ਕਰਿਆਨੇ ਦੀ ਦੁਕਾਨ ’ਚ ਅਚਾਨਕ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ

Sunday, Nov 05, 2023 - 01:18 PM (IST)

ਕਰਿਆਨੇ ਦੀ ਦੁਕਾਨ ’ਚ ਅਚਾਨਕ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ  ਦੀ ਭੁੱਲਰ ਕਲੋਨੀ ਗਲੀ ਨੰਬਰ 1 ਵਿਖੇ ਕਰਿਆਣਾ ਦੀ ਇਕ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਣ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਦੁਕਾਨਦਾਰ ਅਨੁਸਾਰ ਇਸ ਘਟਨਾ ਨਾਲ ਉਸਦਾ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਲਗਭਗ ਢਾਈ ਘੰਟੇ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਫਾਇਰ ਮੈਨ ਮਨਪਿੰਦਰ ਸਿੰਘ ਨੇ ਦੱਸਿਆ ਸ਼ਨੀਵਾਰ ਦੀ ਦੇਰ ਰਾਤ ਕਰੀਬ ਬਾਰਾਂ ਵਜੇ ਉਨ੍ਹਾਂ ਦੀ ਟੀਮ ਨੂੰ ਕਿਸੇ ਵਿਅਕਤੀ ਨੇ ਭੁੱਲਰ ਕਲੋਨੀ ਵਿਖੇ ਅੱਗ ਲੱਗਣ ਦੀ ਸੂਚਨਾ ਦਿੱਤੀ। ਜਿਸ ’ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲੈ ਕੇ ਫਾਇਰਮੈਨ ਬਲਵਿੰਦਰ ਸਿੰਘ, ਰੁਪਿੰਦਰ ਸ਼ਰਮਾ, ਡ੍ਰਾਈਵਰ ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਦੇਰ ਰਾਤ ਲਗਭਗ ਢਾਈ ਵਜੇ ਤੱਕ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਤੇ ਅੱਗ ਬੁਝਾਈ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। 

ਇਸ ਘਟਨਾ ’ਚ ਦੁਕਾਨਦਾਰ ਦਾ ਨਾਲ ਹੀ ਸਥਿਤ ਘਰ ਦੀ ਗੈਲਰੀ ਵਿਚ ਖੜਾ ਮੋਟਰਸਾਇਕਲ ਵੀ ਸੜ ਗਿਆ। ਕਰਿਆਨਾ ਦੁਕਾਨਦਾਰ ਰਵਿੰਦਰ ਕੁਮਾਰ ਪੁੱਤਰ ਸੋਹਣ ਲਾਲ ਅਨੁਸਾਰ ਅੱਗ ਲੱਗਣ ਨਾਲ ਉਸਦਾ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਮੌਕੇ ਤੋਂ ਤਿੰਨ ਸਿਲੰਡਰ ਵੀ ਬਚਾ ਲਏ ਗਏ। ਨਹੀਂ ਤਾਂ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ । ਪੀੜਤ ਦੁਕਾਨਦਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।


author

Gurminder Singh

Content Editor

Related News