ਇੰਸਪੈਕਟਰ ਪਰਮਿੰਦਰ ਸਿੰਘ ਦੇ ਪੱਖ ''ਚ ਉਤਰੇ ਕੈਪਟਨ, ਕਿਹਾ-ਨਹੀਂ ਕੀਤਾ ਜਾਵੇਗਾ ਬਰਖਾਸਤ

05/27/2018 6:44:05 PM

ਜਲੰਧਰ— ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੇ ਖਿਲਾਫ ਕੇਸ ਦਰਜ ਕਰਨ ਵਾਲੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਦੇ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮਦਰਦੀ ਵਾਲਾ ਰੁਖ ਅਪਣਾ ਲਿਆ ਹੈ ਅਤੇ ਉਨ੍ਹਾਂ ਦੇ ਦਿਲ 'ਚ ਰਹਿਮ ਦੀ ਭਾਵਨਾ ਪੈਦਾ ਹੋ ਗਈ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਪਰਮਿੰਦਰ ਬਾਜਵਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ਼ਾਹਕੋਟ ਚੋਣਾਂ ਤੋਂ ਐਨ ਪਹਿਲਾਂ ਕੈਪਟਨ ਨੇ ਬਾਜਵਾ ਨੂੰ ਲੈ ਕੇ ਆਪਣਾ ਸਟੈਂਡ ਪੂਰੀ ਤਰ੍ਹਾਂ ਬਦਲ ਲਿਆ ਹੈ ਅਤੇ ਕਿਹਾ ਹੈ ਕਿ ਬਾਜਵਾ ਨੂੰ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਮੁੱਖ ਮੰਤਰੀ ਕੈਪਟਨ 'ਤੇ ਨਿੱਜੀ ਹਮਲੇ ਕਰਨ ਵਾਲਾ ਮਹਿਤਪੁਰ ਦਾ ਐੱਸ. ਐੱਚ. ਓ. ਮੌਜੂਦਾ ਸਮੇਂ 'ਚ ਪੁਲਸ ਦੀ ਗ੍ਰਿ੍ਰਫਤ 'ਚ ਹੈ। 
ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਬਾਜਵਾ ਵਿਰੋਧੀ ਧਿਰ ਦੇ ਆਦੇਸ਼ 'ਤੇ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪਰਮਿੰਦਰ ਸਿੰਘ 10 ਸਾਲਾ ਦਾ ਸੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਖੋਹ ਦਿੱਤਾ ਸੀ। ਉਸ ਦੇ ਪਿਤਾ ਵੀ ਪੰਜਾਬ ਪੁਲਸ 'ਚ ਸਨ। ਉਸ ਨੇ ਆਪਣੀ ਜ਼ਿੰਦਗੀ 'ਚ ਕਈ ਉਤਾਰ-ਚੜਾਅ ਦੇਖੇ ਹਨ। ਇਸ ਸਮੇਂ ਉਹ ਦਿਮਾਗੀ ਤੌਰ 'ਤੇ ਕਾਫੀ ਪਰੇਸ਼ਾਨ ਹੈ। ਕੈਪਟਨ ਕਿਹਾ ਕਿ ਉਹ ਡੀ. ਜੀ. ਪੀ. ਨੂੰ ਉਸ ਦੇ ਪ੍ਰਤੀ ਸੰਵੇਦਨਸ਼ੀਲ ਵਿਵਹਾਰ ਅਪਣਾਉਣ ਨੂੰ ਕਹਿਣਗੇ। ਉਨ੍ਹਾਂ ਨੇ ਕਿਹਾ ਕਿ ਪਰਮਿੰਦਰ ਸਿੰਘ ਬਾਜਵਾ ਨੂੰ ਬਰਖਾਸਤ ਨਹੀਂ ਕੀਤਾ ਜਾਵੇਗਾ। 
ਹਾਲ ਹੀ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਬਾਜਵਾ ਖਿਲਾਫ ਕਾਰਵਾਈ ਕਰਨ 'ਤੇ ਮੁੱਖ ਮੰਤਰੀ ਅਤੇ ਪੰਜਾਬ ਪੁਲਸ ਨੂੰ ਜੰਮ ਕੇ ਲਤਾੜਿਆ ਸੀ। ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਬਾਜਵਾ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਬਾਜਵਾ 8 ਜੂਨ ਤੱਕ ਨਿਆਂਇਕ ਹਿਰਾਸਤ 'ਚ ਹੈ। 
ਤੁਹਾਨੂੰ ਦੱਸ ਦਈਏ ਪਰਮਿੰਦਰ ਸਿੰਘ ਬਾਜਵਾ ਨੇ ਕੈਪਟਨ 'ਤੇ ਕਈ ਵਾਰ ਨਿੱਜੀ ਹਮਲੇ ਬੋਲੇ ਸਨ। ਕੈਪਟਨ ਨੇ ਵੀ ਬਾਜਵਾ 'ਤੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਅਤੇ ਇਥੋਂ ਤੱਕ ਕਿ ਮੀਡੀਆ ਨਾਲ ਉਸ ਦੀ ਕਾਲ ਡਿਟੇਲ ਤੱਕ ਸਾਂਝੀ ਕਰ ਦਿੱਤੀ ਸੀ ਪਰ ਹੁਣ ਕੈਪਟਨ ਦੇ ਸੁਰ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਫਿਲਹਾਲ ਇਨ੍ਹਾਂ ਸਾਰੀਆਂ ਗੱਲ੍ਹਾਂ 'ਤੇ ਵਿਰਾਮ ਲਗਾਉਂਦੇ ਹੋਏ ਕੈਪਟਨ ਨੇ ਸ਼ਾਹਕੋਟ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਸ਼ਾਹਦਿਲੀ ਦਾ ਸਬੂਤ ਦੇ ਦਿੱਤਾ।


Related News