ਮੈਂ ਸਿੱਧਾ-ਸਾਦਾ ਦੇਸੀ ਬੰਦਾ ਹਾਂ, ਜੋ ਕਹਿੰਦਾ, ਕਰ ਕੇ ਦਿਖਾਉਂਦਾ ਹਾਂ: ਸੁਖਬੀਰ ਬਾਦਲ

05/01/2019 10:19:21 AM

ਮੁਦਕੀ, ਫਿਰੋਜ਼ਪੁਰ (ਕੁਮਾਰ, ਭੁੱਲਰ, ਹੈਪੀ, ਪਾਲ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੁਖਬੀਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਮਗਰੋਂ ਟਿਊਬਵੈੱਲਾਂ ਦੇ ਬਿੱਲ ਲਾਗੂ ਕਰਨਗੇ। ਫਿਰੋਜ਼ਪੁਰ ਹਲਕੇ ਦੇ ਮੁੱਦਕੀ, ਤਲਵੰਡੀ ਭਾਈ, ਮਮਦੋਟ ਤੇ ਹੋਰਨਾਂ ਪਿੰਡਾਂ 'ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸੁਖਬਾਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਨੇ ਮੈਨੂੰ ਦੱਸਿਆ ਹੈ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਚੋਣਾਂ ਪਿੱਛੋਂ ਖਤਮ ਕਰ ਦਿੱਤੀ ਜਾਵੇਗੀ। ਇਹ ਮੇਰੀ ਪੱਕੀ ਸੂਚਨਾ ਹੈ, ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਸਹੁੰ ਵੀ ਖਾਵੇ, ਉਸ 'ਤੇ ਯਕੀਨ ਨਾ ਕਰਿਓ, ਕਿਉਂਕਿ ਪਹਿਲਾਂ ਵੀ ਇਸ ਨੇ ਝੂਠੀ ਸਹੁੰ ਖਾ ਕੇ ਸਰਕਾਰ ਬਣਾਈ ਹੈ। ਜੇ ਕੈਪਟਨ ਨੇ ਇਹ ਗਲਤੀ ਕੀਤੀ ਤਾਂ ਅਕਾਲੀ ਦਲ ਕਿਸਾਨਾਂ ਨੂੰ ਨਾਲ ਕੇ ਵੱਡਾ ਮਾਰਚ ਲਾਏਗਾ ਅਤੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ।

ਉਨ੍ਹਾਂ ਕਿਹਾ ਕਿ ਹੋ ਰਹੀਆਂ ਵੱਡੀਆਂ ਰੈਲੀਆਂ ਤੋਂ ਸਾਫ ਹੋ ਜਾਂਦਾ ਹੈ ਕਿ ਪਾਰਟੀ ਵਰਕਰਾਂ 'ਚ ਇਸ ਵਾਰ ਭਾਰੀ ਉਤਸ਼ਾਹ ਹੈ। ਜਦ ਸੁਖਬੀਰ ਭਾਸ਼ਣ ਸ਼ੁਰੂ ਕਰਦਾ ਹੈ ਤਾਂ ਪੰਡਾਲ 'ਚ ਸੁਖਬੀਰ ਬਾਦਲ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗਦੇ ਹਨ।ਬਾਦਲ ਨੇ ਲੋਕਾਂ ਨੂੰ ਮੁਖਾਤਬ ਹੁੰਦੇ ਕਹਿੰਦੇ ਹਨ ਕਿ ਮੈਂ ਸਿੱਧਾ ਸਾਦਾ ਦੇਸੀ ਬੰਦਾ ਹਾਂ, ਜੋ ਮੈਂ ਕਹਿੰਦਾ, ਉਹ ਕਰ ਕੇ ਵਿਖਾਉਂਦਾ ਹਾਂ। ਚੋਣਾਂ ਦੌਰਾਨ ਪੰਜਾਬ 'ਚ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕਾਂ ਦੇ ਕੀਤੇ ਜਾਂ ਨਾ ਕੀਤੇ ਗਏ ਕੰਮ ਅਸਲੀ ਚੋਣ ਮੁੱਦਾ ਹਨ। ਉਨ੍ਹਾਂ ਕਿਹਾ ਕਿ ਅਸੀਂ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੌਜੂਦਾ ਸਰਕਾਰ ਵਲੋਂ ਸ਼ੁਰੂ ਕੀਤੇ ਜਾਂ ਬੰਦ ਕੀਤੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੀ ਤੁਲਨਾ ਅਕਾਲੀ-ਭਾਜਪਾ ਸਰਕਾਰ ਵਲੋਂ ਪੂਰੇ ਕੀਤੇ ਵਿਕਾਸ ਕਾਰਜਾਂ ਨਾਲ ਜ਼ਰੂਰ ਕਰਨ। ਸਿੱਟ ਵਲੋਂ ਪੇਸ਼ ਕੀਤੇ ਚਲਾਨ ਬਾਰੇ ਉਨ੍ਹਾਂ ਕਿਹਾ ਕਿ ਸਿਟ ਨੇ ਕਬੂਲ ਕੀਤਾ ਹੈ ਕਿ ਇਸ ਨੂੰ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਕਿਸੇ ਅਕਾਲੀ ਆਗੂ ਵਿਰੁੱਧ ਕੋਈ ਸਮੱਗਰੀ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਜੇਕਰ ਸਿੱਟ ਨੂੰ ਦੋ ਸਾਲਾਂ 'ਚ ਚੁਣੇ ਹੋਏ ਨੁਮਾਇੰਦਿਆਂ ਖ਼ਿਲਾਫ ਕੁੱਝ ਨਹੀਂ ਮਿਲਿਆ ਤਾਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਮੁੱਖ ਮੰਤਰੀ ਤੇ ਪੰਥਕ ਹੋਣ ਦਾ ਸਵਾਂਗ ਰਚੀ ਬੈਠੇ ਉਸ ਦੇ ਅਖੌਤੀ ਪਿੱਠੂ ਸਾਡੇ 'ਤੇ ਕਿਸ ਆਧਾਰ 'ਤੇ ਦੋਸ਼ ਲਾ ਰਹੇ ਹਨ? ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਇਹ ਅਖੌਤੀ ਆਗੂ ਕਾਂਗਰਸ ਦੇ ਭਾੜੇ ਦੇ ਕਰਿੰਦੇ ਹਨ, ਜਿਨ੍ਹਾਂ ਨੂੰ ਸਿੱਖਾਂ ਦੇ ਮਨਾਂ ਵਿਚ ਭੰਬਲਭੂਸਾ ਪਾਉਣ ਲਈ ਅਤੇ ਖਾਲਸਾ ਪੰਥ ਨੂੰ ਆਗੂ-ਵਿਹੂਣਾ ਕਰਨ ਲਈ ਸਰਕਾਰੀ ਸ਼ਹਿ ਦਿੱਤੀ ਜਾ ਰਹੀ ਹੈ।


rajwinder kaur

Content Editor

Related News