ਸਿੱਧੂ ਨੂੰ ਬਿਜਲੀ ਮਾਫੀਆ ਖਤਮ ਕਰਨ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ : ਅਮਨ ਅਰੋੜਾ

Sunday, Jul 14, 2019 - 08:28 PM (IST)

ਸਿੱਧੂ ਨੂੰ ਬਿਜਲੀ ਮਾਫੀਆ ਖਤਮ ਕਰਨ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ : ਅਮਨ ਅਰੋੜਾ

ਚੰਡੀਗੜ੍ਹ (ਰਮਨਜੀਤ)- ਪੰਜਾਬ ਕੈਬਨਿਟ 'ਚ ਬਿਜਲੀ ਮੰਤਰੀ ਨਿਯੁਕਤ ਕੀਤੇ ਗਏ ਨਵਜੋਤ ਸਿੰਘ ਸਿੱਧੂ ਨੇ ਬਿਨਾਂ ਆਪਣਾ ਅਹੁਦਾ ਸੰਭਾਲੇ ਹੀ ਕੈਬਨਿਟ ਤੋਂ ਅਸਤੀਫਾ ਦੇਣ ਦਾ ਪੱਤਰ ਰਾਹੁਲ ਗਾਂਧੀ ਨੂੰ ਲਿਖਿਆ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਿੱਧੂ ਈਮਾਨਦਾਰ, ਸਾਫ-ਸੁਥਰੀ ਦਿਖ ਵਾਲੇ, ਬੇਬਾਕ ਲੀਡਰ ਹਨ ਤੇ ਕਾਂਗਰਸ ਨੂੰ ਉਨ੍ਹਾਂ ਦੀ ਬੇਬਾਕੀ ਰਾਸ ਨਹੀਂ ਆਈ ਅਤੇ ਕਾਂਗਰਸ 'ਚ ਮੌਜੂਦਾ ਘਟਨਾਕ੍ਰਮ ਪੈਦਾ ਹੋਇਆ ਹੈ।

ਅਰੋੜਾ ਨੇ ਕਿਹਾ ਕਿ ਸਿੱਧੂ ਦੀ ਬਤੌਰ ਲੋਕਲ ਬਾਡੀਜ਼ ਮੰਤਰੀ ਭੂਮਿਕਾ ਸ਼ਾਨਦਾਰ ਰਹੀ, ਹੁਣ ਵੀ ਚੰਗਾ ਹੁੰਦਾ ਜੇਕਰ ਉਹ ਬਿਜਲੀ ਮੰਤਰੀ ਦਾ ਅਹੁਦਾ ਸੰਭਾਲ ਕੇ ਵਿਭਾਗ ਵਿਚਲੀਆਂ ਖਾਮੀਆਂ ਤੇ ਸਮਝੌਤਿਆਂ ਨੂੰ ਨੰਗਾ ਕਰਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਕਿ ਕਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਤਿੰਨ ਪ੍ਰਾਈਵੇਟ ਫਰਮਾਂ ਨਾਲ ਸਮਝੌਤਾ ਕਰਕੇ ਪੰਜਾਬ ਦੇ ਲੋਕਾਂ ਦੀ ਲੁੱਟ-ਖਸੁੱਟ ਦਾ ਰਾਹ ਪੱਧਰਾ ਕੀਤਾ ਅਤੇ ਮੌਜੂਦਾ ਕਾਂਗਰਸ ਸਰਕਾਰ ਨੇ ਕਿਵੇਂ ਇਨ੍ਹਾਂ ਲੋਕਾਂ ਦੇ ਹਿੱਤਾਂ ਵਿਰੁੱਧ ਲੁੱਟ ਨੂੰ ਹਰੀ ਝੰਡੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇਨ੍ਹਾਂ ਸਬੰਧਤ ਪ੍ਰਾਈਵੇਟ ਫਰਮਾਂ ਦੀ ਲੁੱਟ ਨੂੰ ਨੱਥ ਪਾਉਣੀ ਚਾਹੀਦੀ ਸੀ ਤੇ ਚੰਗਾ ਹੁੰਦਾ ਪਿਛਲੀ ਤੇ ਮੌਜੂਦਾ ਸਰਕਾਰ ਦਾ ਲੋਕ-ਲੁੱਟ ਵਾਲਾ ਚਿਹਰਾ ਨੰਗਾ ਕਰਦੇ ਅਤੇ ਅਸੀਂ ਵੀ ਉਨ੍ਹਾਂ ਨੂੰ ਇਸ ਸਬੰਧੀ ਲੋੜੀਂਦੇ ਤੱਥ ਦਿੰਦੇ। ਅਰੋੜਾ ਨੇ ਸਿੱਧੂ ਵਲੋਂ ਅਸਤੀਫਾ ਰਾਹੁਲ ਗਾਂਧੀ ਨੂੰ ਭੇਜਣ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਅਸਤੀਫ਼ਾ ਮੁੱਖ ਮੰਤਰੀ ਜਾਂ ਰਾਜਪਾਲ ਨੂੰ ਭੇਜਣਾ ਚਾਹੀਦਾ ਸੀ।


author

Karan Kumar

Content Editor

Related News