ਗੁਰੁ ਨਗਰੀ 'ਚ ਅੱਜ ਤੋਂ ਸ਼ੁਰੂ ਹੋਵੇਗਾ ਹੋਲਾ ਮਹੱਲਾ

Sunday, Mar 08, 2020 - 12:12 AM (IST)

ਗੁਰੁ ਨਗਰੀ 'ਚ ਅੱਜ ਤੋਂ ਸ਼ੁਰੂ ਹੋਵੇਗਾ ਹੋਲਾ ਮਹੱਲਾ

ਸ੍ਰੀ ਅਨੰਦਪੁਰ ਸਾਹਿਬ,(ਦਲਜੀਤ ਸਿੰਘ ਅਰੋੜਾ)-ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਸਾਲਾਨਾ ਕੌਮੀ ਜੋੜ ਮੇਲਾ ਹੋਲਾ ਮਹੱਲਾ ਐਤਵਾਰ ਤੋਂ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਚੱਲ ਰਿਹਾ ਹੋਲਾ ਮਹੱਲਾ ਦਾ ਪਹਿਲਾ ਪੜਾਅ ਅੱਜ ਸਮਾਪਤ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਗੁਰੂ ਸਾਹਿਬ ਦੇ ਪਾਵਨ ਸ਼ਸਤਰਾਂ ਦੇ ਕਰਵਾਏ ਜਾਣਗੇ ਦਰਸ਼ਨ
ਇਸ ਵਾਰ ਹੋਲੇ ਮਹੱਲੇ ਮੌਕੇ ਦੇਸ਼-ਵਿਦੇਸ਼ ਤੋਂ 20 ਲੱਖ ਦੇ ਕਰੀਬ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਸੰਗਤਾਂ ਦੀ ਰਿਹਾਇਸ਼, ਲੰਗਰ, ਜੋੜਾ ਘਰ, ਗੱਠੜੀ ਘਰ ਅਤੇ ਸੁਰੱਖਿਆ ਆਦਿ ਦੇ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ। ਹੋਲਾ ਮਹੱਲਾ ਦੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ 8 ਮਾਰਚ ਨੂੰ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਜੀ ਗੁਰੂ ਸਾਹਿਬ ਦੇ ਪਾਵਨ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣਗੇ ਅਤੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ।

10 ਮਾਰਚ ਨੂੰ ਕੱਢਿਆ ਜਾਵੇਗਾ ਮਹੱਲਾ
ਤਖਤ ਸਾਹਿਬ ਵਿਖੇ 8 ਤੋਂ 10 ਮਾਰਚ ਸ਼ਾਮ ਤੱਕ ਲਗਾਤਾਰ ਧਾਰਮਿਕ ਦੀਵਾਨ ਸਜਣਗੇ, ਜਿਸ ਵਿਚ ਕੌਮ ਦੇ ਪੰਥ ਪ੍ਰਸਿੱਧ ਰਾਗੀ ਜਥਿਆਂ, ਢਾਡੀ ਜਥਿਆਂ ਅਤੇ ਕਥਾ ਵਾਚਕ ਸਾਹਿਬਾਨ ਵਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ। ਇਸੇ ਦਿਨ-ਰਾਤ ਨੂੰ ਰਵਾਇਤੀ ਬਸੰਤ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਗੁਰਮਤਿ ਦੇ ਰਾਗਾਂ 'ਤੇ ਆਧਾਰਤ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 9 ਮਾਰਚ ਨੂੰ ਕਵੀ ਦਰਬਾਰ ਅਤੇ ਕਵੀਸ਼ਰ ਦਰਬਾਰ ਹੋਵੇਗਾ। 10 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਉਪਰੰਤ ਰਵਾਇਤੀ ਮਹੱਲਾ (ਨਗਰ ਕੀਰਤਨ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਕਿਲਾ ਹੋਲਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਵਾਪਿਸ ਤਖਤ ਸਾਹਿਬ ਵਿਖੇ ਪਹੁੰਚੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਸਿੰਘ-ਸਾਹਿਬਾਨ ਵੀ ਸ਼ਾਮਲ ਹੋ ਕੇ ਪੰਥ ਦੇ ਨਾਮ ਸੰਦੇਸ਼ ਜਾਰੀ ਕਰਨਗੇ।

ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਿਰੰਗੀਆਂ ਲੜੀਆਂ ਨਾਲ ਸਜਾਇਆ
ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਹਿਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ। ਸਾਰੇ ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਿਰੰਗੀਆਂ ਦੀਪਮਾਲਾਵਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। ਉਧਰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਰਵਾਇਤੀ ਦਲ ਘੋੜਿਆਂ 'ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਹਨ।


Related News