ਮੈਟਰੋ ਪਲਾਜ਼ਾ 'ਚ ਚੱਲੀਆਂ ਗੋਲ਼ੀਆਂ, 2 ਕਾਰਾਂ 'ਚ ਆਏ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Saturday, Jul 22, 2023 - 12:38 AM (IST)
ਜ਼ੀਰਕਪੁਰ (ਮੇਸ਼ੀ) : ਲੋਹਗੜ੍ਹ ਰੋਡ 'ਤੇ ਸਥਿਤ ਮੈਟਰੋ ਪਲਾਜ਼ਾ ਸ਼ਾਪਿੰਗ ਕੰਪਲੈਕਸ 'ਚ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 5 ਵਜੇ 3 ਹਮਲਾਵਰਾਂ ਵੱਲੋਂ 2 ਨੌਜਵਾਨਾਂ 'ਤੇ ਸ਼ਰੇਆਮ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲ਼ੀਆਂ ਚਲਾਉਣ ਦਾ ਕਾਰਨ ਕਿਸੇ ਲੜਕੀ ਕਰਕੇ ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ 'ਤੇ ਡੀਐੱਸਪੀ ਵਿਕਰਮਜੀਤ ਸਿੰਘ ਬਰਾੜ ਤੇ ਐੱਸਪੀ ਮੋਹਾਲੀ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ। ਇਸ ਹਮਲੇ 'ਚ 2 ਜ਼ਖ਼ਮੀਆਂ 'ਚੋਂ ਇਕ ਨੌਜਵਾਨ ਨੂੰ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਸਥਿਤ ਨਿੱਜੀ ਹਸਪਤਾਲ ਤੇ ਦੂਜੇ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਜ਼ਖ਼ਮੀ ਨੌਜਵਾਨਾਂ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਤੋਂ ਬਾਅਦ ਹੁਣ ਬ੍ਰਿਟਿਸ਼ ਸੰਸਦ 'ਚ ਗੂੰਜਿਆ ਮਣੀਪੁਰ ਦਾ ਮੁੱਦਾ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਲੋਹਗੜ੍ਹ ਵੱਲੋਂ ਪੰਜਾਬ ਨੰਬਰ ਦੀਆਂ 2 ਸਵਿਫਟ ਕਾਰਾਂ ਮੈਟਰੋ ਪਲਾਜ਼ਾ ਸ਼ਾਪਿੰਗ ਮਾਲ 'ਚ ਦਾਖਲ ਹੋਈਆਂ ਅਤੇ ਇਨ੍ਹਾਂ 'ਚੋਂ ਇਕ ਕਾਰ ਕੰਪਨੀ ਦੇ ਦਫ਼ਤਰ ਨੇੜੇ ਰੁਕ ਗਈ, ਜਦਕਿ ਦੂਜੀ ਗੱਡੀ 'ਚ ਸਵਾਰ ਹਮਲਾਵਰ ਕੁਝ ਅੱਗੇ ਜਾ ਕੇ ਰੁਕ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਹਿਲੀ ਕਾਰ 'ਚ ਸਵਾਰ ਇੰਦਰਜੀਤ ਸਿੰਘ ਵਾਸੀ ਬਲਾਚੌਰ ਤੇ ਸਤਵੀਰ ਵਰਮਾ ਵਾਸੀ ਲੁਧਿਆਣਾ ਸ਼ਾਪਿੰਗ ਕੰਪਲੈਕਸ 'ਚੋਂ ਬਾਹਰ ਜਾਣ ਲੱਗੇ ਤਾਂ ਇਸ ਦੌਰਾਨ ਜਦ ਉਨ੍ਹਾਂ ਦੀ ਕਾਰ ਹਮਲਾਵਰਾਂ ਦੀ ਕਾਰ ਨੇੜੇ ਪੁੱਜੀ ਤਾਂ ਕਾਰ ਦੇ ਬਾਹਰ ਖੜ੍ਹੇ ਇਕ ਹਮਲਾਵਰ ਨੇ ਉਨ੍ਹਾਂ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ, ਜਦੋਂ ਉਨ੍ਹਾਂ ਨੇ ਕਾਰ ਨਾ ਰੋਕੀ ਤਾਂ ਦੂਜੀ ਕਾਰ ਦੇ ਬਾਹਰ ਖੜ੍ਹੇ 3 ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਇੰਦਰਜੀਤ ਸਿੰਘ ਨੇ ਹਿੰਮਤ ਕਰਕੇ ਕਾਰ ਮੌਕੇ ਤੋਂ ਭਜਾ ਲਈ ਅਤੇ ਜ਼ਖ਼ਮਾਂ ਦਾ ਤਾਬ ਨਾ ਝੱਲਦਿਆਂ ਉਸ ਦੀ ਕਾਰ ਸ਼ਾਪਿੰਗ ਪਲਾਜ਼ਾ ਤੋਂ ਥੋੜ੍ਹੀ ਦੂਰ ਜਾ ਕੇ ਰੁਕ ਗਈ, ਜਿੱਥੋਂ ਲੋਕਾਂ ਦੀ ਮਦਦ ਨਾਲ ਇੰਦਰਜੀਤ ਸਿੰਘ ਨੂੰ ਵੀਆਈਪੀ ਰੋਡ 'ਤੇ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਔਰਤ ਨੂੰ ਸ਼ਰੇਆਮ ਰੌਲ਼ਾ ਪਾਉਣਾ ਪਿਆ ਮਹਿੰਗਾ, ਦੁਬਈ ਦੇ ਕਾਨੂੰਨ ਨੇ ਦਿੱਤੀ ਇਹ ਸਜ਼ਾ
ਇਸ ਸਬੰਧੀ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਸ਼ਾਮ 6 ਵਜੇ ਕਰੀਬ ਕਾਰ ਸਵਾਰ ਮੈਟਰੋ ਪਲਾਜ਼ਾ ਵਿਖੇ ਪਹੁੰਚੇ ਸਨ, ਉਥੇ ਖੜ੍ਹੇ ਵਿਅਕਤੀਆਂ ਨੇ ਕਾਰ ਦੇ ਅੰਦਰੋਂ ਹੀ ਗੋਲ਼ੀਆਂ ਚਲਾਈਆਂ। ਇਸ ਸਬੰਧੀ ਮੈਟਰੋ ਪਲਾਜ਼ਾ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਸ ਨੂੰ ਖੰਗਾਲਿਆ ਜਾ ਰਿਹਾ ਹੈ। ਕੁਲ 4 ਵਿਅਕਤੀਆਂ 'ਤੇ ਸ਼ੱਕ ਹੈ, ਜਿਨ੍ਹਾਂ ਵੱਲੋਂ 4 ਤੋਂ 5 ਫਾਇਰ ਕਰਨ ਦੇ ਸੰਕੇਤ ਹਨ। 2 ਖੋਲ ਵੀ ਜ਼ਮੀਨ 'ਤੇ ਡਿੱਗੇ ਮਿਲੇ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਉਣ ਦੇ ਕਾਰਨਾਂ ਦੀ ਵੀ ਪੂਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8