ਚੀਨ ਤੋਂ ਆਈ ਲੜਕੀ ਨੂੰ ਕੋਰੋਨਾ ਹੋਣ ਦੇ ਸ਼ੱਕ ਨੇ ਪਾਇਆ ਭੜਥੂ

02/08/2020 10:49:09 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ,ਰਿਣੀ): ਚੀਨ ਤੋਂ ਆਈ ਇਕ ਲੜਕੀ ਨੂੰ ਕੋਰੋਨਾ ਵਾਇਰਸ ਹੋਣ ਦੇ ਸ਼ੱਕ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਹਲਾਕਿ ਜਾਂਚ 'ਚ ਲੜਕੀ ਨੂੰ ਕੋਰੋਨਾ ਵਾਇਰਸ ਨਹੀਂ ਹੋਣ ਦੀ ਪੁਸ਼ਟੀ ਹੋਈ ਹੈ। ਪਰ ਇਸ ਸਾਰੇ ਘਟਨਾ ਕ੍ਰਮ 'ਚ ਸਿਵਲ ਹਸਪਤਾਲ, ਪ੍ਰਸ਼ਾਸਨ ਦੀ ਕਥਿਤ ਲਾਹਪ੍ਰਵਾਹੀ ਸਾਹਮਣੇ ਆਈ ਹੈ। ਇਸ ਲਈ ਮੁਲਾਜ਼ਮ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸ ਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਣ ਦੀ ਨਸੀਅਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਪਿੰਡ ਦੋਦਾ ਵਾਸੀ ਰੀਆ ਪੁੱਤਰੀ ਨਰੇਸ਼ ਕੁਮਾਰ ਪਿਛਲੇ ਕਈ ਸਾਲਾਂ ਤੋਂ ਐੱਮ. ਬੀ. ਬੀ. ਐੱਸ. ਕਰ ਰਹੀ ਸੀ, ਜੋ ਹਾਲ ਹੀ 'ਚ ਆਪਣੇ ਪਿੰਡ ਦੋਦਾ ਵਾਪਸ ਆਈ ਸੀ। ਉਸ ਨੂੰ ਘਰ 'ਚ ਉਲਟੀਆਂ ਆਈਆਂ ਤਾਂ ਪਰਿਵਾਰ ਵਾਲਿਆਂ ਨੇ ਤੁੰਰਤ ਹੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਫੋਨ ਕੀਤਾ ਤਾਂ ਕਰਮਚਾਰੀ ਨੇ ਉਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਕੋਰੋਨਾ ਸਬੰਧੀ ਪੂਰੇ ਪ੍ਰਬੰਧ ਨਾ ਹੋਣ ਦੀ ਗੱਲ ਕਹਿੰਦੇ ਹੋਏ ਗਿੱਦੜਬਾਹਾ ਦੇ ਸਿਵਲ ਹਸਪਤਾਲ 'ਚ ਲੈ ਕੇ ਜਾਣ ਲਈ ਕਹਿ ਦਿੱਤਾ। ਘਬਰਾਏ ਹੋਏ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ ਤਾਂ ਕਿ ਬਾਅਦ 'ਚ ਕਿਤੇ ਗੱਲ ਵਧ ਨਾ ਜਾਵੇ। ਇੱਧਰ ਕੋਰੋਨਾ ਨਾਲ ਸਬੰਧਤ ਮਰੀਜ਼ ਦੀ ਅਫਵਾਹ ਨਾਲ ਸਿਵਲ ਹਸਪਤਾਲ ਪ੍ਰਸ਼ਾਸਨ ਵੀ ਘਬਰਾ ਗਿਆ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦੁਬਾਰਾ ਸਿਵਲ ਹਸਪਤਾਲ 'ਚ ਜਾਂਚ ਲਈ ਬੁਲਾਇਆ ਗਿਆ। ਪਰਿਵਾਰ ਵਾਲੇ ਦਿੱਲੀ ਤੋਂ ਚੱਲ ਕੇ ਦੁਬਾਰਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਅਤੇ ਡਾਕਟਰਾਂ ਨੇ ਲੜਕੀ ਦੀ ਜਾਂਚ ਕੀਤੀ, ਜਿਸ ਨਾਲ ਕੋਰੋਨਾ ਨਾ ਹੋਣ ਦੀ ਗੱਲ ਇੱਥੇ ਵੀ ਸਾਹਮਣੇ ਆਈ ਹੈ।

ਉੱਧਰ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਵਾਲੇ ਮੁਲਾਜ਼ਮ 'ਤੇ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਨੇ ਲੋਕਾਂ ਨੂੰ ਆਪਣਾ ਆਲੇ-ਦੁਆਲੇ ਪੂਰੀ ਸਫ਼ਾਈ ਰੱਖਣ ਦੀ ਅਪੀਲ ਕੀਤੀ ਹੈ।


Shyna

Content Editor

Related News