ਚੰਡੀਗੜ੍ਹ ਵਿਖੇ ਅਕਾਲੀ ਆਗੂਆਂ ਸਮੇਤ ਸੁਖਬੀਰ ਸਿੰਘ ਬਾਦਲ ਨੂੰ ਲਿਆ ਗਿਆ ਹਿਰਾਸਤ ’ਚ
Saturday, Nov 27, 2021 - 01:49 PM (IST)
ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਗਟਾਉਂਦੇ ਹੋਏ ਪੁਲਸ ਵੱਲੋਂ ਹਿਰਾਸਤ ’ਚ ਲੈ ਲਿਆ ਗਿਆ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ’ਚ ਫਸਾਉਣ ਦੀ ਕਾਂਗਰਸ ਦੀ ਸਾਜਿਸ਼ ਦੇ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰਾਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਪੁਲਸ ਵੱਲੋਂ ਹਿਰਾਸਤ ’ਚ ਲੈ ਲਿਆ ਗਿਆ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਬਾਹਰ ਗਿ੍ਰਫ਼ਤਾਰੀਆਂ ਦੇਣ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ’ਚ ਮੁਲਾਜ਼ਮ ਕੁੱਟੇ ਜਾ ਰਹੇ ਹਨ, ਗ਼ਰੀਬ ਤੇ ਕਿਸਾਨ ਕੁੱਟੇ ਜਾ ਰਹੇ ਹਨ ਪਰ ਉਨ੍ਹਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਅਕਾਲੀ ਵਰਕਰਾਂ ’ਤੇ ਝੂਠੇ ਕੇਸ ਦਰਜ ਕੀਤੇ ਹਨ, ਹੁਣ ਹਿੰਮਤ ਹੈ ਤਾਂ ਸਾਡੇ ’ਤੇ ਵੀ ਕੇਸ ਦਰਜ ਕਰਨ। ਇਕ ਮਹੀਨਾ ਇਨ੍ਹਾਂ ਦੇ ਕੋਲ ਰਹਿ ਗਿਆ ਹੈ, ਜੋ ਵੀ ਕਰਨਾ ਹੈ ਇਹ ਕਰ ਲੈਣ। ਉਸ ਤੋਂ ਬਾਅਦ ਜੋ-ਜੋ ਇਨ੍ਹਾਂ ਨੇ ਝੂਠੇ ਕੰਮ ਕੀਤੇ ਹਨ, ਉਸ ਦਾ ਇਨਸਾਫ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ, ਕੇਜਰੀਵਾਲ ਵੱਲੋਂ ਦਿੱਤੇ ਗਏ ਬਿਆਨ 'ਤੇ CM ਚੰਨੀ ਦਾ ਪਲਟਵਾਰ
ਇਥੇ ਇਹ ਵੀ ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਕਿਹਾ ਸੀ ਕਿ ਇਸ ਮਗਰੋਂ ਜ਼ਿਲ੍ਹਾ ਪੱਧਰ ’ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਕਾਂਗਰਸ ਪਾਰਟੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਸਾਜ਼ਿਸ਼ ਬੇਨਕਾਬ ਹੋਣ ਤੋਂ ਬਾਅਦ ਰਚੀ ਗਈ ਦੂਜੀ ਸਾਜ਼ਿਸ਼ ਦੇ ਵੇਰਵੇ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਡੇ ਕੋਲ ਪੱਕੀ ਖ਼ਬਰ ਹੈ ਕਿ ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਮੁੱਖ ਮੰਤਰੀ ਦੀ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਰਿਸ਼ਤੇ ਹੋਏ ਤਾਰ-ਤਾਰ, ਭਰਾ ਹੀ ਬਣਾਉਂਦਾ ਰਿਹਾ ਸਕੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ