ਸਿੱਖਾਂ ਦੀ ਸੁਰੱਖਿਆ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਟਿੱਪਣੀ ਚਿੰਤਾਜਨਕ : ਕੈਪਟਨ

01/07/2020 7:31:53 PM

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਭਾਰਤ 'ਚ ਵੀ ਸਿੱਖਾਂ ਦੇ ਸੁਰੱਖਿਅਤ ਨਾ ਹੋਣ ਬਾਰੇ ਟਿੱਪਣੀ 'ਤੇ ਗੰਭੀਰ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਹੈ ਕਿ ਉਹ ਅਕਾਲੀਆਂ 'ਤੇ ਦਬਾਅ ਪਾਵੇ ਤਾਂ ਕਿ ਉਹ ਕੇਂਦਰ 'ਚ ਆਪਣੀ ਭਾਈਵਾਲ ਪਾਰਟੀ ਦੀ ਸਰਕਾਰ ਤੋਂ ਬਾਹਰ ਆ ਜਾਣ ਅਤੇ ਨਾਲ ਹੀ ਅਕਾਲੀ ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਨਾਲ ਹਰ ਪ੍ਰਕਾਰ ਦੇ ਸਬੰਧ ਤੋੜ ਲੈਣ, ਜਿਹੜੀ ਦੇਸ਼ ਵਿਚਲੀਆਂ ਘੱਟ-ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਅਸਫਲ ਹੋਈ ਹੈ।

ਉਨ੍ਹਾਂ ਕਿਹਾ ਕਿ ਉਹ ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਭਾਰਤ 'ਚ ਸਿੱਖਾਂ ਦੇ ਸੁਰੱਖਿਅਤ ਨਾ ਹੋਣ ਬਾਰੇ ਟਿੱਪਣੀ ਨਾਲ ਸਹਿਮਤ ਨਹੀਂ ਹਨ ਪਰ ਜੇਕਰ ਜਥੇਦਾਰ ਅਜਿਹਾ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਇਹ ਮਾਮਲਾ ਚੁੱਕਣਾ ਚਾਹੀਦਾ ਹੈ ਅਤੇ ਉਸ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਬਾਹਰ ਆਉਣ ਦੀ ਹਦਾਇਤ ਦੇਣੀ ਚਾਹੀਦੀ ਹੈ ।

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੀ ਤੁਲਨਾ 'ਚ ਭਾਰਤ ਨੂੰ ਇਕ ਧਰਮ-ਨਿਰਪੱਖ ਦੇਸ਼ ਹੋਣ ਦਾ ਮਾਣ ਹਾਸਲ ਹੈ, ਜਿੱਥੇ ਧਰਮ ਦੇ ਅਧਾਰ 'ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸਿੱਖ ਭਾਈਚਾਰੇ ਦੇ ਅੰਦਰ ਜੇਕਰ ਅਜਿਹੀ ਭਾਵਨਾ ਪੈਦਾ ਹੁੰਦੀ ਹੈ ਕਿ ਦੇਸ਼ 'ਚ ਸਿੱਖ ਸੁਰੱਖਿਅਤ ਨਹੀਂ ਹਨ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਅਕਾਲ ਤਖ਼ਤ ਦੇ ਕਾਇਮ ਮੁਕਾਮ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮਝਦੇ ਹਨ ਕਿ ਸਿੱਖ ਦੇਸ਼ 'ਚ ਸੁਰੱਖਿਅਤ ਨਹੀਂ ਹਨ ਤਾਂ ਉਸ ਲਈ ਕੇਂਦਰ ਸਰਕਾਰ ਨੂੰ ਹੀ ਪੂਰੀ ਤਰ੍ਹਾਂ ਦੋਸ਼ੀ ਠਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਸਿੱਖ ਧਰਮ ਦਾ ਸਰਪ੍ਰਸਤ ਹੋਣ ਦਾ ਦਾਅਵਾ ਕਰਦੇ ਹਨ ਅਤੇ ਦੇਸ਼ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਭ ਤੋਂ ਪਹਿਲਾਂ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣ ਲਈ ਕਹਿਣਾ ਚਾਹੀਦਾ ਹੈ । ਦੇਸ਼ 'ਚ ਪਿਛਲੇ ਕੁਝ ਸਮਿਆਂ 'ਚ ਵਾਪਰੀਆਂ ਘਟਨਾਵਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਦੇਸ਼ 'ਚ ਸਿੱਖ ਸੁਰੱਖਿਅਤ ਨਹੀਂ ਹਨ। ਸਿੱਖਾਂ ਨੇ 1980ਵਿਆਂ ਦਾ ਕਾਲਾ ਦਹਾਕਾ ਵੀ ਦੇਖਿਆ ਹੈ ਅਤੇ ਉਸ ਖ਼ੌਫ਼ਨਾਕ ਤੋਂ ਵੀ ਉਹ ਬਾਹਰ ਨਿਕਲੇ ਹਨ। ਸਿੱਖ ਬਹੁ-ਗਿਣਤੀ ਵਾਲੇ ਰਾਜ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਨਾ ਸਿਰਫ਼ ਪੰਜਾਬ 'ਚ, ਸਗੋਂ ਪੂਰੇ ਦੇਸ਼ 'ਚ ਕਰਨ ਲਈ ਵਚਨਬੱਧ ਹਨ।
 


Related News