ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਫ਼ਾਫ਼ੇ ''ਚੋਂ ਕੱਢਣ ਵਾਲੇ ਸੁਖਬੀਰ ਬਾਦਲ ਲਾਪਤਾ ਸਰੂਪਾਂ ਦਾ ਮੁੱਖ ਦੋਸ਼ੀ ਕਿਉਂ ਨਹੀਂ : ਭੋਮਾਂ

09/04/2020 6:28:35 PM

ਜਲੰਧਰ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਨੇਤਾ ਮਨਜੀਤ ਸਿੰਘ ਭੋਮਾਂ.ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ ਨੇ ਆਖਿਆ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਨ ਲਈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਮੈਂਬਰਾਂ ਪਾਸੋਂ ਇਕ ਜੈਕਾਰਾ ਲਵਾ ਕੇ ਸਾਰੇ ਅਧਿਕਾਰ ਆਪ ਲੈ ਸਕਦਾ ਹੈ ਤਾਂ 328 ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜ਼ਿੰਮੇਵਾਰੀ ਆਪ ਕਿਉਂ ਨਹੀਂ ਲੈਂਦਾ? ਉਨ੍ਹਾਂ ਕਿਹਾ ਕਿ ਸਿਆਸੀ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਮੁੱਖ ਪ੍ਰਬੰਧਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੈ ਜਿਸ ਤੋਂ ਉਹ ਮੁਨਕਰ ਨਹੀਂ ਹੋ ਸਕਦਾ, ਫਿਰ  ਲਾਪਤਾ ਸਰੂਪਾਂ ਦਾ ਮੁੱਖ ਦੋਸ਼ੀ ਹਰ ਪਾਸਿਓਂ ਸੁਖਬੀਰ ਸਿੰਘ ਬਾਦਲ ਹੀ ਬਣਦਾ ਹੈ, ਜਦੋਂ ਮਹਾਰਾਜ ਦੇ ਸਰੂਪ ਗ਼ਾਇਬ ਹੋਏ ਉਸ ਸਮੇਂ ਸਰਕਾਰ ਵੀ ਬਾਦਲਾਂ ਦੀ ਸੀ ਤੇ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ।

ਇਸ ਦੌਰਾਨ ਮਨਜੀਤ ਸਿੰਘ ਭੋਮਾਂ ਤੇ ਸਰਬਜੀਤ ਸਿੰਘ ਜੰਮੂ ਤੋਂ ਇਲਾਵਾ ਅਕਾਲੀ ਨੇਤਾ ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਮਜੀਠਾ, ਹਰਸ਼ਰਨ ਸਿੰਘ ਭਾਂਤਪੁਰ ਜੱਟਾਂ, ਗੁਰਚਰਨ ਸਿੰਘ ਬਸਿਆਲਾ, ਕਮਲਜੀਤ ਕੌਰ ਕੁਕੜਾਂ, ਕਸ਼ਮੀਰ ਸਿੰਘ ਸਾਬਕਾ ਸਰਪੰਚ ਦਦਿਆਲ, ਡਾ. ਹਰਭਜਨ ਸਿੰਘ ਜੁਲਾ ਮਜਾਰਾ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਲਈ ਉਹ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ । ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਦੋਂ ਤੋਂ ਬਾਦਲ ਪਰਿਵਾਰ ਕੋਲ ਆਈ ਹੈ ਇਕ ਵਾਰ ਵੀ ਅਜਿਹਾ ਨਹੀਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕਾਂ ਵਲੋਂ ਚੁਣੇ ਹੋਏ ਮੈਂਬਰਾ ਨੇ ਲੋਕਤੰਤਰੀ ਤਰੀਕੇ ਨਾਲ ਪ੍ਰਧਾਨ ਦੀ ਚੋਣ ਲਈ ਆਪਣੇ ਹੱਕ ਦੀ ਵਰਤੋਂ ਕੀਤੀ ਹੋਵੇ ਹਰ ਵਾਰ ਸੁਖਬੀਰ ਬਾਦਲ ਵਲੋਂ ਭੇਜੇ ਲਿਫ਼ਾਫ਼ੇ ਵਿਚੋਂ ਨਿਕਲੇ ਨਾਮ ਤੇ ਬੰਦੂਆ ਮਜ਼ਦੂਰਾਂ ਵਾਂਗ ਜੈਕਾਰੇ ਛੱਡ ਦਿੰਦੇ ਹਨ ਜਿਸ ਦਾ ਸਿੱਧਾ ਅਰਥ ਨਿਕਲਦਾ ਹੈ ਸ਼੍ਰੋਮਣੀ ਕਮੇਟੀ ਦੇ ਹਰ ਚੰਗੇ ਮੰਦੇ ਕਾਰਜ ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੱਖ ਤੌਰ 'ਤੇ ਜ਼ਿੰਮੇਵਾਰ ਹਨ।


Gurminder Singh

Content Editor

Related News