ਧਾਰਮਿਕ ਹਲਕਿਆਂ ''ਚ ਚਰਚਾ: ਗਿਆਨੀ ਹਰਪ੍ਰੀਤ ਸਿੰਘ ਨੂੰ ਪਦਉੱਨਤੀ ਜਾਂ ਸਾਬਾਸ਼ੀ!

Tuesday, Oct 23, 2018 - 12:55 PM (IST)

ਲੁਧਿਆਣਾ(ਮੁੱਲਾਂਪੁਰੀ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੀ ਹੰਗਾਮੀ ਮੀਟਿੰਗ 'ਚ ਵਾਦ-ਵਿਵਾਦ ਵਿਚ ਘਿਰੇ ਗਿ. ਗੁਰਬਚਨ ਸਿੰਘ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਐਕਟਿੰਗ ਜਥੇਦਾਰ ਲਾਏ ਗਿਆਨੀ ਹਰਪ੍ਰੀਤ ਸਿੰਘ ਬਾਰੇ ਧਾਰਮਿਕ ਤੇ ਸਿਆਸੀ ਹਲਕਿਆਂ 'ਚ ਚਰਚਾ ਨੇ ਜਨਮ ਲੈ ਲਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਜਥੇਦਾਰ ਹਨ ਜਿਨ੍ਹਾਂ ਧਾਰਮਿਕ ਮਰਿਆਦਾ ਦੇ ਉਲਟ ਜਾ ਕੇ ਸ੍ਰੀ ਦਮਦਮਾ ਸਾਹਿਬ ਤੋਂ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੂੰ ਧਾਰਮਿਕ ਸਜ਼ਾ ਸੁਣਾਈ ਸੀ। ਜਦੋਂਕਿ ਇਸ ਤੋਂ ਪਹਿਲਾਂ ਪੰਜਾਬ ਵਿਚਲੇ ਤਿੰਨਾਂ ਤਖਤਾਂ ਦੀ ਬਜਾਏ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਧਾਰਿਮਕ ਸਜ਼ਾ ਚਲਦੀ ਆ ਰਹੀ ਹੈ।

ਇਸ ਨਿਯੁਕਤੀ 'ਤੇ ਧਾਰਮਕ ਹਲਕਿਆਂ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਲਗਦਾ ਹੈ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਰਗਾੜੀ ਧਰਨੇ ਨੂੰ ਠੰਡਾ ਕਰਨ ਲਈ ਤੇ ਸਿੱਖ ਪੰਥ ਵਿਚ ਰੋਸ ਤੇ ਰੋਹ ਨੂੰ ਨਰਮ ਕਰਨ ਲਈਕਿਸੇ ਵੇਲੇ ਵੀ ਬਾਦਲਾਂ ਸਮੇਤ ਹੋਰਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰ ਸਕਦੇ ਹਨ ਅਤੇ ਸ. ਭੂੰਦੜ ਵਾਂਗ ਨਰਮ ਸਜ਼ਾ ਦੇ ਸਕਦੇ ਹਨ। ਇਹ ਚਰਚਾ ਧਾਰਮਿਕ ਹਲਕਿਆਂ ਵਿਚ ਜ਼ੋਰਾਂ 'ਤੇ ਹੋ ਰਹੀ ਸੀ। ਇਹ ਵੀ ਚਰਚਾ ਹੋ ਰਹੀ ਹੈ ਕਿ ਉਨ੍ਹਾਂ ਨੂੰ ਪਦਉੱਨਤ ਕੀਤਾ ਜਾਂ ਫਿਰ ਸਾਬਾਸ਼ੀ ਦਿੱਤੀ ਹੈ। ਬਾਕੀ ਪਾਠਕਾਂ ਨੂੰ ਇਹ ਵੀ ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਪਿਛਲੇ 20 ਦਿਨਾਂ ਦੀ ਭੱਜ-ਦੌੜ ਤੋਂ ਬਾਅਦ ਕੋਈ ਵੀ ਵਿਦਵਾਨ ਸਿੱਖ ਮਹਾਪੁਰਸ਼ ਅਜਿਹਾ ਨਹੀਂ ਮਿਲਿਆ, ਜਿਸ ਨੇ ਇਹ ਸੇਵਾ ਕਬੂਲਣ ਦੀ ਹਾਮੀ ਭਰੀ ਹੋਵੇ। ਇਸ ਕਰਕੇ ਉਨ੍ਹਾਂ ਨੂੰ ਐਕਟਿੰਗ ਜਥੇਦਾਰ ਲਾਉਣਾ ਪਿਆ। ਇਸ ਦੀ ਚਰਚਾ ਮੀਡੀਆ ਵੀ ਕਰਦਾ ਆ ਰਿਹਾ ਸੀ।


Related News