ਰਾਹੁਲ ਦਾ ਝੂਠ ਲੁਕਾਉਣ ਲਈ ਜਾਖੜ ਵਲੋਂ ਪੀ. ਜੀ. ਆਈ. ''ਤੇ ਉਂਗਲ ਉੁਠਾਉਣਾ ਗਲਤ : ਅਕਾਲੀ ਦਲ

Tuesday, Sep 12, 2017 - 08:40 AM (IST)

ਰਾਹੁਲ ਦਾ ਝੂਠ ਲੁਕਾਉਣ ਲਈ ਜਾਖੜ ਵਲੋਂ ਪੀ. ਜੀ. ਆਈ. ''ਤੇ ਉਂਗਲ ਉੁਠਾਉਣਾ ਗਲਤ : ਅਕਾਲੀ ਦਲ

ਚੰਡੀਗੜ੍ਹ (ਪਰਾਸ਼ਰ)—ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਪਾਰਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਇਕ ਚਿੱਟੇ ਝੂਠ (ਪੰਜਾਬ ਵਿਚ 70 ਫੀਸਦੀ ਨੌਜਵਾਨ ਨਸ਼ੇੜੀ ਹਨ) ਨੂੰ ਸਹੀ ਠਹਿਰਾਉਣ ਲਈ ਪੀ. ਜੀ. ਆਈ. ਚੰਡੀਗੜ੍ਹ ਵਰਗੀ ਮਿਆਰੀ ਸੰਸਥਾ ਵੱਲ ਉਂਗਲ ਉਠਾ ਰਿਹਾ ਹੈ। 
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਤਰਜਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੀ. ਜੀ. ਆਈ. ਉਤੇ ਚਿੱਕੜ ਉਛਾਲਦੇ ਹੋਏ ਜਾਖੜ ਨੇ ਖੁਦ ਨੂੰ ਉਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਦੇ ਪਾਲ਼ੇ 'ਚ ਖੜ੍ਹਾ ਕਰ ਲਿਆ ਹੈ, ਜਿਹੜੀਆਂ ਲਗਾਤਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੀਆਂ ਹਨ।
ਜਾਖੜ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਵਰਗੀਆਂ ਸਿਆਸੀ ਮਜਬੂਰੀਆਂ ਤਹਿਤ ਰਾਹੁਲ ਦੇ ਪੈਰਾਂ ਵਿਚ ਡਿਗਣ ਤੋਂ ਵਰਜਦਿਆਂ ਗਰੇਵਾਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਅੱਗੇ ਵੀ ਜੁਆਬਦੇਹ ਹੈ। ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਨੌਜਵਾਨਾਂ ਨੂੰ ਬਰਬਾਦ ਕਰ ਕੇ ਆਪਣਾ ਕਰੀਅਰ ਨਹੀਂ ਬਣਾ ਸਕਦੇ, ਜਿਹੜੇ ਨਸ਼ੇੜੀ ਹੋਣ ਦਾ ਝੂਠਾ ਕਲੰਕ ਝੱਲ ਰਹੇ ਹਨ। ਇਸ ਕਲੰਕ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਹਾਸਿਲ ਕਰਨ 'ਚ ਮੁਸ਼ਕਿਲ ਆ ਰਹੀ ਹੈ। ਤੁਸੀਂ ਸਪੱਸ਼ਟ ਤੌਰ 'ਤੇ ਨੌਜਵਾਨਾਂ ਨੂੰ ਦੱਸੋ ਕਿ ਕੀ ਤੁਸੀਂ ਮੰਨਦੇ ਹੋ ਕਿ 70 ਫੀਸਦੀ ਨੌਜਵਾਨ ਨਸ਼ੇੜੀ ਹਨ? ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਇਸ ਮੁੱਦੇ ਨੂੰ ਉਲਝਾਉਣ ਦੀ ਬਜਾਏ ਤੁਰੰਤ ਸਮੁੱਚੀ ਕਾਂਗਰਸ ਵੱਲੋਂ ਪੰਜਾਬ ਦੇ ਨੌਜਵਾਨਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। 
ਕਾਂਗਰਸ ਪ੍ਰਧਾਨ ਨੂੰ ਪੰਜਾਬ ਅੰਦਰ ਨਸ਼ਾਖੋਰੀ ਦੀਆਂ ਘਟਨਾਵਾਂ ਦਾ ਖੁਦ ਅਧਿਐਨ ਕਰਨ ਦਾ ਮਸ਼ਵਰਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਾਖੜ ਨੂੰ ਆਪਣੇ ਪਿੰਡ ਦਾ ਸਰਵੇ ਕਰਨਾ ਚਾਹੀਦਾ ਹੈ ਕਿ ਕੀ ਉਥੋਂ ਦੇ 70 ਫੀਸਦੀ ਵਾਸੀ ਨਸ਼ੇੜੀ ਹਨ? ਉਨ੍ਹਾਂ ਕਿਹਾ ਕਿ ਨਸ਼ਿਆਂ ਬਾਰੇ ਸੱਚ ਜਾਣਨ ਲਈ ਅਜਿਹਾ ਹੀ ਸਰਵੇ ਜਾਖੜ ਅਬੋਹਰ 'ਚ ਕਰ ਸਕਦਾ ਹੈ। 
'ਆਪ' ਕਨਵੀਨਰ ਭਗਵੰਤ ਮਾਨ ਦੀ ਪ੍ਰਤੀਕਿਰਿਆ ਉਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮਾਨ ਬਾਰੇ ਜਿੰਨਾ ਘੱਟ ਕਿਹਾ ਜਾਵੇ,ਓਨਾ ਹੀ ਚੰਗਾ ਹੈ। ਗਰੇਵਾਲ ਨੇ ਕਿਹਾ ਕਿ ਸੰਸਦ ਵਿਚ ਆਪਣੀ ਹੀ ਪਾਰਟੀ ਦੇ ਮੈਂਬਰ ਵੱਲੋਂ ਸ਼ਰਾਬੀ ਹੋਣ ਦਾ ਇਲਜ਼ਾਮ ਲੱਗਣ ਮਗਰੋਂ ਮਾਨ ਇਸ ਮੁੱਦੇ ਉਤੇ ਬੋਲਣ ਦੀ ਭਰੋਸੇਯੋਗਤਾ ਗੁਆ ਚੁੱਕਾ ਹੈ। ਉਹ ਨਸ਼ਿਆਂ ਤੋਂ ਇੰਨਾ ਪੀੜਤ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਬਿਆਨ ਦੇ ਰਿਹਾ ਹੈ।


Related News