ਅਕਾਲੀਆਂ ਦੇ ਧਰਨੇ 'ਤੇ 'ਆਪ' ਦਾ ਹੱਲਾ ਬੋਲ

07/12/2019 3:56:56 PM

ਮੋਗਾ (ਗੋਪੀ ਰਾਊਕੇ) : ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ (ਬਾਦਲ) ਵਲੋਂ ਲਾਏ ਧਰਨੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਹੱਲਾ ਬੋਲਦਿਆਂ ਨਾ ਕੇਵਲ ਮਹਿੰਗੀ ਬਿਜਲੀ ਲਈ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ, ਸਗੋਂ ਚੌਂਕਾ 'ਚ ਖੜਕੇ ਬਾਦਲਾਂ ਅਤੇ ਕੈਪਟਨ ਸਰਕਾਰ ਵਿਰੁੱਧ ਪਰਚੇ ਵੰਡੇ। ਪਰਚੇ ਵੰਡਣ ਵਾਲਿਆਂ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਮੀਤ ਹੇਅਰ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਹਲਕਾ ਪ੍ਰਧਾਨ ਨਵਦੀਪ ਸਿੰਘ ਸੰਘਾ, ਜ਼ਿਲਾ ਪ੍ਰਧਾਨ ਨਸੀਬ ਸਿੰਘ ਬਾਵਾ ਅਤੇ ਹੋਰ ਸਥਾਨਕ ਲੀਡਰ ਸ਼ਾਮਲ ਸੀ।

ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ 'ਚ ਹਦੋਂ ਵੱਧ ਮਹਿੰਗੀ ਬਿਜਲੀ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਕਰ ਕੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਪੰਜਾਬ 'ਚ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੱਦੋਂ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਸਮਝੌਤੇ ਕਰ ਕੇ ਸੂਬੇ 'ਚ ਬਿਜਲੀ ਮਾਫੀਆ ਦਾ ਮੁੱਢ ਬੰਨ੍ਹਿਆ, ਜਿਸ ਦੀ ਬਦੌਲਤ 25 ਸਾਲਾਂ 'ਚ ਇਨ੍ਹਾਂ ਥਰਮਲ ਪਲਾਂਟਾਂ ਨੂੰ 'ਫਿਕਸਡ ਚਾਰਜ' ਦੇ ਰੂਪ 'ਚ ਪੰਜਾਬ ਨੂੰ 70 ਹਜ਼ਾਰ ਕਰੋੜ ਰੁਪਏ ਬਿਲਕੁਲ ਨਾਜਾਇਜ਼ ਅਦਾ ਕਰਨੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਵਿਧਾਨ ਸਭਾ 'ਚ ਲਿਆਂਦੇ ਧਿਆਨ ਦਿਵਾਊ ਮਤੇ 'ਤੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਬਿਜਲੀ ਮੰਤਰੀ ਨੇ ਰਾਣਾ ਗੁਰਜੀਤ ਸਿੰਘ ਨੇ ਵੀ ਇਹ ਗੱਲ ਕਬੂਲ ਕਰਦਿਆਂ ਸਦਨ ਨੂੰ ਦੱਸਿਆ ਕਿ ਸੀ ਕਿ ਗ਼ਲਤ ਸਮਝੌਤਿਆਂ ਅਤੇ ਸ਼ਰਤਾਂ ਕਾਰਨ 25 ਸਾਲਾਂ 'ਚ ਪੰਜਾਬ ਨੂੰ 62500 ਕਰੋੜ ਰੁਪਏ ਇਨ੍ਹਾਂ ਤਿੰਨਾਂ ਨਿੱਜੀ ਥਰਮਲ ਪਲਾਂਟਾਂ ਨੂੰ ਦੇਣੇ ਪੈ ਰਹੇ ਹਨ। ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਬਿਜਲੀ ਮਾਫ਼ੀਆ ਦਾ ਸਰਗਨਾ ਹੈ ਅਤੇ ਅਕਾਲੀ ਦਲ ਦੇ ਮਹਿੰਗੀ ਬਿਜਲੀ ਵਿਰੁੱਧ ਧਰਨੇ ਸਿਆਸੀ ਡਰਾਮੇਬਾਜ਼ੀ ਹਨ। ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਮੰਗ ਕੀਤੀ ਕਿ ਪੰਜਾਬ 'ਚ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਬਿਜਲੀ ਸਸਤੀ ਕੀਤੀ ਜਾਵੇ।


Baljeet Kaur

Content Editor

Related News