ਝਬਾਲ ਅਜੇ ਵੀ ਬੱਸ ਅੱਡੇ ਤੋਂ ਸੱਖਣਾ

11/17/2017 10:03:29 AM

ਝਬਾਲ (ਨਰਿੰਦਰ) - ਸਥਾਨਕ ਅੱਡਾ ਝਬਾਲ ਵਿਖੇ ਦਿਨੋ-ਦਿਨ ਵਧ ਰਹੀ ਟਰੈਫਿਕ ਸਮੱਸਿਆ ਦਾ ਕਾਰਨ ਬੇਸ਼ੱਕ ਚੌਕ ਦੇ ਚਾਰੇ ਪਾਸੇ ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਰੱਖਿਆ ਗਿਆ ਸਾਮਾਨ ਤੇ ਸੜਕਾਂ 'ਤੇ ਲਾਈਆਂ ਰੇਹੜੀਆਂ ਤੋਂ ਇਲਾਵਾ ਸੜਕਾਂ 'ਤੇ ਖੜ੍ਹੀਆਂ ਕਾਰਾਂ, ਸਕੂਟਰ ਹਨ ਪਰ ਉਥੇ ਹੀ ਵੱਖ-ਵੱਖ ਰੂਟਾਂ ਦੀਆਂ ਸੜਕਾਂ 'ਤੇ ਖੜ੍ਹੀਆਂ ਰਹਿੰਦੀਆਂ ਬੱਸਾਂ ਵੀ ਟਰੈਫਿਕ ਸਮੱਸਿਆ 'ਚ ਭਾਰੀ ਵਾਧਾ ਕਰ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਹੈ ਕਿ ਅੱਡਾ ਝਬਾਲ ਵਿਖੇ ਬੱਸਾਂ ਨੂੰ ਖੜ੍ਹੀਆਂ ਕਰਨ ਵਾਲਾ ਕੋਈ ਬੱਸ ਅੱਡਾ ਨਹੀਂ ਤੇ ਨਾ ਹੀ ਅੱਡੇ 'ਚ ਕੋਈ ਖੁੱਲ੍ਹੀ ਜਗ੍ਹਾ ਹੈ, ਜਿਥੇ ਬੱਸਾਂ ਖੜ੍ਹੀਆਂ ਕੀਤੀਆਂ ਜਾ ਸਕਣ। 
ਬੇਸ਼ੱਕ ਅਕਾਲੀ ਸਰਕਾਰ ਸਮੇਂ ਮੌਜੂਦਾ ਅਕਾਲੀ ਵਿਧਾਇਕ ਨੇ ਬੜੇ ਜ਼ੋਰ-ਸ਼ੋਰ ਨਾਲ ਜ਼ਿਲਾ ਪ੍ਰੀਸ਼ਦ ਦੀ ਖਾਲ੍ਹੀ ਪਈ ਜਗ੍ਹਾ 'ਚ ਕਰੋੜਾਂ ਰੁਪਏ ਲਾ ਕੇ ਬੱਸਾਂ ਖੜ੍ਹੀਆਂ ਕਰਨ ਲਈ ਆਧੁਨਿਕ ਕਿਸਮ ਦਾ ਬੱਸ ਅੱਡਾ ਬਣਾਉਣ ਲਈ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋ ਨੀਂਹ ਪੱਥਰ ਰਖਵਾ ਕੇ ਕੰਮ ਸ਼ੁਰੂ ਕਰਵਇਆ ਸੀ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਬੜੇ ਜ਼ੋਰ-ਸ਼ੋਰ ਨਾਲ ਇਸ ਬੱਸ ਅੱਡੇ ਦਾ ਉਦਘਾਟਨ ਵੀ ਕਰ ਦਿੱਤਾ ਪਰ ਅੱਜ ਇਕ ਸਾਲ ਬੀਤਣ ਦੇ ਬਾਵਜੂਦ ਵੀ ਇਹ ਬੱਸ ਅੱਡਾ ਪੂਰੀ ਤਰ੍ਹਾਂ ਅਧੂਰਾ ਹੈ। ਇਕ ਸਾਲ ਹੋ ਗਿਆ ਉਦਘਾਟਨ ਹੋਏ ਨੂੰ ਪਰ ਅਜੇ ਤੱਕ ਇਕ ਵਾਰ ਵੀ ਇਥੇ ਬੱਸਾਂ ਨਹੀਂ ਖੜ੍ਹੀਆਂ, ਜਿਸ ਦਾ ਕਾਰਨ ਹੈ ਕਿ ਪਹਿਲੀ ਸਰਕਾਰ ਨੇ ਬੱਸ ਅੱਡੇ ਦੇ ਨਾਂ 'ਤੇ ਸਿਰਫ ਸ਼ੋਪਿੰਗ ਕੰਪਲੈਕਸ ਹੀ ਬਣਾ ਕੇ ਰੱਖ ਦਿੱਤਾ, ਜਦੋਂ ਕਿ ਬੱਸ ਅੱਡਾ ਸਿਰਫ ਨਾਂ ਦਾ ਹੀ ਹੈ। ਇਥੇ ਜਗ੍ਹਾ ਘੱਟ ਹੋਣ ਕਰਕੇ ਇਥੇ ਦੋ ਜਾਂ ਤਿੰਨ ਤੋਂ ਵਧ ਬੱਸਾਂ ਖੜ੍ਹੀਆਂ ਹੀ ਨਹੀਂ ਹੋ ਸਕਦੀਆਂ। ਇਸ ਕਰਕੇ ਕਰੋੜਾਂ ਰੁਪਏ ਲੱਗਣ ਦੇ ਬਾਵਜੂਦ ਵੀ ਇਲਾਕੇ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਚਾਰੇ ਰੂਟਾਂ ਦੀਆਂ ਬੱਸਾਂ ਅੱਜ ਵੀ ਚੌਕ ਦੇ ਚਾਰੇ ਪਾਸੇ ਸੜਕਾਂ 'ਤੇ ਖੜ੍ਹੀਆਂ ਟਰੈਫਿਕ 'ਚ ਵਿਘਨ ਪਾ ਰਹੀਆਂ ਹਨ ਤੇ ਕਰੋੜਾਂ ਰੁਪਏ ਲਾ ਕੇ ਬਣਿਆ ਬੱਸ ਅੱਡਾ ਬੱਸਾਂ ਦੀ ਉਡੀਕ ਕਰ ਰਿਹਾ ਹੈ। 
ਇਲਾਕੇ ਦੇ ਪ੍ਰਮੁੱਖ ਆਗੂ ਕਾਮਰੇਡ ਦਵਿੰਦਰ ਕੁਮਾਰ ਸੋਹਲ, ਕਾਮਰੇਡ ਯਸ਼ਪਾਲ ਝਬਾਲ, ਕਾਂਗਰਸੀ ਆਗੂ ਅਸ਼ੋਕ ਕੁਮਾਰ ਝਬਾਲ, ਰਾਜਨ ਸ਼ਰਮਾ, ਰਮਨ ਕੁਮਾਰ ਮੈਂਬਰ, ਸੁਨੀਲ ਕੁਮਾਰ ਛੀਨਾ ਤੇ ਡਾ. ਹਰੀਸ਼ ਕੁਮਾਰ, ਰਿੰਪੀ ਸੂਦ ਨੇ ਮੰਗ ਕੀਤੀ ਹੈ ਕਿ ਬੱਸ ਅੱਡੇ ਦੇ ਨਾਂ 'ਤੇ ਆਏ ਕਰੋੜਾਂ ਰੁਪਏ ਦੀ ਜਾਂਚ ਕੀਤੀ ਜਾਵੇ ਤੇ ਅਧੂਰੇ ਪਏ ਬੱਸ ਅੱਡੇ ਨੂੰ ਬਣਾ ਕੇ ਇਥੇ ਬੱਸਾਂ ਖੜ੍ਹੀਆਂ ਕਰਨ ਲਈ ਚਾਲੂ ਕੀਤਾ ਜਾਵੇ ਤਾਂ ਜੋ ਸੜਕਾਂ 'ਤੇ ਟਰੈਫਿਕ ਅਤੇ ਹਾਦਸਿਆਂ ਦਾ ਕਾਰਨ ਬਣਨ ਵਾਲੀਆਂ ਬੱਸਾਂ ਨੂੰ ਇਥੇ ਖੜ੍ਹਾ ਕੀਤਾ ਜਾ ਸਕੇ।
ਸੰਬੰਧਤ ਮਹਿਕਮੇ ਨਾਲ ਗੱਲ ਕਰ ਕੇ ਜਲਦ ਹੀ ਕੱਢਿਆ ਜਾਵੇਗਾ ਹੱਲ :  ਡਾ. ਅਗਨੀਹੋਤਰੀ
ਇਸ ਸਬੰਧੀ ਜਦੋਂ ਹਲਕੇ ਦੇ ਮੌਜੂਦਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਲਈ ਆਏ ਕਰੋੜਾਂ ਰੁਪਏ ਦੀ ਜਿਥੇ ਜਾਂਚ ਕਰਵਾਈ ਜਾਵੇਗੀ, ਉਥੇ ਹੀ ਅੱਡਾ ਝਬਾਲ ਵਿਖੇ ਬੱਸਾਂ ਖੜ੍ਹੀਆਂ ਕਰਨ ਲਈ ਬੱਸ ਅੱਡੇ ਦਾ ਜਲਦੀ ਹੀ ਕੋਈ ਹੱਲ ਕੱਢਿਆ ਜਾਵੇਗਾ।


Related News