੀਂ ਉਤੋਂ  ਫੰਡ ਭੇਜਦੇ ਰਹਾਂਗੇ ਅਤੇ ਹੇਠਾਂ ਮੇਅਰ ਇਨ੍ਹਾਂ ਫੰਡਾਂ ਦਾ ਗਬਨ ਕਰਦੇ ਰਹਿਣਗੇ, ਜਿਸ ਨਾਲ ਵਿਕਾਸ ਦਾ ਚੱਕਰ ਰੁਕ ਜਾਵੇਗਾ। ਲਿਹਾਜਾ ਪੰਜਾਬ ਦੀ ਜਨਤਾ ਨੇ ਸਮਝਦਾਰੀ ਦਿਖਾਉਂਦੇ ਹੋਏ ਸੱਤਾ ਦੇ ਇਸ ਚੱਕਰ ਨੂੰ ਪੂਰਾ ਕੀਤਾ ਹੈ ਅਤੇ ਸੂਬੇ 'ਚ ਸਰਕਾਰ ਬਣਾਉਣ ਦੇ ਨਾਲ ਸਥਾਨਕ ਪੱਧਰ 'ਤੇ ਵੀ ਕਾਂਗਰਸ ਦੀ ਸਰਕਾਰ ਬਣਵਾਈ ਹੈ। ਜਿਸ ਲਈ ਮੈਂ ਜਨਤਾ ਦਾ ਧੰਨਵਾਦੀ ਹਾਂ ਅਤੇ ਜਨਤਾ ਨੂੰ ਭਰੋਸਾ ਦਿੰਦਾ ਹਾਂ ਕਿ ਜਿਸ ਭਰੋਸੇ ਨਾਲ ਉਸ ਨੇ ਕਾਂਗਰਸ ਨੂੰ ਇਹ ਮੌਕਾ ਦਿੱਤਾ ਹੈ, ਉਸ ਭਰੋਸੇ 'ਤੇ ਖਰਾ ਉੱਤਰਣ 'ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਜਨਤਾ ਨੇ ਸਾਨੂੰ ਸਫਲ ਬਣਾ ਕੇ ਗੇਂਦ ਹੁਣ ਸਾਡੇ ਪਾਲੇ 'ਚ ਪਾ ਦਿੱਤੀ ਹੈ।
ਸਵਾਲ : ਪੰਜਾਬ 'ਚ ਫਾਇਰ ਬ੍ਰਿਗੇਡ ਦੀ ਸਥਿਤੀ ਖਰਾਬ ਹੈ, ਉਸ 'ਤੇ ਕੀ ਹੋ ਰਿਹਾ ਹੈ?
ਜਵਾਬ : ਪਿਛਲੀ ਸਰਕਾਰ ਨੂੰ ਡਿਜਾਸਟਰ ਮੈਨੇਜਮੈਂਟ ਲਈ 100 ਕਰੋੜ ਰੁਪਏ ਦਾ ਬਜਟ ਮਿਲਿਆ ਸੀ ਪਰ 10 ਸਾਲ 'ਚ ਸਿਰਫ 17 ਕਰੋੜ ਰੁਪਏ ਖਰਚ ਕੀਤੇ ਗਏ। ਸਰਕਾਰ 'ਚ ਸਿਆਸੀ ਇੱਛਾ ਸ਼ਕਤੀ ਦੀ ਘੱਟ ਸੀ, ਜਿਸ ਕਾਰਨ ਪ੍ਰਾਜੈਕਟ ਬਣ ਨਹੀਂ ਸਕੇ ਅਤੇ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਸੰਕਟ 'ਚ ਪਾਇਆ ਗਿਆ। ਹੁਣ ਮੈਂ 250 ਕਰੋੜ ਰੁਪਏ ਦਾ ਪ੍ਰਾਜੈਕਟ ਡਿਜਾਸਟਰ ਮੈਨੇਜਮੈਂਟ ਲਈ ਅਪਲਾਈ ਕੀਤਾ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਅੱਗ ਬੁਝਾਉਣ ਲਈ ਹਾਈਡ੍ਰੋਲਿਕ ਪੌੜੀ ਵਾਲੀਆਂ ਗੱਡੀਆਂ ਲਿਆ ਰਹੇ ਹਾਂ। ਫਾਇਰ ਬ੍ਰਿਗੇਡ ਕਰਮਚਾਰੀਆਂ ਕੋਲ ਫਾਇਰ ਸੂਟ ਨਹੀਂ ਹਨ। ਅਸੀਂ ਉਹ ਸੂਟ ਮੁਹੱਈਆ ਕਰਵਾਵਾਂਗੇ। ਇਸ ਤੋਂ ਇਲਾਵਾ ਪੰਜਾਬ 'ਚ ਫਾਇਰ ਪ੍ਰੀਵੈਂਸ਼ਨ ਐਕਟ ਲਿਆਂਦਾ ਜਾ ਰਿਹਾ ਹੈ, ਜਿਸ ਦੇ ਤਹਿਤ ਸੂਬੇ 'ਚ ਕਿਸੇ ਵੀ ਇਮਾਰਤ ਨੂੰ ਉਦੋਂ ਤੱਕ ਮਨਜ਼ੂਰੀ ਨਹੀਂ ਮਿਲੇਗੀ, ਜਦੋਂ ਤੱਕ ਉਸ 'ਚ ਅੱਗ ਬੁਝਾਉਣ ਦੇ ਪੂਰੇ ਪ੍ਰਬੰਧ ਨਹੀਂ ਹੋਣਗੇ।
ਸਵਾਲ : ਤੁਹਾਡੇ ਵਿਭਾਗ 'ਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਉਸ ਨੂੰ ਕਿਵੇਂ ਦੂਰ ਕਰੋਗੇ?
ਜਵਾਬ : ਅਪਰਾਧੀ ਨੂੰ ਅਪਰਾਧ ਦਾ ਡਰ ਹੋਣਾ ਚਾਹੀਦਾ ਹੈ। ਉਹ ਅਪਰਾਧ ਕਰਨਾ ਆਪਣੇ ਆਪ ਹੀ ਛੱਡ ਦਿੰਦਾ ਹੈ। ਤੁਸੀਂ ਦੁਬਈ ਚਲੇ ਜਾਓ, ਉਥੇ ਚੋਰੀ ਕਰਨ 'ਤੇ ਹੱਥ ਕੱਟ ਦਿੱਤਾ ਜਾਂਦਾ ਹੈ ਅਤੇ ਨਸ਼ਾ ਵੇਚਣ 'ਤੇ ਤੁਹਾਨੂੰ ਸ਼ਰੇਆਮ ਸਜ਼ਾ ਦਿੱਤੀ ਜਾਂਦੀ ਹੈ। ਮੈਂ ਆਪਣੇ ਵਿਭਾਗ 'ਚ ਸਖਤੀ ਕੀਤੀ ਹੈ ਅਤੇ ਕੁਝ ਅਫਸਰਾਂ ਨੂੰ ਸਸਪੈਂਡ ਵੀ ਕੀਤਾ ਹੈ। ਮੈਂ ਚੰਗਾ ਕੰਮ ਕਰਨ ਵਾਲੇ ਅਫਸਰਾਂ ਨੂੰ ਉਤਸ਼ਾਹਿਤ ਕਰ ਰਿਹਾ ਹਾਂ ਤਾਂ ਕਿ ਵਿਵਸਥਾ 'ਚ ਪਾਰਦਰਸ਼ਿਤਾ ਆ ਸਕੇ। ਅਸੀਂ ਇਸੇ ਤਰੀਕੇ ਨਾਲ ਸਿਸਟਮ ਦੀ ਸਫਾਈ ਕਰ ਸਕਦੇ ਹਾਂ। ਮੈਂ ਭ੍ਰਿਸ਼ਟ ਅਫਸਰਾਂ ਅਤੇ ਨੇਤਾਵਾਂ ਦਾ ਨੈਕਸਸ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਦੇ ਤਹਿਤ ਨਵਾਂਸ਼ਹਿਰ ਤੇ ਜ਼ੀਰਕਪੁਰ 'ਚ ਅਫਸਰਾਂ ਦੇ ਤਬਾਦਲੇ ਕੀਤੇ ਗਏ। ਅਸੀਂ ਇਹ ਪਾਰਦਰਸ਼ਿਤਾ ਸਿਰਫ ਅਫਸਰਾਂ ਦੇ ਪੱਧਰ 'ਤੇ ਹੀ ਨਹੀਂ ਲਿਆ ਰਹੇ ਬਲਕਿ ਮੰਤਰੀਆਂ ਅਤੇ ਨੇਵਾਵਾਂ ਨੂੰ ਵੀ ਪਾਰਦਰਸ਼ਿਤਾ ਵੱਲ ਲੈ ਕੇ ਜਾ ਰਹੇ ਹਾਂ। ਮੁਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਕ ਵਿਦੇਸ਼ੀ ਕੰਪਨੀ ਨੂੰ ਚਾਰ ਨਗਰ ਨਿਗਮਾਂ ਅਤੇ 4 ਇੰਪਰੂਵਮੈਂਟ  ਟਰੱਸਟਾਂ ਦੇ ਆਡਿਟ ਦਾ ਠੇਕਾ ਦਿੱਤਾ ਹੈ। ਪਿਛਲੇ 10 ਸਾਲਾਂ 'ਚ ਇਨ੍ਹਾਂ ਦਾ ਆਡਿਟ ਨਹੀਂ ਹੋਇਆ ਸੀ, ਲਿਹਾਜਾ ਜਨਤਾ ਨੂੰ ਪਤਾ ਹੀ ਨਹੀਂ ਕਿ  ਕਿੰਨੇ ਪੈਸੇ ਆ ਰਹੇ ਹਨ ਅਤੇ ਕਿੰਨੇ ਖਰਚ ਹੋ ਰਹੇ ਹਨ। ਅਸੀਂ ਇਸ ਕੰਪਨੀ ਦੀ ਆਡਿਟ ਰਿਪੋਰਟ ਜਨਤਾ ਦੇ ਸਾਹਮਣੇ ਰੱਖਾਂਗੇ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਸਰਕਾਰ ਨੂੰ ਕਿੰਨਾ ਮਾਲੀਆ ਹਾਸਲ ਹੋ ਰਿਹਾ ਹੈ ਅਤੇ ਉਹ ਕਿੰਨਾ ਪੈਸਾ ਕਿਸ ਮਦ 'ਚ ਖਰਚ ਰਹੀ ਹੈ।
ਸਵਾਲ : ਵਿਕਾਸ ਲਈ ਯੋਜਨਾਵਾਂ ਭਵਿੱਖ ਨੂੰ ਦੇਖ ਕੇ ਕਿਉਂ ਨਹੀਂ ਬਣਦੀਆਂ?
ਜਵਾਬ : ਜੋ ਸੜਕਾਂ ਪਹਿਲਾਂ ਹੀ ਬਣ ਚੁੱਕੀਆਂ ਹਨ, ਉਨ੍ਹਾਂ 'ਚ ਸੁਧਾਰ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਹਿਰਾਂ 'ਚ ਸਟਾਰਮ ਸੀਵਰੇਜ ਜ਼ਰੀਏ ਸਫਾਈ ਹੋਵੇ ਤਾਂ ਕਿ ਸੀਵਰੇਜ ਦਾ ਪਾਣੀ ਸੜਕਾਂ 'ਤੇ ਨਾ ਆਵੇ ਅਤੇ ਉਸ ਨਾਲ ਸੜਕਾਂ ਨਾ ਟੁੱਟਣ। ਵਿਦੇਸ਼ਾਂ 'ਚ ਸੀਵਰੇਜ ਜਾਂ ਮੀਂਹ ਦਾ ਪਾਣੀ ਸੜਕਾਂ 'ਤੇ ਇਕੱਠਾ ਨਹੀਂ ਹੁੰਦਾ, ਲਿਹਾਜ਼ਾ ਸੜਕਾਂ ਲੰਬੇ ਸਮੇਂ ਤਕ ਕਾਇਮ ਰਹਿੰਦੀਆਂ ਹਨ ਪਰ ਪੰਜਾਬ 'ਚ ਅਜਿਹਾ ਨਹੀਂ ਹੁੰਦਾ। ਪੰਜਾਬ 'ਚ ਬਰਸਾਤੀ ਨਾਲੇ ਗੰਦਗੀ ਕਾਰਨ ਬੰਦ ਹੋ ਗਏ ਹਨ। ਅਸੀਂ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੂਬੇ 'ਚ ਬੰਦ ਪਏ 90 ਫੀਸਦੀ ਸੀਵਰੇਜ ਨੂੰ ਸਾਫ ਕਰਨ ਦਾ ਕੰਮ ਕਰ ਰਹੇ ਹਾਂ। ਸਾਨੂੰ ਸਟਾਰਮ ਸੀਵਰੇਜ ਲਈ 10-15 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ।
ਸਵਾਲ : ਅੰਮ੍ਰਿਤਸਰ, ਜਲੰਧਰ ਸ਼ਹਿਰਾਂ ਵਿਚ ਪਬਲਿਕ ਟਰਾਂਸਪੋਰਟ ਦੀ ਸਖ਼ਤ ਲੋੜ ਹੈ। ਸਰਕਾਰ ਕੀ ਕਰ ਰਹੀ ਹੈ?
ਜਵਾਬ : ਅੰਮ੍ਰਿਤਸਰ ਵਿਚ ਪਿਛਲੀ ਸਰਕਾਰ ਨੇ ਬਿਨਾਂ ਮੁੱਢਲੇ ਢਾਂਚੇ ਨੂੰ ਤਿਆਰ ਕੀਤੇ ਬੀ. ਆਰ. ਟੀ. ਐੱਸ. ਪ੍ਰਾਜੈਕਟ ਨੂੰ ਲਾਗੂ ਕਰ ਲਿਆ ਪਰ ਇਹ ਪ੍ਰਾਜੈਕਟ ਫੇਲ ਹੋ ਗਿਆ ਕਿਉਂਕਿ ਬੱਸ ਲਈ ਲੋਕਾਂ ਨੂੰ ਅੱਧਾ-ਅੱਧਾ ਘੰਟਾ ਉਡੀਕ ਕਰਨੀ ਪੈਂਦੀ ਹੈ। ਇਹ ਉਡੀਕ ਉਦੋਂ ਖਤਮ ਹੋਵੇਗੀ, ਜਦੋਂ ਉਥੇ 7 ਸੜਕਾਂ ਇਕੱਠੀਆਂ ਬਣਨਗੀਆਂ ਅਤੇ ਇਨ੍ਹਾਂ 'ਤੇ ਇਕੱਠੀਆਂ ਬੱਸਾਂ ਚੱਲਣਗੀਆਂ। ਲੋਕਾਂ ਨੂੰ 2 ਜਾਂ 3 ਮਿੰਟ ਤੋਂ ਜ਼ਿਆਦਾ ਬੱਸ ਦੀ ਉਡੀਕ ਨਹੀਂ ਕਰਨੀ ਪਵੇਗੀ ਪਰ ਚੋਣਾਂ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਨੇ ਇਸ ਨੂੰ ਪ੍ਰੀਮੈਚਿਓਰ ਬੇਬੀ ਵਾਂਗ ਸ਼ੁਰੂ ਕਰਵਾ ਦਿੱਤਾ, ਜੋ ਕਿ ਬਾਅਦ ਵਿਚ ਫੇਲ ਹੋ ਗਈ। ਜਲੰਧਰ ਵਿਚ ਵੀ ਮੁੱਢਲੇ ਢਾਂਚੇ ਦੇ ਬਿਨਾਂ ਇਹ ਯੋਜਨਾ ਸ਼ੁਰੂ ਹੋਣੀ ਮੁਸ਼ਕਲ ਹੈ। ਅਸੀਂ ਸਥਾਨਕ ਪੱਧਰ 'ਤੇ ਆਟੋ ਚਲਾਉਣ ਵਾਲੇ ਲੋਕਾਂ ਨੂੰ ਫੰਡ ਦੇ ਕੇ ਨਵੇਂ ਸੀ. ਐੈੱਨ. ਜੀ. ਆਟੋ ਪਾਉਣ ਲਈ ਕਹਿ ਸਕਦੇ ਹਾਂ ਕਿਉਂਕਿ ਜੇਕਰ ਅਸੀਂ ਟਰਾਂਸਪੋਰਟ ਸਿਸਟਮ ਸ਼ੁਰੂ ਕਰਦੇ ਹਾਂ ਤਾਂ ਉਨ੍ਹਾਂ ਦਾ ਰੋਜ਼ਗਾਰ ਬੰਦ ਹੋਵੇਗਾ ਅਤੇ ਅਸੀਂ ਕਿਸੇ ਦਾ ਰੋਜ਼ਗਾਰ ਬੰਦ ਕਰਨ ਦੇ ਪੱਖ ਵਿਚ ਨਹੀਂ।
ਸਵਾਲ : ਜਲੰਧਰ ਵਿਚ 446 ਪਾਰਕ ਹਨ ਪਰ ਸੈਰ ਕਰਨ ਲਾਇਕ ਸਿਰਫ 15। ਇਸ ਦਿਸ਼ਾ ਵਿਚ ਕੀ ਕੰਮ ਹੋ ਰਿਹਾ ਹੈ?
ਜਵਾਬ : ਪਾਰਕ ਹੋਵੇ ਜਾਂ ਪਾਰਕਿੰਗ ਹਰ ਥਾਂ ਕੰਮ ਕਰਨ ਦੀ ਲੋੜ ਹੈ। ਜਲੰਧਰ ਵਿਚ 500 ਪਾਰਕਿੰਗ ਦਾ ਸਕੋਪ ਹੈ। ਇਸ ਨਾਲ ਪੈਸਾ ਵੀ ਇਕੱਠਾ ਹੋ ਸਕਦਾ ਹੈ। ਫਿਲਹਾਲ ਇਹ ਸਾਰਾ ਪੈਸਾ ਸਾਬਕਾ ਮੰਤਰੀਆਂ ਦੇ ਕਰੀਬੀਆਂ ਦੀ ਜੇਬ ਵਿਚ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਲੰਮੀ ਮਿਆਦ ਦੇ ਠੇਕੇ ਲਏ ਹੋਏ ਹਨ। ਹਰਿਆਣਾ 82 ਸ਼ਹਿਰਾਂ ਵਿਚ ਆਊਟਡੋਰ ਇਸ਼ਤਿਹਾਰ ਰਾਹੀਂ 300 ਕਰੋੜ ਰੁਪਏ ਦਾ ਮਾਲੀਆ ਕਮਾਉਂਦਾ ਹੈ। ਅਸੀਂ 164 ਸ਼ਹਿਰਾਂ ਵਿਚ 15 ਕਰੋੜ ਰੁਪਏ ਕਮਾ ਰਹੇ ਸੀ। ਪਿਛਲੀ ਸਰਕਾਰ ਨੂੰ ਇਸ ਗੱਲ ਲਈ ਥੋੜ੍ਹੀ ਜਿਹੀ ਵੀ ਸ਼ਰਮ ਨਹੀਂ ਆਈ। ਇਸ਼ਤਿਹਾਰ ਦੇ ਜਿਸ ਬੋਰਡ ਲਈ ਨਗਰ ਨਿਗਮ ਨੂੰ 20 ਹਜ਼ਾਰ ਰੁਪਏ ਮਿਲ ਰਹੇ ਸਨ, ਉਸ ਬੋਰਡ ਰਾਹੀਂ ਠੇਕੇਦਾਰ 20 ਲੱਖ ਰੁਪਏ ਕਮਾ ਰਿਹਾ ਸੀ। ਮੈਂ ਕੈਬਨਿਟ ਵਿਚ ਇਸ਼ਤਿਹਾਰ ਪਾਲਿਸੀ ਲੈ ਕੇ ਆ ਰਿਹਾ ਹਾਂ ਅਤੇ ਕੁਝ ਮਹੀਨਿਆਂ ਦੇ ਅੰਦਰ ਇਸ ਨਵੀਂ ਨੀਤੀ ਨੂੰ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ। ਜੇਕਰ ਅਸੀਂ ਫਤਵੇ 'ਤੇ ਖਰੇ ਨਹੀਂ ਉਤਰਦੇ ਤਾਂ ਕਾਲਾ ਝੰਡਾ ਵੀ ਚੁੱਕਣਾ ਪਵੇਗਾ।
ਸਵਾਲ : ਕੀ ਤੁਸੀਂ ਸ਼ਹਿਰਾਂ ਦੇ ਵਿਕਾਸ ਲਈ ਕੁਝ ਬਜਟ ਮੰਗਿਆ ਹੈ?
ਜਵਾਬ : ਇਹ ਪਾਰਟੀ ਅਤੇ ਸਰਕਾਰ ਦਾ ਅੰਦਰੂਨੀ ਮਾਮਲਾ ਹੈ ਅਤੇ ਮੀਡੀਆ ਵਿਚ ਇਸ ਦੀ ਚਰਚਾ ਨਹੀਂ ਕਰਾਂਗਾ। ਪੰਜਾਬ ਦੇ ਸਿਰ 'ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸਾਨੂੰ ਵਿਰਾਸਤ ਵਿਚ ਮੰਦਹਾਲੀ ਮਿਲੀ ਹੈ। ਮੈਂ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਚੁੱਕਾ ਹਾਂ ਅਤੇ ਜਲਦੀ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬੈਠਕ ਕਰਨ ਜਾ ਰਿਹਾ ਹਾਂ।
ਸਵਾਲ : ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਤੁਸੀਂ ਕੀ ਕਹੋਗੇ?
ਜਵਾਬ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਨਾਅਰਾ ਸੀ ਕੇਜਰੀਵਾਲ-ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਚੋਣਾਂ ਮਗਰੋਂ ਇਹ ਨਾਅਰਾ ਬਦਲ ਗਿਆ ਅਤੇ ਲੋਕ ਕਹਿਣ ਲੱਗੇ ਕੇਜਰੀਵਾਲ-ਕੇਜਰੀਵਾਲ ਆਹ ਕੀ ਹੋ ਗਿਆ ਤੇਰੇ ਨਾਲ। ਹੁਣ ਤਾਂ ਕੇਜਰੀਵਾਲ ਦੀ ਹਾਲਤ ਇਸ ਤੋਂ ਵੀ ਭੈੜੀ ਹੋ ਗਈ ਹੈ। ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿਚ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਅਤੇ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ 10 ਸੀਟਾਂ ਵੀ ਨਹੀਂ ਦਿੱਤੀਆਂ। ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਸਿਆਸੀ ਚੈਪਟਰ ਬੰਦ ਹੋਣ ਜਾ ਰਿਹਾ ਹੈ।


Related News