ਬਾਦਲ ਦਲ ਨੂੰ ਸਿੱਖ ਇਤਿਹਾਸ ਤੇ ਸੰਗਤਾਂ ਦੇ ਜਜ਼ਬਾਤਾਂ ਦਾ ਸੌਦਾ ਕਿਸੇ ਵੀ ਕੀਮਤ ''ਤੇ ਨਹੀਂ ਕਰਨ ਦਿੱਤਾ ਜਾਵੇਗਾ : ਸਰਨਾ

Tuesday, Sep 19, 2017 - 08:28 AM (IST)

ਬਾਦਲ ਦਲ ਨੂੰ ਸਿੱਖ ਇਤਿਹਾਸ ਤੇ ਸੰਗਤਾਂ ਦੇ ਜਜ਼ਬਾਤਾਂ ਦਾ ਸੌਦਾ ਕਿਸੇ ਵੀ ਕੀਮਤ ''ਤੇ ਨਹੀਂ ਕਰਨ ਦਿੱਤਾ ਜਾਵੇਗਾ : ਸਰਨਾ

ਜਲੰਧਰ (ਚਾਵਲਾ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਦਲ ਵਲੋਂ ਕਾਵਾਂ ਰੌਲੀ ਪਾਈ ਜਾ ਰਹੀ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸੰਬੰਧੀ ਸਰਕਾਰੀ ਰਿਕਾਰਡ ਮਿਲ ਗਿਆ ਹੈ ਤੇ ਹੁਣ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਸਕੇਗੀ। ਇਸ 'ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬਾਦਲ ਦਲ ਨੂੰ ਪੁੱਛਣਾ ਚਾਹੁੰਦੇ ਹਨ ਕਿ ਜੇਕਰ ਕਿਸੇ ਕਾਰਨ ਸਰਕਾਰੀ ਰਿਕਾਰਡ ਆਰ. ਐੱਸ. ਐੱਸ. ਦੇ ਇਸ਼ਾਰੇ 'ਤੇ ਬਦਲ ਦਿੱਤਾ ਗਿਆ ਤਾਂ ਕੀ ਬਾਦਲ ਦਲ ਇਸ ਜਗ੍ਹਾ 'ਤੇ ਗੁਰਦੁਆਰਾ ਗਿਆਨ ਗੋਦੜੀ ਦੀ ਉਸਾਰੀ ਨਹੀਂ ਹੋਣ ਦੇਣਗੇ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਵਿਚ ਮੌਜੂਦ ਸੀ ਤੇ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ ਨੂੰ ਦੱਸਣ ਲਈ ਕਿਸੇ ਸਰਕਾਰੀ ਦਸਤਾਵੇਜ਼ ਦੀ ਗਵਾਹੀ ਦੀ ਲੋੜ ਨਹੀਂ ਹੈ ਸਗੋਂ ਇੱਛਾ ਸ਼ਕਤੀ ਦੀ ਲੋੜ ਹੈ ਤਾਂ ਜੋ ਆਰ. ਐੱਸ. ਐੱਸ. ਵਰਗੀਆਂ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬੇ ਫੇਲ ਕੀਤੇ ਜਾ ਸਕਣ ਜੋ ਸਿੱਖ ਇਤਿਹਾਸ ਨੂੰ ਬਦਲਣ ਲਈ ਪੂਰੀ ਤਾਕਤ ਲਾ ਕੇ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਇਮਾਰਤ ਨੂੰ ਬੜੀ ਚਲਾਕੀ ਨਾਲ ਮਿਟਾ ਦਿੱਤਾ ਸੀ ਤੇ ਸੁਚੇਤ ਸਿੱਖਾਂ ਨੇ ਆਪਣੇ ਜ਼ੋਰ 'ਤੇ ਇਸ ਮੁੱਦੇ ਨੂੰ ਸਰਕਾਰ ਵਿਰੁੱਧ ਧਰਨੇ ਲਾ ਕੇ ਸੰਸਾਰ ਪੱਧਰ 'ਤੇ ਚੁੱਕਿਆ ਤੇ ਸਿੱਖ ਵਿਰੋਧੀ ਤਾਕਤਾਂ 'ਤੇ ਚਿਹਰੇ ਤੋਂ ਨਕਾਬ ਉਤਾਰੇ । ਉਨ੍ਹਾਂ ਕਿਹਾ ਕਿ ਬਾਦਲ ਦਲ ਹੁਣ ਇਸ ਮੁੱਦੇ ਨੂੰ ਹਾਈਜੈਕ ਕਰਕੇ ਉਂਗਲੀ ਨੂੰ ਲਹੂ ਲਗਾ ਕੇ ਸ਼ਹੀਦ ਹੋਣ ਦਾ ਦਾਅਵਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਬਾਦਲ ਦਲ ਨੂੰ ਸਿੱਖ ਇਤਿਹਾਸ ਅਤੇ ਸੰਗਤਾਂ ਦੇ ਜਜ਼ਬਾਤਾਂ ਦਾ ਸੌਦਾ ਕਿਸੇ ਵੀ ਕੀਮਤ 'ਤੇ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਦਲ ਦੱਸੇ ਕਿ ਪ੍ਰਦੇਸ਼ ਵਿਚ ਬੀ. ਜੇ. ਪੀ. ਦੀ ਸਰਕਾਰ ਹੋਣ ਦੇ ਬਾਵਜੂਦ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਉਸਾਰੀ ਅੱਜ ਤਕ ਆਰੰਭ ਕਿਉਂ ਨਹੀਂ ਹੋ ਸਕੀ?


Related News