ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੀ ਇਕੋ-ਇਕ ਮੁੱਖ ਹਿਤੈਸ਼ੀ ਅਤੇ ਮਾਂ ਪਾਰਟੀ: ਲੌਂਗੋਵਾਲ
Thursday, Jun 25, 2020 - 10:36 AM (IST)
ਭਵਾਨੀਗੜ੍ਹ (ਕਾਂਸਲ): ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੀ ਇਕੋ-ਇਕ ਮੁੱਖ ਹਿਤੈਸ਼ੀ ਅਤੇ ਮਾਂ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਬਿਹਤਰੀਨ ਕੰਮ ਕਰਨ ਦੇ ਨਾਲ-ਨਾਲ ਸਮੇਂ ਸਿਰ ਪੰਜਾਬ ਦੇ ਹੱਕਾਂ ਲਈ ਮੋਰਚੇ ਲਗਾ ਕੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਦਲ ਦੇ ਸਰਕਲ ਗੱਗੜਪੁਰ ਦੇ ਨਵੇਂ ਨਿਯੁਕਤ ਕੀਤੇ ਸਰਕਲ ਜਥੇਦਾਰ ਹਰਜਿੰਦਰ ਸਿੰਘ ਸੰਘਰੇੜੀ ਨੂੰ ਸਨਮਾਨਿਤ ਕਰਨ ਮੌਕੇ ਕੁੱਝ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਦਿਨ ਚੜ੍ਹਦਿਆਂ ਹੀ 7 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਦੇ ਵੀ ਕੇਂਦਰ ਸਰਕਾਰ ਦੇ ਕੋਈ ਵੀ ਅਜਿਹੇ ਫੈਸਲੇ ਦਾ ਸਮਰਥਨ ਨਹੀਂ ਕੀਤਾ ਗਿਆ ਜੋ ਕਿ ਪੰਜਾਬ ਦੇ ਕਿਸਾਨਾਂ ਜਾਂ ਕਿਸੇ ਵੀ ਵਰਗ ਲਈ ਮਾੜਾ ਸਿੱਧ ਹੁੰਦਾ ਹੋਵੇ। ਦਲ ਵਲੋਂ ਹਮੇਸ਼ਾ ਹੀ ਸਿੱਖ ਕੌਮ ਦੀ ਚੜਦੀ ਕਲਾ, ਕਿਸਾਨਾਂ ਅਤੇ ਹਰ ਵਰਗ ਦੀ ਬਿਹਤਰੀ ਵਾਲੇ ਕੰਮ ਹੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਲ ਵਲੋਂ ਹੁਣ ਟਕਸਾਲੀ ਆਗੂਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਰਾਜਨੀਤੀ 'ਚ ਆਉਣ ਲਈ ਪ੍ਰੇਰਿਤ ਕਰਨ ਲਈ ਵੱਧ ਚੜ੍ਹ ਕੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਹੀ ਦਲ ਵਲੋਂ ਵੱਡੀ ਗਿਣਤੀ 'ਚ ਨੌਜਵਾਨ ਆਗੂਆਂ ਨੂੰ ਚੰਗੇ ਅਹੁਦੇ ਦੇ ਕੇ ਨਵਾਜਿਆ ਗਿਆ ਹੈ।ਇਸ ਮੌਕੇ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਲਈ ਸਰਕਲ ਦੇ ਵੱਖ-ਵੱਖ ਪਿੰਡਾਂ ਦੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਵਿਚਾਰ ਚਰਚਾ ਕੀਤੀ। ਇਸ ਮੌਕੇ ਜਥੇਦਾਰ ਉਦੈ ਸਿੰਘ, ਟਕਸਾਲੀ ਆਗੂ ਜਥੇਦਾਰ ਬਲਵੀਰ ਸਿੰਘ ਸੰਘਰੇੜੀ, ਜਥੇਦਾਰ ਚਰਨਜੀਤ ਸਿੰਘ ਗੱਗੜਪੁਰ, ਨਿਰਮਲ ਸਿੰਘ ਅਕਬਰਪੁਰ, ਗੁਰਜਿੰਦਰ ਸਿੰਘ ਸੰਘਰੇੜੀ, ਬਲਵਿੰਦਰ ਸਿੰਘ ਸਾਬਕਾ ਮੈਂਬਰ ਸੰਘਰੇੜੀ, ਡਾਕਟਰ ਬਲਜਿੰਦਰ ਸਿੰਘ ਸੰਘਰੇੜੀ, ਜਥੇਦਾਰ ਗੁਰਚਰਨ ਸਿੰਘ, ਕਰਨੈਲ ਸਿੰਘ ਨੰਬਰਦਾਰ ਸੰਘਰੇੜੀ, ਦਰਸ਼ਨ ਸਿੰਘ ਸਾਬਕਾ ਸਰਪੰਚ ਬਿਜਲਪੁਰ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।