ਸ਼੍ਰੋਮਣੀ ਕਮੇਟੀ 'ਤੇ ਬਾਦਲਾਂ ਦਾ ਨਾਜਾਇਜ਼ ਕਬਜ਼ਾ ਹਟਾਉਣਾ ਜ਼ਰੂਰੀ : ਭਾਈ ਰਣਜੀਤ ਸਿੰਘ

02/25/2020 11:51:28 PM

ਲੁਧਿਆਣਾ (ਮੁੱਲਾਂਪੁਰੀ)- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੋਮਣੀ ਕਮੇਟੀ 'ਤੇ ਜੋ ਬਾਦਲਾਂ ਦਾ ਨਾਜਾਇਜ਼ ਕਬਜ਼ਾ ਹੈ, ਉਸ ਨੂੰ ਮੁਕਤ ਕਰਵਾਉਣ ਲਈ ਹੁਣ ਸਿੱਖ ਜਥੇਬੰਦੀਆਂ, ਪਾਰਟੀਆਂ, ਪੰਥਕ ਧਿਰਾਂ, ਕਾਂਗਰਸ 'ਆਪ' ਅਤੇ ਅਕਾਲੀ ਦਲ ਵਿਚ ਬੈਠੇ ਕਾਮਰੇਡ ਤਾਂ ਕੀ, ਜੋ ਗੁਰੂ ਨੂੰ ਮੰਨਣਾ ਵਾਲਾ ਗੁਰੂ ਨਾਨਕ ਨਾਮ ਲੇਵਾ ਹੈ, ਉਹ ਇਕ ਝੰਡੇ ਥੱਲੇ ਇਕੱਠਾ ਹੋ ਜਾਵੇਗਾ ਤਾਂ ਗੁਰੂ ਕੀ ਗੋਲਕ ਲਈ ਮੀਰੀ-ਪੀਰੀ ਦੇ ਸਿਧਾਂਤ ਅਤੇ ਜ਼ਮੀਨਾਂ ਦੀ ਬਰਬਾਦੀ ਤੋਂ ਇਲਾਵਾ ਹੋਰ ਸਕੂਲਾਂ-ਕਾਲਜਾਂ 'ਚ ਅੰਨ੍ਹੀ ਲੁੱਟ ਨੂੰ ਕਾਬੂ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਮਾਣ-ਮਰਿਆਦਾ ਕਾਇਮ ਕੀਤੀ ਜਾ ਸਕੇ ਜੋ ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਸੀ।

ਭਾਈ ਰਣਜੀਤ ਸਿੰਘ ਨੇ ਅੱਗੇ ਕਿਹਾ ਕਿ ਸੰਗਰੂਰ 'ਚ ਹੋਈ ਰੈਲੀ ਵਿਚ ਪੰਥ ਦਰਦੀ, ਪੰਥ ਹਿਤੈਸ਼ੀ ਸੱਜਣ ਆਏ ਸਨ ਜਿਥੇ ਸ. ਢੀਂਡਸਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੰਨੇ ਵੀ ਧੜੇ ਜਾਂ ਪਾਰਟੀਆਂ ਹਨ, ਉਹ ਧਾਰਮਕ ਕੰਮਾਂ ਵਿਚ ਦਖਲ ਨਹੀਂ ਦੇਣਗੀਆਂ। ਸ਼੍ਰੋਮਣੀ ਕਮੇਟੀ ਨੂੰ ਸਹੀ ਹੱਥਾਂ ਵਿਚ ਦੇਣ ਲਈ ਕੋਈ ਵੀ ਸਿਆਸੀ ਨੇਤਾ ਇਸ ਵਿਚ ਸਿਆਸਤ ਨਹੀਂ ਕਰੇਗਾ। ਇਸੇ ਕਰ ਕੇ ਮੈਂ ਸੰਗਰੂਰ ਰੈਲੀ ਵਿਚ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਉਹ ਜਿਥੇ ਢੀਂਡਸਾ, ਬ੍ਰਹਮਪੁਰਾ ਜਾਂ ਕੋਈ ਹੋਰ ਨੇਤਾ ਰੈਲੀ ਕਰੇਗਾ, ਜਿਥੇ ਸ਼੍ਰੋਮਣੀ ਕਮੇਟੀ ਦੀ ਗੱਲ, ਰਾਜਨੀਤੀ ਵੱਖਰੀ ਹੋਵੇਗੀ, ਉੱਥੇ ਉਹ ਜਾਣਗੇ ਤੇ ਨਿਰੋਲ ਸ਼੍ਰੋਮਣੀ ਕਮੇਟੀ ਬਾਰੇ ਹੀ ਗੱਲ ਕਰਨਗੇ।

ਭਾਈ ਰਣਜੀਤ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਮਾਮਲੇ 'ਤੇ ਮੰਗੀ ਮੁਆਫੀ 'ਤੇ ਕਿਹਾ ਕਿ ਚੰਗਾ ਹੋਇਆ ਕਿ ਉਨ੍ਹਾਂ ਨੇ ਆਪਣੀ ਗਲਤੀ ਵਿਚ ਸੁਧਾਰ ਕਰ ਲਿਆ। ਹੁਣ ਡੀ.ਜੀ.ਪੀ. ਸ੍ਰੀ ਕਰਤਾਰਪੁਰ ਸਾਹਿਬ ਜਾਂਦੀਆਂ ਸੰਗਤਾਂ ਦੀ ਮਦਦ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਵੱਲ ਖੁਦ ਧਿਆਨ ਦੇਣਗੇ। ਸਾਬਕਾ ਜਥੇਦਾਰ ਗੁਰਚਰਨ ਸਿੰਘ ਵੱਲੋਂ ਸਿਰਸਾ ਸਾਧ ਨੂੰ ਮੁਆਫੀ ਦੇ ਮਾਮਲੇ 'ਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿਰਸਾ ਸਾਧ ਨੂੰ ਮੁਆਫੀ ਨਹੀਂ, ਸਗੋਂ ਕਲੀਨ ਚਿੱਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੱਸੇ ਫਿਰ 94 ਲੱਖ ਦੇ ਧੰਨਵਾਦੀ ਇਸ਼ਤਿਹਾਰ ਕਿਉਂ ਛਾਪੇ। ਉਨ੍ਹਾਂ ਕਿਹਾ ਕਿ ਸਮਾਂ ਆਉਣ ਦਿਓ, ਸਿੱਖ ਸੰਗਤ ਗੁਰੂ ਘਰ ਦੀ ਗੋਲਕ ਦੀ ਪਾਈ ਪਾਈ ਦਾ ਹਿਸਾਬ ਲਵੇਗੀ।


Related News