ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਆਹਲੂਵਾਲੀਆ ਨੂੰ ਜਾਰੀ ਹੋਇਆ ਸ਼ੋਅ-ਕਾਜ਼ ਨੋਟਿਸ

05/13/2022 12:21:34 PM

ਜਲੰਧਰ (ਚੋਪੜਾ)- ਇੰਪਰੂਵਮੈਂਟ ਟਰੱਸਟ ਦੇ ਐੱਲ. ਡੀ. ਪੀ. ਕੋਟੇ ਦੇ ਤਹਿਤ ਪਲਾਟਾਂ ਦੀ ਅਲਾਟਮੈਂਟ ਨੂੰ ਲੈ ਕੇ ਵਰਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤਕ ਪਹੁੰਚ ਗਿਆ ਹੈ, ਜਿਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਟਰੱਸਟ ਰਾਜਨੀਤੀ ਵਿਚ ਖਾਸੀ ਹਲਚਲ ਵੇਖਣ ਨੂੰ ਮਿਲੇਗੀ। ਵੀਰਵਾਰ ਲੋਕਲ ਬਾਡੀ ਡਿਪਾਰਟਮੈਂਟ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਕਲਰਕਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਮਹਿਕਮੇ ਦੇ ਚੀਫ਼ ਵਿਜੀਲੈਂਸ ਅਧਿਕਾਰੀ ਨੇ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ’ਤੇ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਸੂਰਿਆ ਇਨਕਲੇਵ ਅਤੇ ਸੂਰਿਆ ਐਨਕਲੇਵ ਐਕਸਟੈਂਸ਼ਨ ਵਿਚ ਐੱਲ. ਡੀ. ਪੀ. ਕੋਟੇ ਦੇ ਪੰਜ ਪਲਾਟਾਂ ਦੀ ਅਲਾਟਮੈਂਟ ਵਿਚ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤਾ ਹੈ।

ਚੀਫ਼ ਵਿਜੀਲੈਂਸ ਅਧਿਕਾਰੀ ਨੇ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਸੂਰੀਆ ਐਨਕਲੇਵ ਦੇ ਪਲਾਟ ਨੰਬਰ 356 ਬੀ. 1, ਪਲਾਟ ਨੰਬਰ 32 ਸੀ, ਪਲਾਟ ਨੰਬਰ 552 ਬੀ, ਪਲਾਟ ਨੰਬਰ 31 ਸੀ ਅਤੇ ਸੂਰਿਆ ਇਨਕਲੇਵ ਐਕਸਟੈਂਸ਼ਨ ਦੇ ਪਲਾਟ ਨੰਬਰ 43 ਸੀ ਦੇ ਅਲਾਟਮੈਂਟ ਕੇਸਾਂ ਦੀ ਮਿਲੀ ਸ਼ਿਕਾਇਤ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਚੇਅਰਮੈਨ ਆਹਲੂਵਾਲੀਆ ਨੇ ਉਕਤ ਪਲਾਟਾਂ ਦੀਆਂ ਫਾਈਲਾਂ ਨੂੰ ਟਰੱਸਟ ਦੇ ਈ. ਓ. ਤੋਂ ਰਿਪੋਰਟ ਲਏ ਬਗੈਰ ਸਿੱਧੇ ਹੀ ਪ੍ਰਵਾਨ ਕਰ ਦਿਤਾ, ਜੋਕਿ ਉਨ੍ਹਾਂ ਦੀ ਮਾੜੀ ਨੀਅਤ ਅਤੇ ਮਿਲੀਭੁਗਤ ਨੂੰ ਉਜਾਗਰ ਕਰਦਾ ਹੈ। ਇਨ੍ਹਾਂ ਪਲਾਟਾਂ ਦੀਆਂ ਫਾਈਲਾਂ ਨੂੰ ਪ੍ਰਵਾਨ ਕਰਦੇ ਸਮੇਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਨਾਲ ਇੰਪਰੂਵਮੈਂਟ ਟਰੱਸਟ ਨੂੰ ਵਿੱਤੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼

ਚੀਫ਼ ਵਿਜੀਲੈਂਸ ਅਧਿਕਾਰੀ ਨੇ ਨੋਟਿਸ ’ਚ ਲਿਖਿਆ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਮਿਤੀ 9 ਮਈ 2022 ਰਾਹੀਂ ਆਪਣੇ ਸ਼ੋਅ ਕਾਜ਼ ਨੋਟਿਸ ਜਾਰੀ ਕਰਦੇ ਹੋਏ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਉਕਤ ਬੇਨਿਯਮੀਆਂ ਸਬੰਧੀ ਆਪਣਾ ਸਪੱਸ਼ਟੀਕਰਨ ਤਿੰਨ ਦਿਨਾਂ ਦੇ ਅੰਦਰ-ਅੰਦਰ ਇਸ ਦਫ਼ਤਰ ਵਿਚ ਪੇਸ਼ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਰਧਾਰਤ ਸਮੇਂ ’ਚ ਜਵਾਬ ਨਾ ਪ੍ਰਾਪਤ ਹੋਣ ’ਤੇ ਤੁਹਾਡੇ ਵਿਰੁੱਧ ਕੇਸ ਨੂੰ ਵਿਜੀਲੈਂਸ ਬਿਊਰੋ ਪੰਜਾਬ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ।

ਐੱਲ. ਡੀ. ਪੀ. ਕੋਟੇ ਦੇ ਪੰਜ ਪਲਾਟਾਂ ਦੀ ਅਲਾਟਮੈਂਟ 'ਤੇ 46 ਇਤਰਾਜ਼ ਲਾਏ
ਚੀਫ਼ ਵਿਜੀਲੈਂਸ ਆਫਿਸਰ ਵਲੋਂ ਭੇਜੇ ਗਏ ਸ਼ੋਅਕਾਜ਼ ਨੋਟਿਸ ਵਿਚ ਸੂਰਿਆ ਇਨਕਲੇਵ ਅਤੇ ਸੂਰਿਆ ਐਨਕਲੇਵ ਐਕਸਟੈਂਸ਼ਨ ਨਾਲ ਸਬੰਧਤ ਪੰਜ ਪਲਾਟਾਂ ਨੂੰ ਲੈ ਕੇ ਕੀਤੀ ਗਈ ਅਲਾਟਮੈਂਟ ਸਬੰਧੀ ਫਾਈਲਾਂ ਦੀ ਜਾਂਚ ਦੌਰਾਨ 46 ਤਰ੍ਹਾਂ ਦੇ ਵੱਖ-ਵੱਖ ਇਤਰਾਜ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਤੇ ਹਦਾਇਤਾਂ ਨੂੰ ਦਰਕਿਨਾਰ ਕਰ ਕੇ ਕੀਤੀ ਗਈ ਅਲਾਟਮੈਂਟ ਨੂੰ ਲੈ ਕੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤਿੰਨ ਦਿਨਾਂ ਵਿਚ ਮਹਿਕਮੇ ਨੂੰ ਭੇਜੇ ਜਾਣ।

ਗਹਿਣ ਜਾਂਚ ਹੋਵੇ ਤਾਂ ਐੱਲ. ਡੀ. ਪੀ. ਕੋਟੇ ਦੇ ਵੱਡੇ ਘਪਲੇ ਆਉਣਗੇ ਸਾਹਮਣੇ
ਇੰਪਰੂਵਮੈਂਟ ਟਰੱਸਟ ਦੇ ਐੱਲ. ਡੀ. ਪੀ. ਕੋਟੇ ਦੇ ਪਲਾਟਾਂ ਦੀ ਅਲਾਟਮੈਂਟ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇ ਤਾਂ ਕਈ ਵੱਡੇ ਘਪਲੇ ਸਾਹਮਣੇ ਆ ਜਾਣਗੇ ਹਾਲਾਂਕਿ ਐੱਲ. ਡੀ. ਪੀ. ਕੋਟੇ ਦੇ ਪਲਾਂਟਾਂ ’ਚ ਘਪਲਿਆਂ ਨੂੰ ਲੈ ਕੇ ਅਲਾਟਮੈਂਟ ਕਰਨ ਦਾ ਖੇਡ ਕੋਈ ਨਵਾਂ ਨਹੀਂ ਹੈ। ਇਹ ਕੰਮ ਪਿਛਲੇ ਕਈ ਸਾਲਾਂ ਤੋਂ ਬਾਦਸਤੂਰ ਜਾਰੀ ਹੈ। ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਪਰ ਐੱਲ. ਡੀ. ਪੀ. ਪਲਾਟਾਂ ’ਤੇ ਨਜ਼ਰਾਂ ਟਿਕਾਈ ਬੈਠੇ ਲੋਕ ਇਨ੍ਹਾਂ ਪਲਾਟਾਂ ਨੂੰ ਆਪਣੀ ਮਨਮਰਜ਼ੀ ਨਾਲ ਅਲਾਟ ਕਰਦੇ ਆ ਰਹੇ ਹਨ, ਜੇਕਰ ਮੁੱਖ ਮੰਤਰੀ ਭਗਵੰਤ ਮਾਨ ਐੱਲ. ਡੀ. ਪੀ. ਪਲਾਟਾਂ ਦੀ ਪਿਛਲੇ ਦੀ ਨਿਰਪੱਖ ਜਾਂਚ ਕਰਾਉਣ ਤਾਂ ਇਹ ਘਪਲੇ ਕਰੋੜਾਂ ਰੁਪਿਆਂ ਨੂੰ ਵੀ ਪਾਰ ਕਰ ਸਕਦੇ ਹਨ।

ਇਹ ਵੀ ਪੜ੍ਹੋ:  ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ

ਮੇਰੇ ਕਿਸੇ ਕੰਮ ਵਿਚ ਟਰੱਸਟ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ : ਦਲਜੀਤ ਆਹਲੂਵਾਲੀਆ
ਅਜੇ ਅਧਿਕਾਰਿਕ ਤੌਰ ’ਤੇ ਨਹੀਂ ਮਿਲਿਆ ਨੋਟਿਸ, ਮਿਲਣ ’ਤੇ ਹੀ ਦੇਵਾਂਗਾ ਕੋਈ ਸਪਸ਼ਟੀਕਰਨ

ਚੀਫ਼ ਵਿਜੀਲੈਂਸ ਆਫਿਸਰਜ਼ ਵੱਲੋਂ ਜਾਰੀ ਕੀਤੇ ਸ਼ੋਅ ਕਾਜ਼ ਨੋਟਿਸ ਦੇ ਮਾਮਲੇ ’ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਹੀ ਨੋਟਿਸ ਜਾਰੀ ਹੋਣ ਸਬੰਧੀ ਜਾਣਕਾਰੀ ਮਿਲੀ ਹੈ ਪਰ ਅਧਿਕਾਰਿਕ ਤੌਰ ’ਤੇ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ। ਦਲਜੀਤ ਸਿੰਘ ਆਹਲੂਵਾਲੀਆ ਨੇ ਦਾਅਵਾ ਕੀਤਾ ਕਿ ਮੇਰੇ ਕਿਸੇ ਵੀ ਕੰਮ ਨਾਲ ਇੰਪਰੂਵਮੈਂਟ ਟਰੱਸਟ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਕਰਜ਼ੇ ’ਚ ਡੁੱਬੇ ਟਰੱਸਟ ਨੂੰ ਉਨ੍ਹਾਂ ਨੇ ਖੜ੍ਹਾ ਕਰਦੇ ਹੋਏ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀਆਂ ਨਿਪਟਾਈਆਂ ਹਨ। ਆਹਲੂਵਾਲੀਆ ਨੇ ਕਿਹਾ ਕਿ ਐੱਲ. ਡੀ. ਪੀ. ਕੋਟੇ ਦੇ ਜਿਨ੍ਹਾਂ ਪੰਜ ਪਲਾਟਾਂ ਦਾ ਜ਼ਿਕਰ ਹੋ ਰਿਹਾ, ਉਨ੍ਹਾਂ ਵਿਚੋਂ ਤਿੰਨ ਪਲਾਟ ਉਨ੍ਹਾਂ ਦੇ ਦਫ਼ਤਰ ਤੋਂ ਪਹਿਲਾਂ ਹੀ ਅਲਰਟ ਹੋਏ ਹਨ, ਇਸ ਲਈ ਇਹ ਪਲਾਂਟ ਤਿੰਨ-ਤਿੰਨ ਵਾਰ ਅੱਗੇ ਵਿਕ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਬਾਕੀ ਕਿਸੇ ਪਲਾਂਟ ਨਾਲ ਸਬੰਧਤ ਕੋਈ ਕੰਮ ਟਰੱਸਟ ਵਿਚ ਆਇਆ ਵੀ ਹੋਵੇਗਾ ਤਾਂ ਉਹ ਲੀਗਲ, ਇੰਜਨੀਅਰਿੰਗ, ਸੇਲ ਬ੍ਰਾਂਚ ਤੋਂ ਆਇਆ ਹੋਵੇਗਾ, ਉਸ ਦਾ ਬਣਦਾ ਸਪੱਸ਼ਟੀਕਰਨ ਦੇ ਦੇਵਾਂਗੇ।

ਇਹ ਵੀ ਪੜ੍ਹੋ:  ਜਲੰਧਰ: ਦੋਵੇਂ ਹੱਥ ਬੰਨ੍ਹੇ ਲੋਹੇ ਦੀ ਗਰਿੱਲ ਨਾਲ ਲਟਕਦੀ ਮਿਲੀ ਪੁੱਤ ਦੀ ਲਾਸ਼, ਮਾਂ ਨੇ ਨੂੰਹ 'ਤੇ ਲਾਏ ਕਤਲ ਦੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News