ਸ੍ਰੀ ਖੁਰਾਲਗੜ੍ਹ ਸਾਹਿਬ ਹਾਦਸੇ 'ਚ ਹੁਣ ਤੱਕ 7 ਸ਼ਰਧਾਲੂਆਂ ਦੀ ਮੌਤ, ਮ੍ਰਿਤਕਾਂ ਲਈ ਵਿੱਤੀ ਮਦਦ ਦਾ ਐਲਾਨ

04/13/2023 3:47:08 PM

ਗੜ੍ਹਸ਼ੰਕਰ (ਸ਼ੋਰੀ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ 'ਤੇ ਬੀਤੀ ਰਾਤ ਅਚਾਨਕ ਇਕ ਬੇਕਾਬੂ ਟਰੱਕ ਚੜ੍ਹ ਗਿਆ। ਇਸ ਦਰਦਨਾਕ ਹਾਦਸੇ ਦੌਰਾਨ ਹੁਣ ਤੱਕ 7 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਕਰੀਬ ਸਾਢੇ 11 ਵਜੇ ਵਾਪਰਿਆ। ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਰਾਹੁਲ ਪੁੱਤਰ ਮਹਿਪਾਲ (25), ਸੁਦੇਸ਼ ਪਾਲ ਪੁੱਤਰ ਰਾਮਫਲ (48), ਰੰਮੋ ਪੁੱਤਰੀ ਸ਼ਿਸ਼ੂਪਾਲ (15),  ਗੀਤਾ ਦੇਵੀ ਪਤਨੀ ਪੁਸ਼ਪਿੰਦਰ ਕੁਮਾਰ (40), ਉੱਨਤੀ ਪੁੱਤਰੀ ਪੁਸ਼ਪਿੰਦਰ ਕੁਮਾਰ (16), ਸਾਰੇ ਵਾਸੀ ਮੁਜ਼ੱਫਰਨਗਰ ਯੂ. ਪੀ. ਹਾਲ ਵਾਸੀ ਜਿੰਦਲਪੁਰ ਭਾਦਸੋਂ ਅਤੇ ਸੰਤੋਸ਼ ਦੇਵੀ (50) ਅਤੇ ਅੰਗੂਰੀ ਦੇਵੀ (62) ਵਾਸੀ ਯਮੁਨਾਨਗਰ, ਹਰਿਆਣਾ ਵਜੋਂ ਹੋਈ ਹੈ। ਹਾਦਸੇ 'ਚ ਇੱਕੋ ਪਰਿਵਾਰ ਦੇ 5 ਵਿਅਕਤੀ ਦੱਸੇ ਜਾ ਰਹੇ ਹਨ। ਇਸ ਹਾਦਸੇ 'ਚ 20 ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਵਿੱਚੋ 6 ਪੀ. ਜੀ. ਆਈ ਚੰਡੀਗੜ੍ਹ ਰੈਫ਼ਰ ਕੀਤੇ ਗਏ ਅਤੇ 14 ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਹਨ। ਪੀ. ਜੀ. ਆਈ ਚੰਡੀਗੜ੍ਹ ਰੈਫ਼ਰ ਕੀਤੇ ਗਏ ਮਰੀਜ਼ਾ 'ਚ ਪਰਿਆਸ਼ ਪੁੱਤਰ ਅਰੁਣ ਵਾਸੀ ਮਸਤਾਨ ਖੇੜਾ (ਯੂ. ਪੀ.), ਗੁਰਜੋਤ ਸਿੰਘ ਪੁੱਤਰ ਮਨਪ੍ਰੀਤ ਸਿੰਘ ਵਾਸੀ ਲਾਲਕਲਾ ਸਮਰਾਲਾ (ਲੁਧਿਆਣਾ), ਸੁਖਦੇਵ ਪੁੱਤਰ ਇੰਦਰਜੀਤ ਵਾਸੀ ਜੰਡਿਆਲੀ (ਲੁਧਿਆਣਾ), ਰਸ਼ਨੀ ਪੁੱਤਰੀ ਸਰੇਸ਼ ਵਾਸੀ ਸਿੰਦਲਪੁਰ ਭਾਦਸੋਂ ਨਾਭਾ, ਜੋਗਿੰਦਰੋ ਦੇਵੀ ਪਤਨੀ ਅਮਰਨਾਥ ਵਾਸੀ ਯਮੁਨਾਨਗਰ ਅਤੇ ਟੀਨਾ ਪੁੱਤਰੀ ਨਰੇਸ਼ਪਾਲ ਵਾਸੀ ਸਿੰਦਰਪੁਰ ਭਾਦਸੋ ਨਾਭਾ ਸ਼ਾਮਲ ਹਨ।

ਇਹ ਵੀ ਪੜ੍ਹੋ : ਤਰਨਤਾਰਨ 'ਚ ਰਿਸ਼ਤੇ ਹੋਏ ਤਾਰ-ਤਾਰ, ਭਤੀਜੇ ਨੇ ਕੁਹਾੜੇ ਨਾਲ ਵੱਢਿਆ ਚਾਚਾ (ਵੀਡੀਓ)

ਸਿਵਲ ਹਸਪਤਾਲ ਗੜ੍ਹਸ਼ੰਕਰ 'ਚ ਦਾਖ਼ਲ ਮਰੀਜ਼ਾਂ 'ਚ ਸਸ਼ੀਲਾ ਪਤਨੀ ਨਰੇਸ਼ਪਾਲ ਵਾਸੀ ਮਸਤਾਨ ਖੇੜਾ (ਯੂ.ਪੀ), ਊਸ਼ਾ ਰਾਣੀ ਪਤਨੀ ਨਰੇਸ਼ ਕੁਮਾਰ, ਦੀਪਾ ਪਤਨੀ ਕਮਲ, ਝੁਟਕੀ ਪਤਨੀ ਕਮਲ ਵਾਸੀਆਨ ਰਾਮਪੁਰ ਲੁਧਿਆਣਾ, ਪੁਸ਼ਪਿੰਦਰ ਪੁੱਤਰ ਮਮਫਲ, ਸਕਿੰਦਰ ਪੁੱਤਰ ਮਮਫਲ ਵਾਸੀਆਨ ਮਸਤਾਨ ਖੇੜਾ (ਯੂ. ਪੀ.), ਨਰੇਸ਼ ਕੁਮਾਰ ਪੁੱਤਰ ਕਟਾਰ ਸਿੰਘ ਵਾਸੀ ਰਾਮਪੁਰਾ (ਲੁਧਿਆਣਾ),  ਡਿੰਪਲ ਪੁੱਤਰੀ ਸਿੰਕਦਰ ਸਿੰਘ, ਅਨੁਸ਼ਕਾ ਪੁੱਤਰੀ ਸੁਦੇਸ਼ ਪਾਲ, ਕਾਰਤਿਕ ਪੁੱਤਰ ਪੁਸ਼ਪਿੰਦਰ ਪਾਲ, ਸੁਨੇਨਾ ਪੁੱਤਰੀ ਸਿੰਕਦਰ, ਸਰਮੀਲਾ ਪਤਨੀ ਸੁਦੇਸ਼ ਪਾਲ, ਸਿੰਕਦਰ ਸਿੰਘ ਪੁੱਤਰ ਰਾਮਫਲ਼ ਅਤੇ ਕੁਸ਼ਮ ਪਤਨੀ ਸੀਸਪਾਲ ਵਾਸੀਆਨ ਸਿੰਦਰਪੁਰ ਭਾਦਸੋ ਨਾਭਾ ਸ਼ਾਮਿਲ ਹਨ। ਤਪ ਅਸਥਾਨ ਤੋਂ ਸ਼੍ਰੀ ਚਰਨ ਛੋਹ ਪ੍ਰਾਪਤ ਗੰਗਾਂ ਵੱਲ ਜਾ ਰਹੀਆਂ ਇਨ੍ਹਾਂ ਸੰਗਤਾਂ 'ਤੇ ਪਿਛੋਂ ਆ ਰਹੇ ਟਰੱਕ ਦੇ ਅਚਾਨਕ ਚੜ੍ਹ ਜਾਣ ਨਾਲ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ 'ਚ ਮੁੜ ਵਾਪਰਿਆ ਭਿਆਨਕ ਹਾਦਸਾ, 4 ਸ਼ਰਧਾਲੂਆਂ ਦੀ ਹੋਈ ਦਰਦਨਾਕ ਮੌਤ
ਮਰੀਜ਼ਾਂ ਦਾ ਹਾਲ ਜਾਨਣ ਪੁੱਜੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ
ਹਾਦਸੇ ਦੀ ਜਾਣਕਾਰੀ ਮਿਲਣ 'ਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਨਾਲ ਕੋਮਲਪ੍ਰੀਤ ਡੀ. ਸੀ. ਹੁਸ਼ਿਆਰਪੁਰ ਅਤੇ ਸਤਿੰਦਰ ਸਿੰਘ ਚਾਹਿਲ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਕਾਰੀ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਮ੍ਰਿਤਕਾਂ ਨੂੰ 2 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਅਤੇ ਫ਼ੱਟੜ ਮਰੀਜ਼ਾਂ ਦੇ ਇੱਕ ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਤੌਰ 'ਤੇ ਕਰਨ ਦਾ ਐਲਾਨ ਕੀਤਾ। ਇਹ ਗੱਲ ਵੀ ਦੱਸਣਯੋਗ ਹੈ ਕਿ ਸ਼ਰਧਾਲੂਆਂ 'ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਅਤੇ ਸ਼ਰਧਾਲੂਆਂ ਦੀਆਂ ਨਿੱਤ ਜਾਨਾਂ ਜਾ ਰਹੀਆਂ ਹਨ। ਸ੍ਰੀ ਚਰਨ ਛੋਹ ਪ੍ਰਾਪਤ ਧਰਤੀ, ਅੰਮ੍ਰਿਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਸੰਤ ਬਾਬਾ ਸੁਰਿੰਦਰ ਦਾਸ ਨੇ ਦੱਸਿਆ ਕਿ ਉਨ੍ਹਾਂ ਦੀ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਨਾ ਤਾਂ ਕੋਈ ਸਰਕਾਰੀ ਤੌਰ 'ਤੇ ਇਥੇ ਐਂਬੂਲੈਂਸ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਡਾਕਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦ ਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਉੱਤਰੀ ਭਾਰਤ ਦੇ ਕੋਨੇ-ਕੋਨੇ ਤੋਂ ਇੱਥੇ ਵਿਸਾਖੀ ਮੌਕੇ ਪਹੁੰਚਣਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News