ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੰਵਲ ਲਈ ਪਦਮ ਵਿਭੂਸ਼ਣ ਖਿਤਾਬ ਮੰਗਿਆ

Wednesday, Jun 27, 2018 - 06:49 AM (IST)

ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੰਵਲ ਲਈ ਪਦਮ ਵਿਭੂਸ਼ਣ ਖਿਤਾਬ ਮੰਗਿਆ

ਚੰਡੀਗੜ੍ਹ  (ਭੁੱਲਰ) - ਪੰਜਾਬੀ ਦੇ ਨਾਮਵਰ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਮੌਕੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਕੋਲ ਕੰਵਲ ਨੂੰ 'ਪਦਮ ਵਿਭੂਸ਼ਣ' ਨਾਲ ਸਨਮਾਨਤ ਕਰਨ ਦੀ ਮੰਗ ਕੀਤੀ ਹੈ। ਕੰਵਲ ਜਿਨ੍ਹਾਂ ਦਾ 27 ਜੂਨ ਨੂੰ 100ਵਾਂ ਜਨਮ ਦਿਨ ਹੈ, ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕਰਨ ਦੀ ਮੰਗ ਕਰਦਿਆਂ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦੇ ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ 27 ਜੂਨ ਨੂੰ 100ਵਾਂ ਜਨਮ ਦਿਨ ਮਨਾ ਰਹੇ ਹਨ ਅਤੇ ਇਹ ਮਾਣ ਬਹੁਤ ਘੱਟ ਸਾਹਿਤਕਾਰਾਂ ਦੇ ਹਿੱਸੇ ਆਇਆ ਹੈ, ਜਿਸ ਲਈ ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਕੰਵਲ ਨੂੰ ਦੇਸ਼ ਦਾ ਦੂਜਾ ਸਰਵਉਚ ਨਾਗਰਿਕ ਸਨਮਾਨ ਦਿੱਤਾ ਜਾਵੇ।
ਸਿੱਧੂ ਨੇ ਪ੍ਰਧਾਨ ਮੰਤਰੀ ਕੋਲ ਇਹ ਵੀ ਮੰਗ ਕੀਤੀ ਹੈ ਕਿ ਕੰਵਲ ਦੇ 100ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾਵੇ।
ਅੱਜ ਪੰਜਾਬ ਕਲਾ ਪਰਿਸ਼ਦ ਵਲੋਂ ਕੰਵਲ ਦੇ ਸ਼ਤਾਬਦੀ ਜਨਮ ਦਿਨ ਦੀ ਪੂਰਬਲੀ ਸ਼ਾਮ ਮੌਕੇ ਮੋਗਾ ਜ਼ਿਲੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇਥੇ ਚੰਡੀਗੜ੍ਹ ਵਿਖੇ ਸੱਦੀ ਇਕ ਅਹਿਮ ਮੀਟਿੰਗ ਵਿਚ ਹਿੱਸਾ ਲੈਣ ਕਾਰਨ ਸਿੱਧੂ ਅੱਜ ਢੁੱਡੀਕੇ ਵਿਖੇ ਸਮਾਗਮ ਵਿਚ ਹਿੱਸਾ ਨਹੀਂ ਲੈ ਸਕੇ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਨੇ ਕੰਵਲ ਨੂੰ 'ਪੰਜਾਬ ਗੌਰਵ ਪੁਰਸਕਾਰ' ਨਾਲ ਸਨਮਾਨਤ ਕੀਤਾ। ਇਸ ਸਨਮਾਨ ਵਿਚ ਇਕ ਲੱਖ ਦੀ ਰਾਸ਼ੀ, ਦੋਸ਼ਾਲਾ ਤੇ ਸਨਮਾਨ ਪੱਤਰ ਸ਼ਾਮਲ ਸੀ।


Related News