ਸ਼ਿਵ ਸੈਨਾ ਲਾਲ ਚੌਕ ''ਚ ਲਹਿਰਾਏਗੀ ਤਿਰੰਗਾ
Saturday, Aug 12, 2017 - 04:00 AM (IST)

ਚੰਡੀਗੜ੍ਹ, (ਬਿਊਰੋ)- ਜੰਮੂ-ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਚਲਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸ਼ਿਵ ਸੈਨਾ ਪੰਜਾਬ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਿਜ਼ ਨੂੰ ਨਾਲ ਲੈ ਕੇ 15 ਅਗਸਤ ਨੂੰ ਸ਼੍ਰੀਨਗਰ ਦੇ ਲਾਲ ਚੌਕ ਵਿਚ ਤਿਰੰਗਾ ਲਹਿਰਾਏਗੀ। ਇਸ ਲਈ ਸ਼ਿਵ ਸੈਨਾ ਦਾ ਜਥਾ 13 ਅਗਸਤ ਨੂੰ ਲੁਧਿਆਣਾ ਤੋਂ ਰਵਾਨਾ ਹੋਵੇਗਾ। ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਤੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਅੱਤਵਾਦੀਆਂ ਵੱਲੋਂ ਪੂਰੇ ਕਸ਼ਮੀਰ ਵਿਚ ਪਾਕਿਸਤਾਨੀ ਝੰਡਾ ਲਹਿਰਾਉਣ ਅਤੇ ਹਿੰਦੁਸਤਾਨ ਦਾ ਤਿਰੰਗਾ ਨਾ ਲਹਿਰਾਉਣ ਦੇਣ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਕਿਸੇ ਵੀ ਵਿਅਕਤੀ ਨੂੰ ਦੇਸ਼ ਵਿਰੋਧੀ ਕਾਰਵਾਈ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਵੇਗਾ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਧਰਮ ਗੁਰੂ ਓਂਕਾਰ ਸਰਸਵਤੀ ਅਤੇ ਜ਼ਿਲਾ ਮੋਹਾਲੀ ਪ੍ਰਧਾਨ ਰਾਜੇਸ਼ ਮਲਿਕ ਆਦਿ ਮੌਜੂਦ ਸਨ।