ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣ ਵਾਲਿਆਂ ਹੱਥ ਹੋਵੇ : ਕੁਲਤਾਰ ਸੰਧਵਾਂ
Sunday, May 08, 2022 - 09:12 PM (IST)
ਭਾਦਸੋਂ (ਅਵਤਾਰ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਭਾਦਸੋਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਕ ਮਾਣਮੱਤੀ ਸੰਸਥਾ ਹੈ ਪਰ ਪਿਛਲੇ ਸਮੇਂ ਦੌਰਾਨ ਇਸ ਦੇ ਕੰਮ ’ਚ ਵੱਡੀਆਂ ਕਮੀਆਂ ਸਾਹਮਣੇ ਆਈਆਂ ਹਨ, ਇਸ ਲਈ ਇਸ ਸੰਸਥਾ ਦਾ ਪ੍ਰਬੰਧ ਅਜਿਹੇ ਗੁਰਸਿੱਖਾਂ ਦੇ ਹੱਥ ਹੋਣਾ ਚਾਹੀਦਾ ਹੈ, ਜਿਹੜੇ ਕਿਸੇ ਸ਼ਖ਼ਸ ਦਾ ਹੁਕਮ ਨਾ ਮੰਨ ਕੇ ਸਗੋਂ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੀ ਮੰਨਣ। ਸੰਧਵਾਂ ਨੇ ਇਹ ਚੋਣਾਂ ਤੁਰੰਤ ਕਰਵਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਸੱਤਾ ਦੀ ਤਬਦੀਲੀ ਹੋ ਗਈ ਹੈ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਵੀ ਬਦਲਾਅ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਵੱਡੀ ਸੇਵਾ ਗੁਰੂਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰਨਾ ਹੈ ਪਰ ਪਿਛਲੇ ਸਮੇਂ ’ਚ ਇਹ ਪ੍ਰਬੰਧ ਕਮਜ਼ੋਰ ਕਰਨ ਦੇ ਨਾਲ-ਨਾਲ ਸਾਡੀਆਂ ਰਹੁ-ਰੀਤਾਂ ਦੀ ਫ਼ਰਜ਼ਸਨਾਸੀ ਕਰਨ ’ਚ ਵੀ ਕਿਤੇ ਨਾ ਕਿਤੇ ਐੱਸ. ਜੀ. ਪੀ. ਸੀ. ਪਿੱਛੇ ਰਹੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਸਮੇਂ ਅਧਿਆਪਕ ਨਹੀਂ ਵਰਤ ਸਕਣਗੇ ਮੋਬਾਇਲ
ਸਪੀਕਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ, ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦੇ ਟਰੱਸਟ ਬਣਾ ਕੇ ਨਿੱਜੀ ਹੱਥਾਂ ’ਚ ਦੇਣੀਆਂ, ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬ ਛਪਵਾ ਕੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕੁਫ਼ਰ ਤੋਲਣਾ, ਇਹ ਸਭ ਕਰਨ ਵਾਲੇ ਲੋਕ ਕੌਣ ਹਨ ਅਤੇ ਹੁਣ ਉਨ੍ਹਾਂ ਨੂੰ ਬਾਹਰ ਕੱਢਣਾ ਪਵੇਗਾ, ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ, ਜਿਸ ਸਬੰਧੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ। ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਬਜਟ ਆਮ ਲੋਕਾਂ ਦਾ ਬਜਟ ਬਣਾ ਕੇ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ, ਇਸ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੋਕਾਂ ਦੀ ਰਾਇ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਤੋਂ ਝੋਨੇ ਦੀ ਲਵਾਈ ਨੂੰ ਲੈ ਕੇ MP ਗੁਰਜੀਤ ਔਜਲਾ ਨੇ ਕੀਤੀ ਇਹ ਮੰਗ
ਉਨ੍ਹਾਂ ਨੇ ਗਿਆਨੀ ਜ਼ੈਲ ਸਿੰਘ ਵੱਲੋਂ ਈਮਾਨਦਾਰੀ ਨਾਲ ਕੀਤੀ ਸਿਆਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦੇ ’ਤੇ ਰਹੇ ਪਰ ਉਨ੍ਹਾਂ ਨੇ ਆਪਣੀ ਚਿੱਟੀ ਚਾਦਰ ’ਤੇ ਦਾਗ਼ ਨਹੀਂ ਲੱਗਣ ਦਿੱਤਾ। ਸੰਧਵਾਂ ਨੇ ਅੱਗੇ ਕਿਹਾ ਕਿ ਨਾਭਾ ਹਾਰਵੈਸਟਰ ਇੰਡਸਟਰੀ ਦੀ ਹੱਬ ਹੈ ਅਤੇ ਪੰਜਾਬ ਸਰਕਾਰ ਨਾਭਾ ਸਮੇਤ ਭਾਦਸੋਂ ਦੀ ਕੰਬਾਈਨ ਇੰਡਸਟਰੀ, ਖਾਸ ਕਰਕੇ ਕਰਤਾਰ ਕੰਬਾਈਨ ਦੇ ਸਹਿਯੋਗ ਨਾਲ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਕਰਕੇ ਸਾਡੇ ਨੌਜਵਾਨਾਂ ਨੂੰ ਕਿੱਤਾ-ਮੁਖੀ ਸਿਖਲਾਈ ਦਿਵਾ ਕੇ ਹੁਨਰਮੰਦ ਬਣਾਉਣ ਲਈ ਕੰਮ ਕਰੇਗੀ। ਇਸ ਮੌਕੇ ਡਾ. ਜੀਵਨ ਜੋਤ ਕੌਰ ਵਿਧਾਇਕਾ ਅੰਮ੍ਰਿਤਸਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸੁਖਵਿੰਦਰ ਸਿੰਘ ਬੱਬੂ ਕੋਟਕਪੂਰਾ, ਅਮਰਜੀਤ ਸਿੰਘ ਲੋਟੇ, ਹਰਮੀਤ ਸਿੰਘ ਲੋਟੇ, ਮਨਪ੍ਰੀਤ ਸਿੰਘ ਲੋਟੇ, ਹਰਵਿੰਦਰ ਸਿੰਘ ਲੋਟੇ ਵੀ ਹਾਜ਼ਰ ਸਨ।