ਠੰਡ ਵਧਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਹੋਇਆ ਠੰਡਾ

Saturday, Jan 02, 2021 - 02:29 PM (IST)

ਬਨੂੜ (ਗੁਰਪਾਲ) : ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਚ ਹੋਈ ਬਰਫ਼ਬਾਰੀ ਕਾਰਨ ਪੰਜਾਬ 'ਚ ਠੰਡ ਦਾ ਪ੍ਰਕੋਪ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਸੇ ਦੌਰਾਨ ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਸਰਦੀ ਦਾ ਇਹ ਪ੍ਰਕੋਪ ਅਗਲੇ ਕੁੱਝ ਦਿਨਾਂ ਤਕ ਜਾਰੀ ਰਹਿ ਸਕਦਾ ਹੈ ਅਤੇ ਲੋਕਾਂ ਨੂੰ ਸਰਦੀ ਦੀ ਇਹ ਮਾਰ ਅਗਲੇ ਕੁੱਝ ਦਿਨਾਂ ਤੱਕ ਸਹਿਣੀ ਪੈ ਸਕਦੀ ਹੈ। ਇਸ ਵਧੀ ਠੰਡ ਕਾਰਨ ਲੋਕ ਪਹਾੜੀ ਇਲਾਕਿਆਂ 'ਚ ਘੁੰਮਣ ਜਾ ਰਹੇ ਹਨ ਅਤੇ ਇਸ ਵਧੀ ਹੋਈ ਠੰਡ ਨੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਠੰਡਾ ਕਰ ਦਿੱਤਾ ਹੈ। ਸ਼ਹਿਰ ਦੇ ਦੁਕਾਨਦਾਰ ਇਸ ਠੰਡ ਤੋਂ ਬਚਣ ਲਈ ਅੱਗ ਸੇਕਦੇ ਹੋਏ ਨਜ਼ਰ ਆਉਂਦੇ ਹਨ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਚਾਨਕ ਠੰਡ ਬਹੁਤ ਹੋ ਜਾਣ ਕਾਰਨ ਬਜ਼ਾਰ 'ਚ ਗਾਹਕ ਬਹੁਤ ਘੱਟ ਆ ਰਹੇ ਹਨ ਅਤੇ ਜਦੋਂ ਤਕ ਪੂਰੀ ਤਰ੍ਹਾਂ ਧੁੱਪ ਨਹੀਂ ਨਿਕਲਦੀ, ਬਜ਼ਾਰ 'ਚ ਚਹਿਲ-ਪਹਿਲ ਨਜ਼ਰ ਨਹੀਂ ਆਉਂਦੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਠੰਡ ਦਾ ਪ੍ਰਕੋਪ ਕਾਫੀ ਵੱਧ ਜਾਣ ਕਾਰਨ ਜ਼ਿਆਦਾਤਰ ਲੋਕ ਘਰ ਤੋਂ ਬਾਹਰ ਨਹੀਂ ਨਿਕਲਦੇ ਅਤੇ ਜਿਹੜੇ ਥੋੜ੍ਹੇ ਬਹੁਤ ਗਾਹਕ ਆ ਰਹੇ ਹਨ, ਉਹ ਵੀ ਧੁੱਪ ਨਿਕਲਣ ’ਤੇ ਹੀ ਘਰੋਂ ਬਾਹਰ ਨਿਕਲਦੇ ਹਨ ਅਤੇ ਠੰਡ ਤੋਂ ਬਚਣ ਲਈ ਸ਼ਾਮ ਨੂੰ ਜਲਦੀ ਘਰ ਵਾਪਸ ਚਲੇ ਜਾਂਦੇ ਹਨ, ਜਿਸ ਦਾ ਉਨ੍ਹਾਂ ਦੇ ਕਾਰੋਬਾਰ 'ਤੇ ਕਾਫੀ ਮਾੜਾ ਅਸਰ ਪੈ ਰਿਹਾ ਹੈ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਕੋਰੋਨਾ ਦੇ ਪ੍ਰਕੋਪ ਕਾਰਨ ਉਨ੍ਹਾਂ ਦੇ ਕੰਮਕਾਰ ਬਿਲਕੁਲ ਠੱਪ ਹੋ ਗਏ ਸਨ ਅਤੇ ਹੁਣ ਆਰਥਿਕ ਹਾਲਾਤ ਅਤੇ ਠੰਡ ਕਰ ਵਪਾਰ ਦੀ ਚਾਲ ਮੱਠੀ ਪੈ ਗਈ ਹੈ। ਬਨੂੜ ਇਲਾਕੇ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਸੰਘਣੀ ਧੁੰਦ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।


Babita

Content Editor

Related News