ਬਸਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ!

Thursday, Apr 15, 2021 - 09:52 AM (IST)

ਬਸਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ!

ਜਲੰਧਰ(ਵੈੱਬ ਡੈਸਕ): ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 2022 ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ 'ਤੇ ਦਲਿਤ ਚਿਹਰਾ ਪਾਰਟੀ ਦਾ ਉਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਮਗਰੋਂ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਪੰਜਾਬ ਵਿੱਚ ਜਲਦ ਹੀ ਅਕਾਲੀ ਦਲ ਅਤੇ ਬਸਪਾ ਵਿਚਕਾਰ ਗੱਠਜੋੜ ਹੋ ਸਕਦਾ ਹੈ। ਚਰਚਾ ਇਹ ਵੀ ਹੈ ਕਿ ਅਕਾਲੀ ਦਲ ਅਤੇ ਬਸਪਾ ਵਿਚਾਲੇ ਗੱਠਜੋੜ ਲੱਗਭਗ ਤੈਅ ਹੋ ਚੁੱਕਾ ਹੈ ਅਤੇ ਇਸ ਬਾਰੇ ਮਹਿਜ਼ ਰਸਮੀ ਐਲਾਨ ਬਾਕੀ ਰਹਿ ਗਿਆ ਹੈ।ਸੂਤਰਾਂ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਸਮਝੌਤਾ ਹੋ ਚੁੱਕਾ ਹੈ।ਸੁਖਬੀਰ ਸਿੰਘ ਬਾਦਲ ਅੱਜ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਜਲੰਧਰ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।ਇਸ ਫੇਰੀ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਗੱਠਜੋੜ ਤਹਿਤ ਲੜੀਆਂ ਜਾ ਸਕਦੀਆਂ ਹਨ। ਸਿਆਸੀ ਟਿੱਪਣੀਕਾਰ ਬਾਦਲ ਦੇ ਇਸ ਬਿਆਨ ਨੂੰ ਬਸਪਾ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਵਜੋਂ ਵੇਖ ਰਹੇ ਹਨ।ਗੌਰਤਲਬ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਅਕਾਲੀ ਦਲ ਨੂੰ ਬੀਜੇਪੀ ਨਾਲੋਂ ਨੁੰਹ-ਮਾਸ ਦੇ ਕਹੇ ਜਾਂਦੇ ਰਿਸ਼ਤੇ ਨੂੰ ਤੋੜਨਾ ਪਿਆ ਸੀ ਅਤੇ ਉਦੋਂ ਤੋਂ ਹੀ ਇਹ ਕਿਆਸਰਾਈਆਂ ਲਾਈਆਂ ਜਾਂਦੀਆਂ ਸਨ ਕਿ ਅਕਾਲੀ ਦਲ ਬਸਪਾ ਨਾਲ ਗੱਠਜੋੜ ਕਰ ਸਕਦਾ ਹੈ। ਅੱਜ ਸੁਖਬੀਰ ਬਾਦਲ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਮੌਕੇ  ਉਪ ਮੁੱਖ ਮੰਤਰੀ ਵਜੋਂ ਦਲਿਤ ਚਿਹਰੇ ਦੇ ਐਲਾਨ ਅਤੇ ਗੱਠਜੋੜ ਦੇ ਸੰਕੇਤ ਨੇ ਸਿਆਸੀ ਮਾਹਿਰਾਂ ਦੀਆਂ ਟਿੱਪਣੀਆਂ 'ਤੇ ਮੋਹਰ ਲਗਾ ਦਿੱਤਾ ਹੈ।

ਭਾਜਪਾ ਦੀ ਮੰਗ ਨੂੰ ਅਕਾਲੀ ਦਲ ਨੇ ਹਰ ਵਾਰ ਠੁਕਰਾਇਆ
ਜ਼ਿਕਰਯੋਗ ਹੈ ਕਿ ਭਾਜਪਾ ਨਾਲ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜਨ ਅਤੇ ਸਰਕਾਰ ਬਣਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦੀ ਉਪ ਮੁੱਖ ਮੰਤਰੀ ਦੀ ਮੰਗ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ।ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਵਾਰ ਅਕਾਲੀ ਦਲ ਅਤੇ ਬੀਜੇਪੀ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਉਲਝਦੀ ਰਹੀ ਹੈ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਅਤੇ ਵੱਡੇ ਆਗੂ ਦੇ ਰੂਪ ਵਿੱਚ ਭਾਜਪਾ ਉਨ੍ਹਾਂ ਦੀ ਗੱਲ ਨੂੰ ਸਵੀਕਾਰ ਕਰਦੀ ਰਹੀ ਹੈ। ਗੱਠਜੋੜ ਦੀ ਸਰਕਾਰ ਵਿੱਚ ਭਾਜਪਾ ਆਗੂਆਂ ਨੂੰ ਹੋਰ ਅਹੁਦੇ ਤਾਂ ਮਿਲਦੇ ਰਹੇ ਹਨ ਪਰ ਭਾਜਪਾ ਦਾ ਉਪ ਮੁੱਖ ਮੰਤਰੀ ਬਣਾਉਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ।ਹੁਣ ਸੁਖਬੀਰ ਬਾਦਲ ਵੱਲੋਂ ਭਾਜਪਾ ਨਾਲੋਂ ਗੱਠਜੋੜ ਤੋੜ ਕੇ ਦਲਿਤ ਚਿਹਰੇ ਨੂੰ ਉਪ ਮੁੱਤਰੀ ਦਾ ਅਹੁਦਾ ਦੇਣ ਦਾ ਐਲਾਨ ਜਿੱਥੇ ਭਾਜਪਾ ਆਗੂਆਂ ਨੂੰ ਰੜਕ ਰਿਹਾ ਹੋਵੇਗਾ ਉਥੇ ਹੀ ਬਸਪਾ ਪਾਰਟੀ ਅੰਦਰ ਵੀ ਹਲਚਲ ਤੇਜ਼ ਹੋ ਗਈ ਹੋਵੇਗੀ ਕਿਉਂਕਿ ਇਸ ਸਮੇਂ ਸੂਬੇ ਵਿੱਚ ਬਸਪਾ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨਾਲ ਅਕਾਲੀ ਦਲ ਦਾ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਹੋਵੇਗਾ ਉੱਪ ਮੁੱਖ ਮੰਤਰੀ

ਦਲਿਤ ਚਿਹਰੇ ਨੂੰ ਉੱਪ ਮੰਤਰੀ ਬਣਾਉਣ ਪਿੱਛੇ ਸਿਆਸੀ ਮਾਇਨੇ 
ਪੰਜਾਬ ਦੀਆਂ ਚੋਣਾਂ ਨੂੰ ਦਲਿਤ ਵੋਟ ਬੈਂਕ ਵੱਡੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ।ਖ਼ਾਸ ਕਰਕੇ ਦੋਆਬੇ ਦੇ ਖੇਤਰ ਵਿੱਚ ਦਲਿਤ ਵੋਟਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਹਰ ਸਿਆਸੀ ਦਲ ਇਹ ਵੋਟ ਕੈਸ਼ ਕਰਨ ਲਈ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੇ ਐਲਾਨ ਕਰਦੇ ਰਹੇ ਹਨ। ਗੌਰਤਲਬ ਹੈ ਕਿ ਪੰਜਾਬ ਵਿੱਚ ਚਿਰਾਂ ਤੋਂ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਾਉਣ ਦੀ ਮੰਗ ਉੱਠ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਇਹ ਮੰਗ ਪੂਰੀ ਨਹੀਂ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਹ ਐਲਾਨ ਕੀਤਾ ਸੀ ਪਰ ਵੋਟਰਾਂ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਉੱਪ ਮੰਤਰੀ ਰਹੇ ਸਨ ਤੇ ਹੁਣ ਕੈਪਟਨ ਦੀ ਸਰਕਾਰ ਵਿੱਚ ਇਹ ਅਹੁਦਾ ਕਿਸੇ ਵੀ ਵਿਅਕਤੀ ਨੂੰ ਨਹੀਂ ਮਿਲਿਆ। ਜੇਕਰ ਹੁਣ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੁੰਦਾ ਹੈ ਤਾਂ ਨਿਸਚਿਤ ਹੀ ਦੋਆਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਮੁੜ ਪੈਰਾਂ ਸਿਰ ਹੋ ਸਕਦੀ ਹੈ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਆਬਾ ਖੇਤਰ ਵਿੱਚ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।  ਅੰਕੜੇ ਦੱਸਦੇ ਹਨ ਕਿ 2017 ਵਿੱਚ ਬਸਪਾ ਨੇ 117 ਵਿਧਾਨ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਸਨ ਅਤੇ ਕੁੱਲ 234400 ਵੋਟਾਂ ਪ੍ਰਾਪਤ ਕੀਤੀਆਂ ਸਨ ਜੋ ਕੁੱਲ ਵੋਟਾਂ ਦਾ 2 ਫ਼ੀਸਦ ਤੋਂ ਵੱਧ ਬਣਦਾ ਸੀ। 2019 ਵਿੱਚ ਜਲੰਧਰ ਲੋਕ ਸਭਾ ਸੀਟ 'ਤੇ ਬਸਪਾ ਉਮੀਦਵਾਰ ਨੂੰ 2 ਲੱਖ ਤੋਂ ਵੱਧ, ਹੁਸ਼ਿਆਰਪੁਰ 1 ਲੱਖ ਅਤੇ ਆਨੰਦਪੁਰ ਲੋਕ ਸਭਾ ਸੀਟ ਤੋਂ ਵੀ 1 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ਹੁਸ਼ਿਆਰਪੁਰ 'ਚ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 16 ਫ਼ੀਸਦ ਤੇ ਆਨੰਦਪੁਰ ਸਾਹਿਬ 7 ਫ਼ੀਸਦ ਵੱਧ ਵੋਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿੱਚ ਬਸਪਾ ਨੂੰ ਕੁੱਲ 3.50 ਫ਼ੀਸਦ ਵੋਟਾਂ ਮਿਲਣਾ ਇਹ ਦਰਸਾਉਂਦਾ ਹੈ ਕਿ ਬਸਪਾ ਨਾਲ ਗੱਠਜੋੜ ਅਕਾਲੀ ਦਲ ਦੇ ਪੱਖ ਵਿੱਚ ਰਹਿ ਸਕਦਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Harnek Seechewal

Content Editor

Related News