ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੋੜ : ਸ਼੍ਰੀ ਸ਼੍ਰੀ ਰਵਿਸ਼ੰਕਰ
Friday, Jun 10, 2016 - 03:27 PM (IST)

ਚੰਡੀਗੜ੍ਹ : ਹਿੰਦੀ ਫਿਲਮ ''ਉੜਤਾ ਪੰਜਾਬ'' ''ਤੇ ਸ਼ੁਰੂ ਹੋਈ ਸਿਆਸਤ ਤੋਂ ਬਾਅਦ ਆਰਟ ਆਫ ਲੀਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵਿਸ਼ੰਕਰ ਨੇ ਕਿਹਾ ਹੈ ਕਿ ਇਸ ਸਮੇਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਹ ''ਉੜਤਾ ਪੰਜਾਬ'' ਨੂੰ ਦੇਖੇ ਬਗੈਰ ਇਸ ''ਤੇ ਕੁਝ ਵੀ ਨਹੀਂ ਬੋਲਣਾ ਚਾਹੁੰਦੇ। ਸ਼੍ਰੀ ਸ਼੍ਰੀ ਰਵਿਸ਼ੰਕਰ ਨੇ ਕਿਹਾ ਕਿ ਫਿਲਮ ਸੰਬੰਧੀ ਪੈਦਾ ਹੋਏ ਵਿਵਾਦਾਂ ਤੋਂ ਜ਼ਿਆਦਾ ਜ਼ਰੂਰੀ ਪੰਜਾਬ ''ਚੋਂ ਨਸ਼ੇ ਨੂੰ ਖਤਮ ਕਰਨਾ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ।
ਇਸ ਤੋਂ ਇਲਾਵਾ ਇੰਟਰਨੈਸ਼ਨਲ ਯੋਗਾ ਡੇਅ ''ਤੇ ਮੋਦੀ ਸਰਕਾਰ ਦਾ ਵਿਰੋਧ ਕਰਨ ਦੀ ਕਾਂਗਰਸ ਦੀ ਯੋਜਨਾ ਸੰਬੰਧੀ ਉਨ੍ਹਾਂ ਕਿਹਾ ਕਿ ਯੋਗਾ ਕਿਸੇ ਇਕ ਧਰਮ, ਪਾਰਟੀ ਜਾਂ ਦੇਸ਼ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਹਿਰ ''ਚ ਮਨਾਏ ਜਾਣ ਵਾਲੇ ਯੋਗਾ ਡੇਅ ''ਚ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਯੋਗਾ ਚੰਗੀ ਸਿਹਤ ਅਤੇ ਤਣਾਅ ਨੂੰ ਦੂਰ ਕਰਨ ਲਈ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਸ਼੍ਰੀ ਰਵਿਸ਼ੰਕਰ ਇਸ ਸਮੇਂ ਚੰਡੀਗੜ੍ਹ ''ਚ ਹੀ ਹਨ ਅਤੇ 21 ਜੂਨ ਨੂੰ ਸ਼ਹਿਰ ''ਚ ਹੋਣ ਵਾਲੇ ਯੋਗਾ ਦਿਵਸ ਦੇ ਉਦਘਾਟਨੀ ਸਮਾਰੋਹ ''ਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਮੌਕੇ ਸ਼ਿਰਕੱਤ ਕਰਨਗੇ।