ਲੁਧਿਆਣਾ ਦੀ ਕਮਾਂਡ ਹੋਵੇਗੀ ਮਜੀਠੀਆ ਦੇ ਹੱਥ
Friday, Sep 29, 2017 - 09:20 AM (IST)
ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੋਂ ਹੀ ਪੰਜਾਬ ਦੀਆਂ ਚਾਰ ਨਗਰ-ਨਿਗਮਾਂ ਦੀਆਂ ਚੋਣਾਂ 'ਚ ਜਿੱਤ ਦਰਜ ਕਰਨ ਲਈ ਰਣਨੀਤੀ ਉਲੀਕਣੀ ਸ਼ੁਰੂ ਕਰ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਲੁਧਿਆਣਾ ਦੀ ਅਕਾਲੀ ਦਲ ਦੀ ਲੀਡਰਸ਼ਿਪ, ਖਾਸਕਰ ਯੂਥ ਵਿੰਗ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ 'ਚ ਅਕਾਲੀ-ਭਾਜਪਾ ਦਾ ਝੰਡਾ ਬੁਲੰਦ ਕਰਨ ਲਈ ਬਿਕਰਮ ਮਜੀਠੀਆ ਦੇ ਹੱਥ ਇਸ ਜ਼ਿਲੇ ਦੀ ਕਮਾਂਡ ਸੌਂਪੀ ਜਾਵੇ ਤਾਂ ਜੋ ਇਸ ਸਮਾਰਟ ਸਿਟੀ ਸ਼ਹਿਰ 'ਚ ਅਕਾਲੀ ਦਲ ਦਾ ਮੇਅਰ ਬਣ ਸਕੇ। ਪਤਾ ਲੱਗਾ ਹੈ ਕਿ ਹਾਈਕਮਾਂਡ ਇਸ ਗੱਲ 'ਤੇ ਬੜੀ ਗੰਭੀਰਤਾ ਨਾਲ ਗੌਰ ਕਰ ਰਿਹਾ ਹੈ ਅਤੇ ਗੁਰਦਾਸਪੁਰ ਚੋਣ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਦੇ ਲੱਗਣ ਵਾਲੇ ਆਬਜ਼ਰਵਰਾਂ 'ਚ ਸ. ਮਜੀਠੀਆ ਲੁਧਿਆਣੇ ਦੇ ਵੀ ਹੋ ਸਕਦੇ ਹਨ। ਬਾਕੀ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸ. ਮਜੀਠੀਆ ਅੰਮ੍ਰਿਤਸਰ ਨਗਰ-ਨਿਗਮ ਵਿਖੇ ਜਿੱਤ ਦਰਜ ਕਰਨ ਲਈ ਦਿਲਚਸਪੀ ਦਿਖਾ ਸਕਦੇ ਹਨ ਕਿਉਂਕਿ ਉਥੇ ਉਨ੍ਹਾਂ ਦਾ ਸਿੱਧੂ ਨਾਲ ਸਿੱਧਾ ਰਾਜਸੀ ਪੇਚਾ ਪਵੇਗਾ ਅਤੇ ਬਾਕੀ ਦੇਖਣਾ ਇਹ ਹੋਵੇਗਾ ਕਿ ਗੁਰਦਾਸਪੁਰ ਦਾ ਚੋਣ ਨਤੀਜਾ ਗਠਜੋੜ ਦੇ ਚਿਹਰੇ 'ਤੇ ਰੌਣਕ ਲਿਆਉਂਦਾ ਹੈ ਜਾਂ ਨਹੀਂ ਕਿਉਂਕਿ ਕਾਂਗਰਸ ਇਸ ਹਲਕੇ ਤੋਂ ਜਾਖੜ ਨੂੰ ਜਿਤਾਉਣ ਲਈ ਵੱਡੇ ਵੋਟ ਮਾਰਜਨ ਦੀ ਗੱਲ ਕਰ ਕੇ ਗਠਜੋੜ ਨੂੰ ਡਰਾ ਰਹੀ ਹੈ।
