ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸਮੇਤ ਪੰਜ ਅਹੁਦੇਦਾਰਾਂ ’ਤੇ ਤੇਜ਼ਾਬ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼

Friday, May 06, 2022 - 12:16 PM (IST)

ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸਮੇਤ ਪੰਜ ਅਹੁਦੇਦਾਰਾਂ ’ਤੇ ਤੇਜ਼ਾਬ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼

ਤਰਨਤਾਰਨ (ਗਲਹੋਤਰਾ, ਰਮਨ) - ਪ੍ਰਬੰਧਕੀ ਕਮੇਟੀ ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਤਰਨਤਾਰਨ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਸਮੇਤ ਪੰਜ ਅਹੁਦੇਦਾਰਾਂ ’ਤੇ ਸਭਾ ਦੇ ਸਾਬਕਾ ਜਨਰਲ ਸਕੱਤਰ ਅਸ਼ੋਕ ਅਗਰਵਾਲ ਵਲੋਂ ਪਿਛਲਾ ਹਿਸਾਬ ਪੁੱਛਣ ਆਏ ਇਨ੍ਹਾਂ ਅਹੁਦੇਦਾਰਾਂ ਨਾਲ ਗਾਲੀ-ਗਲੋਚ ਕੀਤਾ ਗਿਆ। ਫਿਰ ਧਮਕੀਆ ਦਿੰਦੇ ਹੋਏ ਜਾਨੋ ਮਾਰ ਦੇਣ ਦੀ ਨੀਯਤ ਨਾਲ ਐਸਿਡ (ਤੇਜ਼ਾਬ) ਤੇ ਮਾਚਿਸ ਦੀ ਤੀਲੀ ਸੁੱਟ ਕੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਆਪਣੇ ਸਹਿਯੋਗੀ ਅਹੁਦੇਦਾਰਾਂ ਅਜੇ ਗੁਪਤਾ ਸੀਨੀਅਰ ਮੀਤ ਪ੍ਰਧਾਨ, ਦਿਨੇਸ਼ ਜੋਸ਼ੀ ਸੈਕਟਰੀ, ਨੀਰਜ ਮਿੱਤਲ ਕੈਸ਼ੀਅਰ ਤੇ ਰਾਹੁਲ ਸੋਨੀ ਸਮੇਤ ਸਭਾ ਦੇ ਸਾਬਕਾ ਜਨਰਲ ਸਕੱਤਰ ਅਸ਼ੋਕ ਅਗਰਵਾਲ ਵਲੋਂ ਬੁਲਾਏ ਜਾਣ ’ਤੇ ਉਸ ਦੀ ਦੁਕਾਨ ’ਤੇ ਗਏ।

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਉੱਥੇ ਉਨ੍ਹਾਂ ਵਲੋਂ ਅਸ਼ੋਕ ਅਗਰਵਾਲ ਨਾਲ ਗੱਲਬਾਤ ਕਰਦਿਆਂ ਮੰਦਰ ਸਬੰਧੀ ਪੁਰਾਣੇ ਹਿਸਾਬ ਬਾਰੇ ਪੁੱਛਿਆ ਕਿ ਉਹ ਦੱਸਣ ਕਿ ਕਿਸ ਦਾ ਪਿਛਲਾ ਕੀ ਦੇਣਾ ਹੈ, ਕਿਉਂਕਿ ਲੋਕ ਪਿਛਲੇ ਪੁਰਾਣੇ ਹਿਸਾਬ ਦੇ ਰਹਿੰਦੇ ਪੈਸੇ ਸਾਡੇ ਕੋਲੋਂ ਮੰਗ ਰਹੇ ਹਨ। ਇਸ ’ਤੇ ਅਸ਼ੋਕ ਅਗਰਵਾਲ ਤੈਸ਼ ਵਿਚ ਆ ਗਿਆ ਤੇ ਸਾਨੂੰ ਸਾਰਿਆਂ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀ ਕੌਣ ਹੁੰਦੇ ਹੋ ਮੇਰੇ ਕੋਲੋਂ ਹਿਸਾਬ ਮੰਗਣ ਵਾਲੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਤੁਹਾਡਾ ਮਾੜਾ ਹਸ਼ਰ ਕਰ ਦੇਵੇਗਾ। ਪ੍ਰਧਾਨ ਬਿੱਟੂ ਨੇ ਕਿਹਾ ਕਿ ਸਾਡੇ ਵਲੋਂ ਉਸ ਨੂੰ ਗਾਲਾਂ ਕੱਢਣ ਤੋਂ ਰੋਕਿਆ ਗਿਆ ਤਾਂ ਅਸ਼ੋਕ ਅਗਰਵਾਲ ਵਲੋਂ ਸਾਨੂੰ ਮਾਰਨ ਦੀ ਨੀਯਤ ਨਾਲ ਐਸਿਡ (ਤੇਜ਼ਾਬ) ਦੀ ਬੋਤਲ ਖੋਲਕੇ ਸਾਡੇ ਉੱਪਰ ਸੁੱਟ ਦਿੱਤਾ।

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ

ਨਾਲ ਹੀ ਮਾਚਿਸ ਦੀ ਤੀਲੀ ਬਾਲਕੇ ਵੀ ਸਾਡੇ ਵੱਲ ਸੁੱਟ ਕੇ ਸਾਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਲਗਾਤਾਰ ਸਾਨੂੰ ਗਾਲਾਂ ਕੱਢਦਾ ਰਿਹਾ ਤੇ ਧਮਕੀਆਂ ਵੀ ਦਿੰਦਾ ਰਿਹਾ। ਇਸ ਪੂਰੀ ਘਟਨਾ ਸਬੰਧੀ ਥਾਣਾ ਸਿਟੀ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ, ਜਿਸ ’ਤੇ ਪੁਲਸ ਵਲੋਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਦੇਰ ਸ਼ਾਮ ਤੱਕ ਜਦੋਂ ਪੁਲਸ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਨਾਤਨ ਧਰਮ ਸਭਾ ਦੇ ਸਮੂਹ ਮੈਂਬਰਾਂ ਅਤੇ ਹੋਰ ਹਿੰਦੂ ਜਥੇਬੰਦੀਆਂ ਵਲੋਂ ਬੋਹੜੀ ਚੌਕ ਵਿਚ ਧਰਨਾ ਲਗਾ ਦਿੱਤਾ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਸੀ।

ਪੜ੍ਹੋ ਇਹ ਵੀ ਖ਼ਬਰ:  ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

ਮੇਰੇ ਨਾਲ ਕੀਤੀ ਗਈ ਗੁੰਡਗਰਦੀ-ਅਸ਼ੋਕ ਅਗਰਵਾਲ
ਇਸ ਸਬੰਧੀ ਜਦੋਂ ਅਸ਼ੋਕ ਅਗਰਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸਭਾ ਦੀ ਚੋਣ ਕਰਵਾਉਣ ਸਬੰਧੀ ਸ਼ਹਿਰ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਦੀ ਦੁਕਾਨ ਉੱਪਰ ਪੁੱਜੇ ਸਨਾਤਨ ਧਰਮ ਸਭਾ ਦੇ ਆਪੇ ਬਣੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਅਤੇ ਹੋਰਨਾਂ ਵਲੋਂ ਉਸ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਦੁਕਾਨ ਉੱਪਰ ਪਏ ਵਜ਼ਨਦਾਰ ਵੱਟੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਦੁਕਾਨ ਅੰਦਰ ਮੌਜੂਦ ਸਾਮਾਨ ਵੀ ਖਿਲਾਰ ਦਿੱਤਾ ਗਿਆ। ਉਨ੍ਹਾਂ ਵਲੋਂ ਕਿਸੇ ਵੀ ਉੱਪਰ ਕੋਈ ਤੇਜ਼ਾਬ ਨਹੀਂ ਸੁੱਟਿਆ ਗਿਆ। ਪੁਲਸ ਨੂੰ ਦੁਕਾਨ ਉੱਪਰ ਹਮਲਾ ਕਰਨ ਅਤੇ ਗਲ ਪੈਣ ਸਬੰਧੀ ਦਰਖਾਸਤ ਦੇ ਦਿੱਤੀ ਗਈ ਹੈ। ਇਸ ਸਬੰਧ ਵਿਚ ਥਾਣਾ ਸਿਟੀ ਦੇ ਐੱਸ.ਐੱਚ.ਓ. ਮੈਡਮ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਤਫ਼ਤੀਸ਼ ਆਰੰਭ ਕਰ ਦਿੱਤੀ ਗਈ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ


author

rajwinder kaur

Content Editor

Related News