ਦਿੱਲੀ ਕਮੇਟੀ ਦਿੱਲੀ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਨਹੀਂ ਸਕਦੀ, ਕੈਨੇਡਾ ਵਿਚ ਛਾਪਣ ਦੇ ਸੁਪਨੇ ਲੈ ਰਹੀ : ਸਰਨਾ

Wednesday, Jun 21, 2017 - 06:36 AM (IST)

ਜਲੰਧਰ  (ਚਾਵਲਾ) - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਕੈਨੇਡਾ ਸੂਬੇ ਦੀ ਸੈਰ ਕਰਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਕਮੇਟੀ ਦਿੱਲੀ ਵਿਚ ਤਾਂ ਛਾਪ ਨਹੀਂ ਰਹੀ ਤੇ ਕੈਨੇਡਾ ਵਿਚ ਛਾਪਣ ਦੇ ਸੁਪਨੇ ਲੈ ਰਹੀ ਹੈ ਜਦਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਦੇਸ਼ਾਂ ਵਿਚ ਸਰੂਪ ਛਾਪਣ ਦਾ ਕੋਈ ਵੀ ਆਦੇਸ਼ ਜਾਰੀ ਨਹੀਂ ਹੋਇਆ ਹੈ।
 ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਵਿਦੇਸ਼ਾਂ ਵਿਚ ਛਪਾਈ ਕਰਨ ਦੇ ਦੋ ਵਾਰੀ ਯਤਨ ਕਰ ਚੁੱਕੀ ਹੈ ਪਰ ਹਰ ਵਾਰ ਮਰਿਆਦਾ ਦੀ ਅੜਚਣ ਪੈਦਾ ਹੋ ਜਾਂਦੀ ਰਹੀ ਹੈ। ਅਮਰੀਕਾ ਦੇ ਅਮੀਰ ਸਿੱਖ ਦੀਦਾਰ ਸਿੰਘ ਬੈਂਸ ਨੇ ਸ਼੍ਰੋਮਣੀ ਕਮੇਟੀ ਨੂੰ ਪੌਣੇ 14 ਏਕੜ ਜ਼ਮੀਨ ਅਮਰੀਕਾ ਵਿਚ ਸਿੱਖ ਮਿਸ਼ਨ ਖੋਲ੍ਹਣ ਲਈ ਦਿੱਤੀ ਸੀ, ਜਿਥੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਨੇ ਬੈਂਕ ਵਿਚ ਦੋ ਢਾਈ ਕਰੋੜ ਜਮ੍ਹਾ ਵੀ ਕਰਵਾ ਦਿੱਤੇ ਸਨ ਪਰ ਉਥੋਂ ਦੀ ਸਰਕਾਰ ਤੋਂ ਇਜਾਜ਼ਤ ਨਹੀਂ ਮਿਲ ਸਕੀ ਸੀ। ਇਸੇ ਜਗ੍ਹਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਉਸਾਰਨ ਦਾ ਵੀ ਫੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੈਨੇਡਾ ਵਿਚ ਵੀ ਸ਼੍ਰੋਮਣੀ ਕਮੇਟੀ ਨੇ ਭਾਈ ਰਿਪੁਦਮਨ ਸਿੰਘ ਮਲਿਕ ਨਾਲ ਵੀ ਰਾਬਤਾ ਕਾਇਮ ਕੀਤਾ ਸੀ ਤੇ ਸ਼੍ਰੋਮਣੀ ਕਮੇਟੀ ਦੀ ਇਸ ਟੀਮ ਵਿਚ ਤੱਤਕਾਲੀ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਤੋਂ ਇਲਾਵਾ ਹੋਰ ਦਫਤਰੀ ਸਟਾਫ ਵੀ ਸ਼ਾਮਲ ਸੀ ਪਰ ਲੱਖਾਂ ਰੁਪਏ ਕਿਰਾਏ ਭਾੜਿਆਂ ਵਿਚ ਖਰਚ ਕਰਕੇ ਬਰਬਾਦ ਕਰ ਦਿੱਤੇ ਗਏ ਤੇ ਸਿਰਫ ਸੈਰ ਤੋਂ ਇਲਾਵਾ ਕੋਈ ਹੋਰ ਸਿੱੱਟਾ ਨਹੀਂ ਨਿਕਲਿਆ ਸੀ। ਉਨ੍ਹਾਂ ਕਿਹਾ ਕਿ ਹੁਣ ਮਨਜੀਤ ਸਿੰਘ ਜੀ. ਕੇ. ਆਪਣੇ ਅੱਧੀ ਦਰਜਨ ਸਾਥੀਆਂ ਨਾਲ ਕੈਨੇਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਪਵਾਉਣ ਦਾ ਕਾਰਜ ਸ਼ੁਰੂ ਕਰਨ ਦੀ ਗੱਲਬਾਤ ਕਰਨ ਲਈ ਗਏ ਹੋਏ ਹਨ। 1925 ਦੇ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕੋਈ ਵੀ ਹੋਰ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਨਹੀਂ ਸਕਦੀ ਅਤੇ ਜਿੰਨਾ ਚਿਰ ਤੱਕ ਸ਼੍ਰੋਮਣੀ ਕਮੇਟੀ ਲਿਖਤੀ ਰੂਪ ਵਿਚ ਆਦੇਸ਼ ਜਾਰੀ ਨਹੀਂ ਕਰਦੀ, ਓਨਾ ਚਿਰ ਤੱਕ ਕਿਸੇ ਵੀ ਹੋਰ ਸੰਸਥਾ ਨੂੰ ਸਰੂਪ ਛਾਪਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ।


Related News