ਸ਼ਿਵ ਸੈਨਾ ਪੰਜਾਬ ਦਾ ਮਰਨ ਵਰਤ ਦੂਜੇ ਦਿਨ ''ਚ ਦਾਖਲ

12/08/2017 4:57:08 AM

ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਸ਼ਿਵ ਸੈਨਾ ਪੰਜਾਬ ਵੱਲੋਂ ਸ੍ਰੀ ਆਨੰਦਪੁਰ ਸਾਹਿਬ 'ਚ ਗੁਰੂ ਰਵਿਦਾਸ ਚੌਕ ਵਿਖੇ ਜ਼ਿਲਾ ਪ੍ਰਧਾਨ ਨਿਤਿਨ ਨੰਦਾ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਦੂਜੇ ਦਿਨ 'ਚ ਦਾਖਲ ਹੋ ਗਿਆ। ਇਸ ਤੋਂ ਇਲਾਵਾ ਨਿਤਿਨ ਨੰਦਾ ਨਾਲ ਹੋਰ ਸ਼ਿਵ ਸੈਨਾ ਦੇ ਆਗੂ ਵੀ ਭੁੱਖ ਹੜਤਾਲ 'ਤੇ ਬੈਠੇ, ਜਿਨ੍ਹਾਂ ਵਿਚ ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਸ਼ਿਵ ਸ਼ੈਨਾ ਪੰਜਾਬ, ਗੁਰਜੀਤ ਸਿੰਘ, ਉਮੇਸ਼ ਬਾਲੀ, ਜਤਿੰਦਰ ਕੁਮਾਰ, ਰਵੀ ਸਿੰਘ, ਦਿਨੇਸ਼ ਭਨੋਟ ਸ਼ਹਿਰੀ ਪ੍ਰਧਾਨ ਰੋਪੜ ਤੇ ਏ. ਐੱਲ. ਸ਼ਰਮਾ ਸ਼ਾਮਲ ਹਨ।
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਹਿੰਦੂਆਂ ਨਾਲ ਵਿਤਕਰਾ ਹੋ ਰਿਹਾ ਹੈ। ਜਦੋਂ ਕਿਸੇ ਹੋਰ ਧਰਮ ਦਾ ਵਿਅਕਤੀ ਹਿੰਦੂ ਦੇਵੀ-ਦੇਵਤਿਆਂ ਬਾਰੇ ਅਪਸ਼ਬਦ ਬੋਲਦਾ ਹੈ, ਉਨ੍ਹਾਂ ਦਾ ਅਪਮਾਨ ਕਰਦਾ ਹੈ ਤਾਂ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਦਕਿ ਸ਼ਿਵ ਸੈਨਾ ਕਿਸੇ ਵੀ ਧਰਮ ਤੇ ਗੁਰੂ ਦਾ ਅਪਮਾਨ ਨਹੀਂ ਕਰਦੀ। ਜਦੋਂ ਹਿੰਦੂ ਆਗੂ ਸੂਰੀ ਨੇ ਖਾਲਿਸਤਾਨ ਬਾਰੇ ਬੋਲਿਆ ਤਾਂ ਉਸ ਦੀ ਇਕ ਨਾ ਸੁਣਦੇ ਹੋਏ ਉਸ ਖ਼ਿਲਾਫ਼ 295 ਏ ਦਾ ਮਾਮਲਾ ਦਰਜ ਕਰ ਕੇ ਜੇਲ 'ਚ ਬੰਦ ਕਰ ਦਿੱਤਾ ਗਿਆ ਤੇ ਉਸ ਦੀ ਜ਼ਮਾਨਤ ਨਹੀਂ ਹੋਈ।
ਜਦੋਂ ਤੱਕ ਸਾਡੇ ਹਿੰਦੂ ਆਗੂ ਸੂਰੀ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਉਸ ਖ਼ਿਲਾਫ਼ ਦਰਜ ਮੁਕੱਦਮਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਤਪਾਲ ਸ਼ਰਮਾ ਗੰਗੂਵਾਲ, ਅਮਰੀਸ਼ ਆਹੂਜਾ, ਸਤੀਸ਼ ਕੁਮਾਰ, ਮੋਹਿਤ ਕੁਮਾਰ ਆਦਿ ਹਾਜ਼ਰ ਸਨ।


Related News