ਵੱਡਾ ਸਵਾਲ: ਸਿੱਧੂ-ਚੰਨੀ ਜੋੜੀ ਦਾ ਡਾਵਾਂਡੋਲ ਗਠਜੋੜ, ਪੰਜਾਬ ’ਚ ਕੌਣ ਹੈ ਕਾਂਗਰਸ ਦਾ ਮਾਲਕ?

Saturday, Oct 09, 2021 - 02:10 PM (IST)

ਜਲੰਧਰ (ਜਗ ਬਾਣੀ ਟੀਮ) : ਪੰਜਾਬ ਵਿਚ ਸਿਆਸੀ ਘਮਸਾਨ ਬੇਸ਼ੱਕ ਬਾਹਰੋਂ ਨਜ਼ਰ ਨਹੀਂ ਆ ਰਿਹਾ ਪਰ ਪਾਰਟੀ ਵਿਚ ਅੰਦਰਖਾਤੇ ਵੱਡੀ ਹਲਚਲ ਚੱਲ ਰਹੀ ਹੈ, ਜਿਸ ਕਾਰਨ ਪਾਰਟੀ ਵਿਚ ਲੀਡਰਸ਼ਿਪ ਨੂੰ ਲੈ ਕੇ ਖਿੱਚੋਤਾਣ ਨੇ ਹਾਈਕਮਾਨ ਨੂੰ ਵੀ ਮੁਸ਼ਕਲ ਵਿਚ ਪਾ ਦਿੱਤਾ ਹੈ। ਕੈਪਟਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਇਕ ਸੰਭਾਵਨਾ ਜਾਗੀ ਸੀ ਕਿ ਹੁਣ ਪਾਰਟੀ ਲਈ ਕੰਮ ਹੋਵੇਗਾ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ : ਫਿਰ ਵਿਵਾਦਾਂ ’ਚ ਘਿਰੇ ਨਵਜੋਤ ਸਿੰਘ ਸਿੱਧੂ, ਤੈਸ਼ ’ਚ ਆ ਕੇ ਆਖ ਗਏ ਵਿਵਾਦਤ ਗੱਲਾਂ

ਪੰਜਾਬ ਵਿਚ ਡੀ. ਜੀ. ਪੀ. ਤੇ ਏ. ਜੀ. ਦੀ ਤਾਇਨਾਤੀ ਤੋਂ ਨਾਰਾਜ਼ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਦੇ ਚੁੱਕੇ ਹਨ ਅਤੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋਇਆ ਜਾਂ ਰਿਜੈਕਟ, ਇਸ ’ਤੇ ਵੀ ਅਜੇ ਕੁਝ ਸਪਸ਼ਟ ਨਹੀਂ, ਜਿਸ ਕਾਰਨ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਕਿਸ ਦੀ ਅਗਵਾਈ ’ਚ ਚੋਣ ਲੜੇਗੀ ਜਾਂ ਦੂਜੀ ਭਾਸ਼ਾ ਵਿਚ ਕਹੀਏ ਤਾਂ ਪੰਜਾਬ ਵਿਚ ਕਾਂਗਰਸ ਦਾ ਮਾਲਕ ਕੌਣ ਹੋਵੇਗਾ? ਪੰਜਾਬ ਵਿਚ ਕਾਂਗਰਸ ਦਾ ਗਣਿਤ ਅਸਲ ’ਚ ਪੂਰੀ ਤਰ੍ਹਾਂ ਉਲਟ-ਪੁਲਟ ਹੋ ਗਿਆ ਹੈ। ਸਿੱਧੂ ਦੇ ਨਾਲ ਚੰਨੀ ਨੂੰ ਜਦੋਂ ਮੁੱਖ ਮੰਤਰੀ ਲਾਇਆ ਗਿਆ ਤਾਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਇਹ ਜੋੜੀ ਮਿਲ ਕੇ ਕਾਂਗਰਸ ਦੀ ਸਾਢੇ 4 ਸਾਲ ਵਿਚ ਹੋਈ ਮਾੜੀ ਹਾਲਤ ਨੂੰ ਸੁਧਾਰ ਕੇ ਕੁਝ ਹੱਦ ਤਕ ਪਾਰਟੀ ਨੂੰ ਸਥਿਰ ਕਰੇਗੀ ਪਰ ਸਿੱਧੂ ਦੀ ਨਾਰਾਜ਼ਗੀ ਤੋਂ ਬਾਅਦ ਇਸ ਜੋੜੀ ਦਾ ਗਠਜੋੜ ਵੀ ਲਗਭਗ ਖ਼ਤਮ ਵਰਗਾ ਹੀ ਹੈ। ਜਗ-ਹਸਾਈ ਤੋਂ ਬਚਣ ਲਈ ਬੇਸ਼ੱਕ ਦੋਵੇਂ ਨੇਤਾ ਇਕੱਠੇ ਹਨ ਪਰ ਪਾਰਟੀ ਵਿਚ ਹਾਲਾਤ ਆਮ ਵਰਗੇ ਨਹੀਂ ਹਨ। ਅਜਿਹੀ ਸਥਿਤੀ ’ਚ ਇਕ ਸਵਾਲ ਹਰ ਕਾਂਗਰਸੀ ਦੇ ਦਿਮਾਗ ਵਿਚ ਹੋਵੇਗਾ ਕਿ ਆਖਰ ਕਾਂਗਰਸ ਦਾ ਮਾਈ-ਬਾਪ ਕੌਣ ਹੈ ਅਤੇ ਕਿਸ ਦੇ ਦਮ ’ਤੇ ਪਾਰਟੀ ਅੱਗੇ ਵਧੇਗੀ?

ਇਹ ਵੀ ਪੜ੍ਹੋ : ਚੰਨੀ ਦੇ ਇੰਜੀਨੀਅਰ ਮੁੰਡੇ ਦਾ ਹੋਵੇਗਾ ਇੰਜੀਨੀਅਰ ਕੁੜੀ ਨਾਲ ਵਿਆਹ, ਵੇਖੋ ਕਦੋਂ ਚੜ੍ਹੇਗੀ ਜੰਞ ਤੇ ਕਦੋਂ ਹੋਵੇਗੀ ਰਿਸੈਪਸ਼ਨ

ਸਿੱਧੂ ਦੇ ਵਿਗੜੇ ਬੋਲ
ਵੀਰਵਾਰ ਨੂੰ ਨਵਜੋਤ ਸਿੱਧੂ ਵੱਲੋਂ ਲਖੀਮਪੁਰ ਖੀਰੀ ਲਈ ਸ਼ੁਰੂ ਕੀਤੇ ਮਾਰਚ ਸਮੇਂ ਦਿੱਤੀ ਗਈ ‘ਗਾਲ੍ਹ’ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਸ਼ਬਦਾਵਲੀ ਤੋਂ ਸਾਫ਼ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਵਾਉਣ ਦੇ ਬਾਵਜੂਦ ਮੁੱਖ ਮੰਤਰੀ ਦਾ ਅਹੁਦਾ ਨਾ ਮਿਲਣ ਦਾ ਮਲਾਲ ਉਨ੍ਹਾਂ ਨੂੰ ਹੁਣ ਵੀ ਹੈ। ਇਸ ਕਸਕ ’ਚ ਉਹ ਜ਼ੀਰਕਪੁਰ ਤੋਂ ਸ਼ੁਰੂ ਹੋਏ ਇਸ ਮਾਰਚ ਤੋਂ ਪਹਿਲਾਂ ਕਹਿੰਦੇ ਹਨ ਕਿ ਜੇਕਰ ਭਗਵੰਤ ਸਿੰਘ ਦਾ ਪੁੱਤਰ ਮੁੱਖ ਮੰਤਰੀ ਹੁੰਦਾ ਤਾਂ ਫਿਰ ਵੇਖਦੇ ਕਿ ਸਕਸੈੱਸ ਕੀ ਹੁੰਦੀ ਹੈ। ਸਿੱਧੂ ਦਾ ਇਸ਼ਾਰਾ ਸਾਫ਼ ਸੀ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਲਖੀਮਪੁਰ ਮਾਰਚ ਲਈ ਉਹ ਹੋਰ ਭੀੜ ਇਕੱਠੀ ਕਰ ਲੈਂਦੇ। ਦਰਅਸਲ, ਭਗਵੰਤ ਸਿੰਘ ਨਵਜੋਤ ਸਿੱਧੂ ਦੇ ਪਿਤਾ ਦਾ ਨਾਂ ਹੈ। ਕੈਬਨਿਟ ਮੰਤਰੀ ਅਤੇ ਸਿੱਧੂ ਦੇ ਖਾਸਮਖਾਸ ਪਰਗਟ ਸਿੰਘ ਜਦੋਂ ਉਨ੍ਹਾਂ ਨੂੰ ਭੀੜ ਵੱਲ ਇਸ਼ਾਰਾ ਕਰ ਕੇ ਭੀੜ ਦਿਖਾਉਂਦੇ ਹਨ ਅਤੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵੀ ਪਰਗਟ ਸਿੰਘ ਦੀ ਹਾਂ ਵਿਚ ਹਾਂ ਮਿਲਾ ਕੇ ਇਸ ਨੂੰ ਸਕਸੈੱਸਫੁਲ ਕਰਾਰ ਦਿੰਦੇ ਹਨ, ਤਦ ਸਿੱਧੂ ਦੇ ਮਨ ਦਾ ਗੁਬਾਰ ਇਸ ਤਰ੍ਹਾਂ ਨਾਲ ਬਾਹਰ ਨਿਕਲਿਆ ਸੀ। 

ਨੋਟ : ਪੰਜਾਬ ਵਿੱਚ ਕਾਂਗਰਸ ਦੇ ਮੌਜੂਦਾ ਹਾਲਾਤ 'ਤੇ ਕੀ ਕਹੋਗੇ?ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News