ਜਵਾਹਰੇ ਵਾਲਾ ਕਤਲ ਕਾਂਡ ਕਮੇਟੀ ਨੇ ਮਨਾਇਆ ਕਾਲਾ ਦਿਵਸ

Friday, Aug 16, 2019 - 04:30 PM (IST)

ਜਵਾਹਰੇ ਵਾਲਾ ਕਤਲ ਕਾਂਡ ਕਮੇਟੀ ਨੇ ਮਨਾਇਆ ਕਾਲਾ ਦਿਵਸ

ਸ੍ਰੀ ਮੁਕਤਸਰ ਸਾਹਿਬ ( ਸੰਧਿਆ, ਪਵਨ ਤਨੇਜਾ, ਖੁਰਾਣਾ) - ਜਵਾਹਰੇ ਵਾਲਾ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਪੁਲਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਜਿਥੇ ਆਜ਼ਾਦੀ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ, ਉਥੇ ਹੀ ਸ਼ਹਿਰ 'ਚ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਵੀ ਕੀਤਾ। ਆਜ਼ਾਦੀ ਦਿਹਾੜੇ ਮੌਕੇ ਰੋਸ ਮਾਰਚ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸੇਵੇਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਗਗਨ ਸੰਗਰਾਮੀ, ਵਿਦਿਆਰਥੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਗੁਰਨਾਮ ਦਾਊਦ ਆਦਿ ਨੇ ਕਿਹਾ ਕਿ ਕਤਲ ਕਾਂਡ ਨੂੰ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਪੁਲਸ ਨੇ ਅਜੇ ਤੱਕ ਬਾਕੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਆਗੂਆਂ ਨੇ ਪੁਲਸ 'ਤੇ ਦੋਸ਼ ਲਾਉਂਦੇ ਕਿਹਾ ਕਿ ਜਿਹੜੇ ਦੋਸ਼ੀ ਬਾਹਰ ਹਨ ਉਹ ਸੱਤਾਧਾਰੀ ਪਾਰਟੀ ਕਾਂਗਰਸ ਦੇ ਆਗੂ ਹਨ, ਜਿਨ੍ਹਾਂ ਨੂੰ ਪੁਲਸ ਕਥਿਤ ਰੂਪ 'ਚ ਇਸ ਕਤਲ ਕਾਂਡ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ, ਇਸ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਵਲੋਂ ਮੰਤਰੀ ਦਾ ਘਿਰਾਓ ਕੀਤੇ ਜਾਣ ਦਾ ਪ੍ਰੋਗਰਾਮ ਸੀ, ਜੋ ਮਨ੍ਹਾਂ ਕਰ ਦਿੱਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੁਲਸ ਵਲੋਂ ਰਹਿੰਦੇ ਦੋਸ਼ੀਆਂ ਨੂੰ ਜਲਦੀ ਕਾਬੂ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਕਸ਼ਨ ਕਮੇਟੀ ਦੇ ਕਨਵੀਨਰ 'ਤੇ ਦਰਜ ਕੀਤਾ ਬੇਬੁਨਿਆਦ ਅਤੇ ਝੂਠਾ ਪਰਚਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਬੁਲਾਰਿਆਂ ਦੱਸਿਆ ਕਿ ਸੰਘਰਸ ਦੇ ਅਗਲੇ ਐਲਾਨ ਲਈ ਐਕਸ਼ਨ ਕਮੇਟੀ ਵਲੋਂ 19 ਤਰੀਕ ਨੂੰ ਮੀਟਿੰਗ ਕਰਨ ਤੋਂ ਬਾਅਦ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗੁਰਦਿਆਲ ਭੱਟੀ, ਤਰਸੇਮ ਖੁੰਡੇਹਲਾਲ, ਜਗਜੀਤ ਜੱਸੇਆਣਾ, ਹਰਜੀਤ ਮਦਰੱਸਾ, ਸੁਖਮੰਦਰ ਕੌਰ, ਹਰਦੀਪ ਕੌਰ ਕੋਟਲਾ, ਨੌਨਿਹਾਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।


author

rajwinder kaur

Content Editor

Related News