ਪੰਜਾਬ ਦੇ ਪਾਣੀਆਂ ''ਤੇ ਟਕਸਾਲੀਆਂ ਦਾ ਵੱਡਾ ਬਿਆਨ

Thursday, Jul 11, 2019 - 12:52 PM (IST)

ਪੰਜਾਬ ਦੇ ਪਾਣੀਆਂ ''ਤੇ ਟਕਸਾਲੀਆਂ ਦਾ ਵੱਡਾ ਬਿਆਨ

ਜਲੰਧਰ (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਬੀਤੇ ਦਿਨ ਜਲੰਧਰ 'ਚ ਹੋਈ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਆਗੂਆਂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਬੀਰ ਦਵਿੰਦਰ ਸਿੰਘ, ਕਰਨੈਲ ਸਿੰਘ, ਪੀਰ ਮੁਹੰਮਦ ਅਤੇ ਬੱਬੀ ਬਾਦਲ ਆਦਿ ਨੇ ਕਿਹਾ ਕਿ ਪੰਜਾਬ ਦੀ ਬਰਬਾਦੀ ਲਈ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੋਵੇਂ ਜ਼ਿੰਮੇਵਾਰ ਹਨ ਅਤੇ ਦੋਵੇਂ ਮਿਲ ਕੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਹਨ। ਇਹੀ ਕਾਰਨ ਹੈ ਕਿ ਪੰਜਾਬ 'ਚ ਪਿਛਲੇ ਢਾਈ ਸਾਲ ਦੇ ਹੋਏ ਬੁਰੇ ਹਾਲ ਦੇ ਬਾਰੇ 'ਚ ਅਕਾਲੀ ਅਤੇ ਭਾਜਪਾ ਆਗੂ ਮੂੰਹ ਨਹੀਂ ਖੋਲ੍ਹ ਰਹੇ। ਪੰਜਾਬ ਦੇ ਪਾਣੀਆਂ 'ਤੇ ਬੋਲਦੇ ਟਕਸਾਲੀ ਅਕਾਲੀ ਆਗੂਆਂ ਨੇ ਕਿਹਾ ਕਿ ਚਾਹੇ ਸੁਪਰੀਮ ਕੋਰਟ ਕੋਈ ਵੀ ਫੈਸਲਾ ਕਰੇ ਪਰ ਕਿਸੇ ਵੀ ਹਾਲ 'ਚ ਉਹ ਪੰਜਾਬ ਦੇ ਪਾਣੀਆਂ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਤਾਂ ਪੀਣ ਲਈ ਪਾਣੀ ਵੀ ਨਹੀਂ ਹੈ। ਦੂਜੇ ਸੂਬਿਆਂ ਨੂੰ ਉਹ ਪਾਣੀ ਕਿਥੋਂ ਦੇਵੇ।

ਉਨ੍ਹਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਬੈਂਸ ਨੇ ਇਕ ਬਿਆਨ 'ਚ ਕਿਹਾ ਹੈ ਕਿ ਅਕਾਲੀ ਦਲ ਟਕਸਾਲੀ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋ ਜਾਣ। ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ 100 ਸਾਲ ਪੁਰਾਣਾ ਹੈ ਅਤੇ ਅਨੇਕਾਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪਰ ਬੈਂਸ ਦੀ ਪਾਰਟੀ ਤਾਂ ਅਜੇ ਕੱਲ ਹੀ ਬਣੀ ਹੈ ਤਾਂ ਬੈਂਸ ਟਕਸਾਲੀ ਅਕਾਲੀ ਦਲ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਨ ਦੀ ਥਾਂ ਖੁਦ ਦੀ ਲੋਕ ਇਨਸਾਫ ਪਾਰਟੀ ਨੂੰ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਕਰਨ ਦੇ ਬਾਰੇ ਸੋਚਣ। ਇਸ ਮੌਕੇ ਉਜਾਗਰ ਸਿੰਘ ਬਡਾਲੀ, ਮੱਖਣ ਸਿੰਘ ਨੰਗਲ, ਮਹਿੰਦਰ ਸਿੰਘ, ਅਰਵਿੰਦਰ ਸਿੰਘ ਬ੍ਰਹਮਪੁਰਾ, ਚਰਨ ਸਿੰਘ, ਦਲਜੀਤ ਸਿੰਘ ਗਿੱਲ, ਜਗਰੂਪ ਸਿੰਘ, ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।


author

shivani attri

Content Editor

Related News