ਕੀ ਖਤਰਨਾਕ ਕੁੱਤਾ ‘ਪਿਟਬੁੱਲ’ ਹੋਣਾ ਚਾਹੀਦਾ ਹੈ ਬੈਨ ?

Thursday, Mar 12, 2020 - 10:23 PM (IST)

ਕੀ ਖਤਰਨਾਕ ਕੁੱਤਾ ‘ਪਿਟਬੁੱਲ’ ਹੋਣਾ ਚਾਹੀਦਾ ਹੈ ਬੈਨ ?

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਪਿਟਬੁੱਲ ਕੁੱਤਿਆਂ ਨੂੰ ਘਰਾਂ ਵਿਚ ਰੱਖਣ ਦਾ ਖਤਰਨਾਕ ਸ਼ੌਕ, ਕਦੋਂ ਕਿਸੇ ਦੂਜੇ ਵਿਅਕਤੀ ਲਈ ਜਾਨਲੇਵਾ ਬਣ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਆਏ ਦਿਨ ਪਿਟਬੁੱਲ ਕੁੱਤਿਆਂ ਵੱਲੋਂ ਬੇਕਸੂਰ ਲੋਕਾਂ ’ਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਮਾਮਲੇ ਵਿਚ ਪਿਟਬੁੱਲ ਕੁੱਤੇ ਨੇ ਚੰਡੀਗੜ੍ਹ ਦੇ ਸੈਕਟਰ-30 ਦੀ ਰਹਿਣ ਵਾਲੀ ਨੌਜਵਾਨ ਲਵਲੀ ਨੂੰ ਜ਼ਖਮੀ ਕਰ ਦਿੱਤਾ। ਇਹ ਕੁੜੀ ਜਿਲ੍ਹਾ ਕਪੂਰਥਲਾ ਤੋਂ ਚੰਡੀਗੜ੍ਹ ਆਪਣੀ ਮਾਸੀ ਦੇ ਘਰ ਗਈ ਹੋਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਭਾਵੇਂ ਕਿ ਪਿਟਬੁੱਲ ਦੇ ਮਾਲਕ ਪ੍ਰੇਮ ਚੰਦਰ ਖ਼ਿਲਾਫ਼ ਆਈਪੀਸੀ ਦੀ ਧਾਰਾ 289 ਤਹਿਤ ਕੇਸ ਦਰਜ ਕਰ ਲਿਆ ਪਰ ਜਲਦ ਹੀ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ 28 ਜਨਵਰੀ 2020 ਨੂੰ ਜਲੰਧਰ ਵਿਚ ਵੀ ਪਿਟਬੁੱਲ ਨੇ ਟਿਊਸ਼ਨ ਤੋਂ ਘਰ ਆ ਰਹੇ ਇਕ 12 ਸਾਲ ਦੇ ਬੱਚੇ ’ਤੇ ਹਮਲਾ ਕੀਤਾ ਸੀ। ਇਸ ਦੌਰਾਨ ਲੋਕ 10 ਮਿੰਟ ਤੱਕ ਬੱਚੇ ਨੂੰ ਕੁੱਤੇ ਤੋਂ ਬਚਾਉਣ ਲਈ ਜੂਝਦੇ ਰਹੇ ਪਰ ਕੁੱਤੇ ਨੇ ਬੱਚੇ ਦੀ ਲੱਤ ਨਹੀਂ ਛੱਡੀ। ਇਸ ਹਮਲੇ ’ਚ ਪਿਟਬੁੱਲ ਕੁੱਤੇ ਨੇ ਮਾਸੂਮ ਬੱਚੇ ਦੇ ਸਰੀਰ ’ਤੇ 25 ਥਾਵਾਂ ’ਤੇ ਦੰਦ ਮਾਰੇ ਸਨ। ਇਸ ਦੌਰਾਨ ਬੱਚਾ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ। ਹਮਲੇ ਤੋਂ ਬਾਅਦ ਮਾਸੂਮ ਬੱਚੇ ਦੇ ਮਾਪਿਆਂ ਅਤੇ ਹੋਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਪਿਟਬੁੱਲ ਰੱਖਣ 'ਤੇ ਪੂਰਨ ਤੌਰ 'ਤੇ ਰੋਕ ਲਾਈ ਜਾਵੇ। 
ਇਸੇ ਤਰ੍ਹਾਂ ਦਾ ਮਾਮਲਾ ਅਕਤੂਬਰ ਮਹੀਨੇ ਭੋਗਪੁਰ ਵਿਚ ਵੀ ਸਾਹਮਣੇ ਆਇਆ ਸੀ, ਜਿੱਥੇ ਪਿਟਬੁੱਲ ਕੁੱਤੇ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਭੋਗਪੁਰ ਦੇ ਨੇੜਲੇ ਪਿੰਡ ਕੁਰੇਸ਼ੀਆਂ ਵਿਚ ਇਕ ਔਰਤ ਹਵੇਲੀ ਦਾ ਕੰਮ-ਕਾਰ ਮੁਕਾ ਕੇ ਘਰ ਜਾ ਰਹੀ ਸੀ ਕਿ ਗੁਆਂਢ ਵਿਚ ਜਗਨਦੀਪ ਸਿੰਘ ਵੱਲੋਂ ਰੱਖੇ ਗਏ ਪਿਟਬੁੱਲ ਕੁੱਤੇ ਨੇ ਉਸ ਦੇ ਖੱਬੇ ਮੋਢੇ ਨੂੰ ਨੋਚ ਖਾਧਾ ਸੀ। ਅਜਿਹੇ ਸਾਰੇ ਮਾਮਲਿਆਂ ਤੋਂ ਬਾਅਦ ਪਿਟਬੁੱਲ ਨੂੰ ਬੈਨ ਕਰਨ ਦੀ ਮੰਗ ਵੀ ਉੱਠਦੀ ਰਹਿੰਦੀ ਹੈ ਪਰ ਇਸ ’ਤੇ ਅਮਲੀ ਕਾਰਵਾਈ ਅੱਜ ਤੱਕ ਨਹੀਂ ਹੋ ਸਕੀ। 

ਕਈ ਦੇਸ਼ ਲਗਾ ਚੁੱਕੇ ਹਨ ਪਿਟਬੁੱਲ 'ਤੇ ਪਾਬੰਦੀ
 ਪਿਟਬੁੱਲ ਉੱਤੇ ਦੁਨੀਆ ਦੇ 12 ਦੇਸ਼ ਪਾਬੰਧੀ ਲਗਾ ਚੁੱਕੇ ਹਨ।ਇਨ੍ਹਾਂ ਵਿਚ ਨਿਊਜ਼ੀਲੈਂਡ, ਬ੍ਰਾਜ਼ੀਲ, ਬੈਲਜੀਅਮ, ਕੈਨੇਡਾ, ਫਰਾਂਸ, ਫਿਨਲੈਂਡ, ਡੈਨਮਾਰਕ, ਪੋਲੈਂਡ, ਨਾਰਵੇ ਆਦਿ ਦੇਸ਼ ਸ਼ਾਮਲ ਹਨ। ਵੱਖ-ਵੱਖ ਅਧਿਐਨਾ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਟਬੁੱਲ ਕੁੱਤੇ ਹੋਰ ਕੁੱਤਿਆਂ ਤੋਂ ਵਧੇਰੇ ਖਤਰਨਾਕ ਹਨ। ਲੋਕਾਂ ਨੂੰ ਵੱਢਣ ਦੇ ਮਾਮਲਿਆਂ ਵਿਚ ਇਸ ਦੀ ਦਰ ਸਭ ਤੋਂ ਵੱਧ, 22.5 ਫੀਸਦੀ ਹੈ। ਇਸ ਤੋਂ ਬਾਅਦ ਮਿਕਸਡ ਬਰੀਡ 21.2 ਫੀਸਦੀ ਅਤੇ ਜਰਮਨ ਸ਼ੈਫਰਡ ਦੀਆਂ ਰਿਪੋਰਟਾਂ 17.8 ਫੀਸਦੀ ਹਨ। ਜਾਨਵਰਾਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਪਿਟਬੁੱਲ ਕੁੱਤੇ ਨੂੰ ਕਿਸੇ ਵੀ ਸਥਿਤੀ ਵਿੱਚ ਘਰ ’ਚ ਨਹੀਂ ਰੱਖਿਆ ਜਾਣਾ ਚਾਹੀਦਾ। ਜਿਸ ਵਿਅਕਤੀ ਦੇ ਘਰ ਵਿੱਚ ਪਿਟਬੁੱਲ ਹੈ, ਉਸਨੂੰ ਅਲਰਟ ਰਹਿਣਾ ਚਾਹੀਦਾ ਹੈ ਕਿ ਉਹ ਕਦੇ ਵੀ ਹਮਲਾ ਕਰ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਿਟਬੁੱਲ ਨੂੰ ਖੁੱਲ੍ਹੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ, ਜਿਥੇ ਉਹ ਹਰ ਰੋਜ਼ ਘੰਟਿਆਂ ਬੱਧੀ ਦੌੜ ਸਕਦਾ ਹੋਵੇ। ਇਸ ਦੀ ਅਣਹੋਂਦ ਕਾਰਨ ਇਹ ਵੱਧ ਹਿੰਸਕ ਹੋ ਜਾਂਦਾ ਹੈ।


author

jasbir singh

News Editor

Related News