ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ''ਚ ਇਹ 11 ਅਹਿਮ ਮਤੇ ਹੋਏ ਪਾਸ
Wednesday, Nov 18, 2020 - 10:28 PM (IST)
ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਕੀਤੇ ਗਏ ਪੰਥਕ ਸਮਾਗਮ ਦੌਰਾਨ 11 ਅਹਿਮ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿਚ ਸ਼੍ਰੋਮਣੀ ਕਮੇਟੀ ਦੇ ਗਠਨ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਅਤੇ ਅਕਾਲੀ ਯੋਧਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਭਵਿੱਖ ਵਿਚ ਵੀ ਗੁਰੂ ਆਸ਼ੇ ਅਨੁਕੂਲ ਸੰਗਤ ਦੇ ਸਹਿਯੋਗ ਨਾਲ ਪੰਥਕ ਸੇਵਾਵਾਂ ਹੋਰ ਬਿਹਤਰੀਨ ਤਰੀਕੇ ਨਾਲ ਨਿਭਾਉਣ ਦੀ ਦ੍ਰਿੜਤਾ ਪ੍ਰਗਟਾਈ ਗਈ। ਦੂਜੇ ਮਤੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿੱਤ-ਦਿਹਾੜੇ ਬੇਰੋਕ ਹੋ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਸ਼ਟ ਸ਼ਕਤੀਆਂ ਨੂੰ ਬੇਨਕਾਬ ਕਰਨ ਅਤੇ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲਾਂ ਲਈ ਜਾਰੀ ਕੀਤੇ ਇਹ ਹੁਕਮ
ਇਸੇ ਤਰ੍ਹਾਂ ਸਿੱਖ ਇਕ ਵੱਖਰੀ ਕੌਮ ਸਬੰਧੀ ਮਤਾ ਪੇਸ਼ ਕਰਦਿਆਂ ਸਿੱਖਾਂ ਦੇ ਸਰੂਪ ਅਤੇ ਹੋਂਦ ਨੂੰ ਰਲਗਡ ਕਰਨ ਵਾਲੀਆਂ ਸ਼ਕਤੀਆਂ ਤੋਂ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਕੀਤਾ ਗਿਆ। ਇਕ ਹੋਰ ਮਤੇ ਰਾਹੀਂ ਵਿਦੇਸ਼ਾਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਦੇ ਸੰਕਟ ਕਾਰਣ ਵਾਪਰ ਰਹੇ ਨਸਲੀ ਹਮਲਿਆਂ ਦੇ ਵਰਤਾਰੇ 'ਤੇ ਵੀ ਇਕ ਮਤੇ ਰਾਹੀਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਉਹ ਵਿਦੇਸ਼ੀ ਸਰਕਾਰਾਂ ਕੋਲ ਇਸ ਮਸਲੇ ਦੇ ਹੱਲ ਲਈ ਪਹੁੰਚ ਕਰੇ ਤਾਂ ਜੋ ਅਮਨ ਪਸੰਦ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੀ ਹੋਈ ਉਥੋਂ ਦੀ ਸਰਬਪੱਖੀ ਉਨਤੀ ਵਿਚ ਆਪਣਾ ਯੋਗਦਾਨ ਪਾ ਸਕੇ। ਇਕ ਮਤੇ ਰਾਹੀਂ ਜਾਤ-ਪਾਤ, ਊਚ-ਨੀਚ ਅਤੇ ਨਸਲੀ ਭੇਦਭਾਵ ਦਾ ਖੰਡਨ ਕਰਦਿਆਂ ਸਮੁੱਚੀਆਂ ਸਮਾਜਿਕ ਇਕਾਈਆਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਆਪਣਾ ਭਰਪੂਰ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ ਗਿਆ।
ਇਸੇ ਤਰ੍ਹਾਂ ਅਜੋਕੀਆਂ ਸਮਾਜਿਕ ਬੁਰਾਈਆਂ, ਵਿਆਹ-ਸ਼ਾਦੀਆਂ 'ਤੇ ਫਜੂਲ਼ ਖਰਚੀ ਅਤੇ ਭਰੂਣ ਹੱਤਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਸਮਾਜ ਨੂੰ ਸਾਦੇ ਰੀਤੀ-ਰਿਵਾਜ਼ ਅਪਨਾਉਣ ਦੀ ਇਕ ਮਤੇ ਰਾਹੀਂ ਅਪੀਲ ਕੀਤੀ ਗਈ। ਸਿੱਖ ਕੈਦੀਆਂ ਦੀ ਰਿਹਾਈ ਸਬੰਧੀ, ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨ ਕਰਨ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਨੂੰ ਪਛਾੜਨ, ਧਰਮੀ ਫ਼ੌਜੀਆਂ ਦੇ ਹੱਕਾਂ ਦੀ ਰੱਖਵਾਲੀ ਲਈ, ਦੇਸ਼ ਅੰਦਰ ਘਟਗਿਣਤੀਆਂ ਦੀ ਵਧ ਰਹੀ ਅਸੁਰੱਖਿਆ 'ਤੇ ਚਿੰਤਾ ਪ੍ਰਗਟਾਉਂਦਿਆਂ ਅਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਵਿਰੁੱਧ ਵੱਖ-ਵੱਖ ਮਤਿਆਂ ਰਾਹੀਂ ਆਵਾਜ਼ ਬੁਲੰਦ ਕੀਤੀ ਗਈ ਅਤੇ ਇਨ੍ਹਾਂ ਸਾਰੇ ਮਾਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ।
ਇਹ ਵੀ ਪੜ੍ਹੋ : ਫਿਰ ਵਾਪਰੀ ਪਟਿਆਲਾ ਵਾਲੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ