ਭਗਵਾਨ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਸੋਸ਼ਲ ਮੀਡੀਆ ''ਤੇ ਪਾਉਣ ਤੋਂ ਭੜਕੀ ਸ਼ਿਵ ਸੈਨਾ ਹਿੰਦੁਸਤਾਨ
Wednesday, Jun 19, 2019 - 09:32 AM (IST)
ਪਟਿਆਲਾ (ਜੋਸਨ)—ਪਿਛਲੇ ਦਿਨੀਂ ਭਗਵਾਨ ਸ਼੍ਰੀ ਹਨੂਮਾਨ ਜੀ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਤੋਂ ਸ਼ਿਵ ਸੈਨਾ ਹਿੰਦੁਸਤਾਨ ਭੜਕ ਗਈ ਹੈ। ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ 'ਤੇ ਹਿੰਦੁਸਤਾਨ ਅਧਿਵਕਤਾ ਸੈਨਾ, ਸ਼੍ਰੀ ਸਨਾਤਨ ਧਰਮ ਪ੍ਰਚਾਰ ਸੈਨਾ ਅਤੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਮੈਂਬਰਾਂ ਵੱਲੋਂ ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਸ਼ਿਕਾਇਤ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਅਜਿਹੀ ਸ਼ਰਾਰਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਹਿੰਦੁਸਤਾਨ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਆਗੂਆਂ ਨੇ ਦੱਸਿਆ ਕਿ ਕਿਸੇ ਅਨੀ ਸਿੰਘ ਬੀ. ਐੱਸ. ਪੀ. ਦੇ ਨਾਂ ਤੋਂ ਸੋਸ਼ਲ ਮੀਡੀਆ 'ਤੇ ਬਣੇ ਅਕਾਊਂਟ ਰਾਹੀਂ ਭਗਵਾਨ ਹਨੂਮਾਨ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਸੋਸ਼ਲ ਮੀਡੀਆ 'ਤੇ ਪਾਈ ਗਈ ਹੈ। ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਸ਼ਿਵ ਸੈਨਿਕਾਂ ਨੇ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 153-ਏ, 295-ਏ, 298 ਅਤੇ ਆਈ. ਟੀ. ਐਕਟ ਦੀ ਧਾਰਾ 66-ਏ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਐੱਸ. ਐੱਸ. ਪੀ. ਪਟਿਆਲਾ ਨੇ ਉਨ੍ਹਾਂ ਦੀ ਸ਼ਿਕਾਇਤ ਲੈਣ ਤੋਂ ਬਾਅਦ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੇ ਜਾਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਪੰਕਜ ਗੌੜ, ਪੰਡਿਤ ਬਦਰੀ ਪ੍ਰਸਾਦ, ਜਗਦੀਸ਼ ਰਾਇ ਕਾ, ਰਮੇਸ਼ ਕੁਮਾਰ, ਨੀਲਮ ਸ਼ਰਮਾ, ਰਾਜ ਕੁਮਾਰ ਬਿੱਟੂ ਅਤੇ ਸ਼੍ਰੀਚੰਦ ਵੀ ਹਾਜ਼ਰ ਸਨ।