ਮੁੱਖ ਮੰਤਰੀ ਵਲੋਂ ਜਨਮ ਅਸ਼ਟਮੀ ਦੀ ਪੂਰਬਲੀ ਸ਼ਾਮ ਨਫਰਤ ਮਿਟਾਉਣ ਦਾ ਸੱਦਾ

Friday, Aug 23, 2019 - 12:01 PM (IST)

ਮੁੱਖ ਮੰਤਰੀ ਵਲੋਂ ਜਨਮ ਅਸ਼ਟਮੀ ਦੀ ਪੂਰਬਲੀ ਸ਼ਾਮ ਨਫਰਤ ਮਿਟਾਉਣ ਦਾ ਸੱਦਾ

ਚੰਡੀਗੜ੍ਹ (ਅਸ਼ਵਨੀ) - ਭਗਵਾਨ ਸ੍ਰੀ ਕ੍ਰਿਸ਼ਨ ਦੇ ਸਰਵ-ਵਿਆਪੀ ਪਿਆਰ ਤੇ ਸਦਭਾਵਨਾ ਦੇ ਫਲਸਫ਼ੇ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਪੂਰਬਲੀ ਸ਼ਾਮ ਲੋਕਾਂ ਨੂੰ ਨਫਰਤ ਅਤੇ ਵੰਡੀਆਂ ਦੀਆਂ ਹੱਦਾਂ ਤੋੜ ਦੇਣ ਦਾ ਪ੍ਰਣ ਕਰਨ ਦੀ ਅਪੀਲ ਕੀਤੀ ਹੈ। ਜਨਮ ਅਸ਼ਟਮੀ ਦੇ ਤਿਓਹਾਰ ਮੌਕੇ ਆਪਣੇ ਸੰਦੇਸ਼ 'ਚ ਮੁੱਖ ਮੰਤਰੀ ਨੇ ਕਿਹਾ ਕਿ ਅਸਹਿਮਤੀ ਵਾਲੇ ਮੌਜੂਦਾ ਮਾਹੌਲ 'ਚ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਦੀ ਹੋਰ ਵਧੇਰੇ ਸਾਰਥਕਤਾ ਹੈ, ਕਿਉਂਕਿ ਜੋ ਅਜੋਕੇ ਮਾਹੌਲ ਨੇ ਜਾਤ ਅਤੇ ਭਾਈਚਾਰੇ ਦੀਆਂ ਲੀਹਾਂ 'ਤੇ ਲੋਕਾਂ 'ਚ ਵੰਡੀਆਂ ਪਾਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੀਆਂ ਤੰਦਾਂ ਹੋਰ ਮਜ਼ਬੂਤ ਕਰਨ ਲਈ ਸ੍ਰੀਮਦ ਭਾਗਵਤ ਗੀਤਾ 'ਚ ਅੰਕਿਤ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਭਾਰਤ 'ਚ ਨਹੀਂ ਪੂਰੀ ਦੁਨੀਆ 'ਚ ਲੋਕ ਅੱਜ ਮਨੁੱਖਤਾ ਵਲੋਂ ਪਾਏ ਵਖਰੇਵਿਆਂ ਕਾਰਨ ਇਕ-ਦੂਜੇ ਤੋਂ ਦੂਰ ਹੋਏ ਹਨ। ਉਨ੍ਹਾਂ ਨੇ ਜਨਮ ਅਸ਼ਟਮੀ ਦਾ ਤਿਓਹਾਰ ਸ਼ਾਂਤੀ ਅਤੇ ਮਿਲ-ਜੁਲ ਕੇ ਮਨਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਆਓ ਭਗਵਾਨ ਕ੍ਰਿਸ਼ਨ ਦੇ ਫਲਸਫ਼ੇ ਨੂੰ ਅਪਣਾਉਂਦਿਆਂ ਖੁਸ਼ਹਾਲੀ ਅਤੇ ਸਦਭਾਵਨਾ ਦੇ ਨਵੇਂ ਦੌਰ 'ਚ ਪ੍ਰਵੇਸ਼ ਕਰੀਏ।


author

rajwinder kaur

Content Editor

Related News