ਕਾਂਗਰਸ ਵੱਲੋਂ ਚੋਣ ਵਾਅਦਿਆਂ ਤੋਂ ਮੁੱਕਰਨ ਦਾ ਜਵਾਬ ਦੇਣ ਦਾ ਇਹ ਸਹੀ ਮੌਕਾ : ਸੁਖਬੀਰ ਬਾਦਲ
Tuesday, Oct 03, 2017 - 09:13 AM (IST)
ਫਤਿਹਗੜ੍ਹ ਚੂੜੀਆਂ/ਗੁਰਦਾਸਪੁਰ (ਵਿਨੋਦ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ਤੋਂ ਮੁੱਕਰਨ ਦਾ ਜਵਾਬ ਦੇਣ ਦਾ ਸਹੀ ਮੌਕਾ ਹੈ ।
ਅੱਜ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਪਿੰਡਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਪੱਖ ਵਿਚ ਕੀਤੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਖਾਸਕਰ ਇਸ ਦੇ ਕੁਝ ਵਿਸ਼ੇਸ਼ ਮੰਤਰੀਆਂ ਦਾ ਇਕੋ-ਇਕ ਟੀਚਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੰਦ ਕਰਨਾ ਹੈ। ਕਿੰਨੀ ਮੰਦਭਾਗੀ ਗੱਲ ਹੈ ਕਿ ਸੂਬੇ ਦਾ ਸਥਾਨਕ ਸਰਕਾਰਾਂ ਮੰਤਰੀ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ ਬੰਦ ਕਰਵਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਸੁਵਿਧਾ ਕੇਂਦਰਾਂ ਨੂੰ ਬੰਦ ਕਰ ਕੇ ਮੌਜੂਦਾ ਸਰਕਾਰ ਨੇ ਨਾ ਸਿਰਫ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਖੋਹੀਆਂ ਹਨ, ਸਗੋਂ ਸੈਂਕੜੇ ਨੌਜਵਾਨਾਂ ਦੇ ਘਰਾਂ ਵਿਚ ਬਲਦੇ ਚੁੱਲ੍ਹੇ ਵੀ ਠੰਡੇ ਕੀਤੇ ਹਨ।
ਬਾਦਲ ਨੇ ਅੱਜ ਹਲਕੇ ਦੇ ਪਿੰਡ ਬੱਲਪੁਰੀਆਂ, ਭਾਗੋਵਾਲ, ਆਲੀਵਾਲ, ਕਾਲਾ ਅਫ਼ਗਾਨਾ, ਵੀਲਾ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਵਰਨ ਸਲਾਰੀਆ ਨੂੰ ਸਫ਼ਲ ਬਣਾ ਕੇ ਨਾ ਸਿਰਫ ਮਰਹੂਮ ਲੋਕ ਸਭਾ ਮੈਂਬਰ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦੇਣ, ਸਗੋਂ ਪੰਜਾਬ ਸਰਕਾਰ ਨੂੰ ਵੀ ਇਹ ਸੁਨੇਹਾ ਦੇਣ ਕਿ ਸੂਬੇ ਦੇ ਲੋਕਾਂ ਦੇ ਮਨੋਂ ਉਹ ਆਪਣੇ ਕਾਰਜਕਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਹੀ ਉਤਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬ ਗੁਰਦਾਸਪੁਰ ਹਲਕੇ ਦੇ ਲੋਕਾਂ ਦਾ ਧੰਨਵਾਦੀ ਹੋਵੇਗਾ, ਜਿਹੜੇ ਕਾਂਗਰਸ ਨੂੰ ਉਸਦਾ ਅਸਲ ਚਿਹਰਾ ਦਿਖਾਉਣ ਲਈ ਨਾ ਸਿਰਫ ਉਸ ਨੂੰ ਕਰਾਰੀ ਹਾਰ ਦੇਣਗੇ, ਸਗੋਂ ਆਪਣੇ ਹਲਕੇ ਵਿਚੋਂ ਨਕਾਰੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਵੀ ਉਸ ਦੀ ਅਸਲੀਅਤ ਦਿਖਾਉਣਗੇ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ 6 ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਨੂੰ ਰੋਜ਼ਗਾਰ, ਬੇਰੋਜ਼ਗਾਰੀ ਭੱਤਾ, ਕਿਸਾਨਾਂ ਦਾ ਕਰਜ਼ਾ ਮੁਆਫ਼ ਅਤੇ ਪੈਨਸ਼ਨਾਂ ਵਿਚ ਵਾਧਾ ਕਰਨ ਵਰਗੇ ਝੂਠੇ ਵਾਅਦੇ ਕਰਕੇ ਸੱਤਾ 'ਤੇ ਤਾਂ ਕਾਬਿਜ਼ ਹੋ ਗਏ ਪਰ ਸਰਕਾਰ ਬਣਦਿਆਂ ਹੀ ਇਨ੍ਹਾਂ ਆਪਣੇ ਵਾਅਦਿਆਂ ਤੋਂ ਮੂੰਹ ਫੇਰ ਲਿਆ। ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਤਾਂ ਕੀ ਮੁਆਫ ਕਰਨਾ ਸੀ, ਸਗੋਂ ਅਕਾਲੀ-ਭਾਜਪਾ ਗੱਠਜੋੜ ਵੱਲੋਂ ਦਿੱਤੀ ਮੁਫ਼ਤ ਬਿਜਲੀ ਸੇਵਾ ਵੀ ਬੰਦ ਕਰ ਕੇ ਹੁਣ ਟਿਊਬਵੈੱਲ ਮੋਟਰਾਂ 'ਤੇ ਬਿੱਲ ਲਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਸ ਕੋਲੋਂ ਆਪਣਾ ਮਹਿਕਮਾ ਤਾਂ ਸੰਭਾਲਿਆ ਨਹੀਂ ਜਾ ਰਿਹਾ ਪਰ ਉਹ ਦੂਜੇ ਮੰਤਰੀਆਂ ਦੇ ਮਹਿਕਮਿਆਂ ਵਿਚ ਨੁਕਸ ਕੱਢਣ ਵਿਚ ਲੱਗਾ ਹੋਇਆ ਹੈ। ਸਿੱਧੂ ਨਵੀਂ ਪਿਰਤ ਪਾਉਣ ਦੀ ਫਿਰਾਕ 'ਚ ਹੈ ਕਿ ਇਕ ਜੂਨੀਅਰ ਵਿਅਕਤੀ ਆਪਣੇ ਸੀਨੀਅਰ ਦੀ ਗਲਤੀ ਕੱਢਿਆ ਕਰੇਗਾ।
ਗੱਠਜੋੜ ਉਮੀਦਵਾਰ ਸਵਰਨ ਸਲਾਰੀਆ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਸ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਆਪਣੀ ਨਿੱਜੀ ਜ਼ਿੰਦਗੀ ਵਿਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਇੱਛਾ ਹੁਣ ਇਲਾਕੇ ਦੀ ਹੋਰ ਸੇਵਾ ਕਰਨ ਵਿਚ ਸਫ਼ਲਤਾ ਹਾਸਲ ਕਰਨ ਦੀ ਹੈ, ਜਿਸ ਨੂੰ ਹਲਕਾ ਗੁਰਦਾਸਪੁਰ ਦੇ ਲੋਕ ਉਨ੍ਹਾਂ ਨੂੰ ਜਿੱਤ ਦਿਵਾ ਕੇ ਪੂਰਾ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਹਲਕੇ ਦੇ ਲੋਕਾਂ ਦੀ ਉਮੀਦ 'ਤੇ ਖਰਾ ਉਤਰਨਗੇ।
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਂਗਰਸੀ ਆਗੂ ਲਿਫਾਫੇਬਾਜ਼ੀ ਵਿਚ ਮਾਹਿਰ ਹਨ, ਇਨ੍ਹਾਂ ਤੋਂ ਬਚਾਅ ਜ਼ਰੂਰੀ ਹੈ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਸਲਾਰੀਆ ਨੂੰ ਵੱਡੀ ਜਿੱਤ ਦਿਵਾਉਣ ਦੀ ਅਪੀਲ ਕੀਤੀ।
