ਸਰਕਾਰ ਵੱਲੋਂ ਅਣਗੌਲਿਆ 2 ਹਜ਼ਾਰ 50 ਸਾਲ ਪੁਰਾਣਾ ਸ਼ਿਵ ਮੰਦਰ ਕਸੇਲ

03/06/2018 7:30:19 AM

ਸਰਾਏ ਅਮਾਨਤ ਖਾਂ/ਝਬਾਲ,  (ਨਰਿੰਦਰ)-  ਝਬਾਲ ਤੋਂ 9-10 ਕਿਲੋਮੀਟਰ ਦੀ ਦੂਰੀ 'ਤੇ ਪੁਰਾਤਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਨਾਨਕਿਆਂ ਦਾ ਇਤਿਹਾਸਕ ਪਿੰਡ ਕਸੇਲ ਜਿੱਥੇ ਭਗਵਾਨ ਸ੍ਰੀ ਸ਼ਿਵ ਜੀ ਦਾ 2 ਹਜ਼ਾਰ 50 ਸਾਲ ਪੁਰਾਣਾ ਸ਼ਿਵ ਮੰਦਰ ਹੈ, ਜਿਹੜਾ ਸ਼ਿਵ ਜੀ ਮਹਾਰਾਜ ਦੇ ਚਾਰ ਪ੍ਰੱਮੁਖ ਮੰਦਰਾਂ ਕਾਸ਼ੀ, ਕਲਾਨੌਰ ਤੇ ਕਾਬਾਂ 'ਚੋਂ ਚੌਥਾ ਇਤਿਹਾਸਕ ਮੰਦਰ ਹੈ। 
 ਇਤਿਹਾਸਕ ਮੰਦਰ ਹੋਣ ਦੇ ਬਾਵਜੂਦ ਵੀ ਇਹ ਸਰਕਾਰ ਤੇ ਹਿੰਦੂ ਧਰਮ ਵੱਲੋਂ ਅਣਗੌਲਿਆ ਹੋਇਆ ਹੈ। ਇਸ ਇਤਿਹਾਸਕ ਮੰਦਰ ਵਿਚ ਅੱਜ ਵੀ ਉਹ ਇਤਿਹਾਸਕ ਖੂਹੀ ਹੈ, ਜਿਸ ਦਾ ਪਾਣੀ ਪੀਣ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੇਟ ਦੀ ਦਰਦ ਠੀਕ ਹੋਈ ਸੀ ਤੇ ਬਾਅਦ 'ਚ ਇਸੇ ਹੀ ਖੂਹੀ ਤੋਂ ਮਹਾਰਾਜ ਲਈ ਪੀਣ ਵਾਸਤੇ ਇੱਥੋਂ ਲਾਹੌਰ ਪਾਣੀ ਲਿਜਾਇਆ ਜਾਂਦਾ ਸੀ। ਇਸ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਇਸ ਪੁਰਾਤਨ ਮੰਦਰ ਨਾਲ ਜਗੀਰ ਲਾਈ, ਉੱਥੇ ਹੀ ਇਸ ਮੰਦਰ ਲਈ ਹਰ ਮਹੀਨੇ ਸਰਕਾਰੀ ਖਜ਼ਾਨੇ 'ਚੋਂ 1800 ਰੁਪਏ ਮਾਲੀਆ ਵੀ ਲਾਇਆ ਗਿਆ, ਜਿਸ ਨੂੰ ਸਰਕਾਰ ਨੇ 1998 'ਚ ਬੰਦ ਕਰ ਦਿੱਤਾ। ਇਹ ਇਤਿਹਾਸਕ ਖੂਹੀ ਅੱਜ ਵੀ ਸਾਂਭੀ ਹੋਈ ਹੈ। ਇੱਥੇ ਸ਼ਿਵਰਾਤਰੀ ਦਾ ਹੁਣ ਵੀ ਭਾਰੀ ਮੇਲਾ ਲੱਗਦਾ ਹੈ, ਜਿੱਥੇ ਦੂਰ-ਦੂਰ ਤੋਂ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ।
 ਇੰਨਾ ਪੁਰਾਣਾ ਤੇ ਇਤਿਹਾਸਕ ਹੋਣ ਦੇ ਬਾਵਜੂਦ ਨਾ ਤਾਂ ਸਰਕਾਰ ਵੱਲੋਂ ਤੇ ਨਾ ਹੀ ਹਿੰਦੂ ਧਰਮ ਵੱਲੋਂ ਇਸ ਵੱਲ ਕੋਈ ਖਾਸ ਧਿਆਨ ਦਿੱਤਾ ਜਾਂਦਾ ਹੈ ਬਲਕਿ ਇਸ 'ਚ ਬੈਠੇ ਕੁਝ ਹਿੰਦੂ ਪਰਿਵਾਰ ਹੀ ਇਸ ਦੀ ਸੇਵਾ ਤੇ ਸਾਂਭ-ਸੰਭਾਲ ਕਰਦੇ ਆ ਰਹੇ ਹਨ। ਇਸ ਸਮੇਂ ਮੰਦਰ ਵਿਖੇ ਸੇਵਾ ਕਰ ਰਹੇ ਸੁਰਜੀਤ ਕੁਮਾਰ ਬੌਬੀ ਨਾਮੀ ਪੰਡਤ ਨੇ ਦੱਸਿਆ ਕਿ ਉਹ ਇੱਥੇ ਪਿਛਲੀਆਂ ਕਈ ਪੀੜ੍ਹੀਆਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਜੋ ਸ਼ਰਧਾਲੂ ਭੇਟਾ ਚੜ੍ਹਾਉਂਦੇ ਹਨ। ਉਸ ਨਾਲ ਹੀ ਉਹ ਮੰਦਰ ਦੀ ਸੇਵਾ ਕਰਵਾÀੁਂਦੇ ਹਨ। ਬਾਕੀ ਕੁਝ ਮੰਦਰ ਦੀ ਜ਼ਮੀਨ ਹੈ ਜੋ ਪਿੰਡ ਦੇ ਲੋਕ ਠੇਕੇ 'ਤੇ ਵਾਹੁੰਦੇ ਹਨ ਤੇ ਸਾਲ ਪਿੱਛੋਂ ਉਸ ਦਾ ਠੇਕਾ ਦਿੰਦੇ ਹਨ। ਬਾਕੀ ਸਰਕਾਰ ਵੱਲੋਂ ਜੋ ਹਰ ਮਹੀਨੇ 1800 ਰੁਪਏ ਮਾਲੀਆ ਮਿਲਦਾ ਸੀ ਉਹ ਵੀ ਬੰਦ ਹੋ ਚੁੱਕਾ ਹੈ। ਹੁਣ ਉਨ੍ਹਾਂ ਉਸ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੂੰ ਬੇਨਤੀ ਕੀਤੀ ਸੀ, ਜਿਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੰਦਰ ਨੂੰ ਮਿਲਣ ਵਾਲੀ ਸਹਾਇਤਾ ਫਿਰ ਤੋਂ ਚਾਲੂ ਕਰਵਾਉਣ ਲਈ ਕੋਸ਼ਿਸ਼ ਕਰਨਗੇ। 


Related News