ਚੋਣ ਮੁਹਿੰਮ ਦਾ ਆਗਾਜ਼ ਕਰਨ ਪੁੱਜੇ ਸਿੱਧੂ ਮੂਸੇਵਾਲਾ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਵਿਰੋਧ
Sunday, Dec 12, 2021 - 10:30 PM (IST)
ਮਾਨਸਾ (ਜੱਸਲ)- ਅੱਜ ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸ ਵੱਲੋਂ ਬਿਨਾਂ ਉਮੀਦਵਾਰ ਐਲਾਨੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਆਪਣੀ ਚੋਣ ਮੁਹਿੰਮ ਦਾ ਅਾਗਾਜ਼ ਕਰਨ ਲਈ ਹਲਕੇ ਦੇ ਪਿੰਡ ਅਕਲੀਆ ਵਿਖੇ ਪਹੁੰਚੇ। ਜਦੋਂ ਇਕੱਠੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਲਈ ਸਟੇਜ ’ਤੇ ਖੜੇ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸਿੰਘ ਅਕਲੀਆ ਦੀ ਅਗਵਾਈ ’ਚ ਪਾਰਟੀ ਵਰਕਰਾਂ ਨੇ ਉਸ ਤੋਂ ਸਵਾਲਾਂ ਦੇ ਜਵਾਬ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਮਾਮਲਾ ਗਰਮਾ ਗਿਆ।
ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਸਖਤ ਵਿਰੋਧ ਕਰਦਿਆਂ ਖੂਬ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਉਸ ਨੂੰ ਸਟੇਜ ਵਿਚ-ਵਿਚਾਲੇ ਛੱਡ ’ਕੇ ਵਾਪਸ ਭੱਜਣਾ ਪਿਆ। ਇਸ ਮੌਕੇ ਉਨ੍ਹਾਂ ਨੇ ਪਿੰਡ ਦੀ ਜੂਹ ’ਚ ਬਾਹਰ ਨਿਕਲਣ ਤਕ ਪਾਰਟੀ ਆਗੂਆਂ ਤੇ ਵਰਕਰਾਂ ਨੇ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਦੌਰਾਨ ਵਿਰੋਧ ਕਰਨ ਵਾਲਿਆਂ ’ਚ 5 ਨੌਜਵਾਨਾਂ ਨੂੰ ਪੁਲਸ ਨੇ ਹਿਰਾਸਤ ’ਚ ਲੈਣ ਉਪਰੰਤ ਛੱਡ ਦਿੱਤਾ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਕਾਈ ਮਾਨਸਾ ਦੇ ਜ਼ਿਲਾ ਜਨਰਲ ਸਕੱਤਰ ਜਥੇਦਾਰ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਕਿਹੜਾ ਸਮਾਜ ਦੇ ਭਲੇ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਲੋਕਾਂ ਨੂੰ ਦੱਸੇ ਕਿ ਕੋਰੋਨਾ ਕਾਲ ਅਤੇ ਕਿਸਾਨੀ ਸੰਘਰਸ਼ ਲਈ ਕੀ ਕੀਤਾ ਹੈ। ਉਹ ਸਵਾਲਾਂ ਦਾ ਜਵਾਬ ਲੋਕਾਂ ਦੇ ਸਾਹਮਣੇ ਦੇਵੇ ਨਹੀਂ ਤਾਂ ਉਸ ਦਾ ਇਸੇ ਤਰ੍ਹਾਂ ਵਿਰੋਧ ਜਾਰੀ ਰਹੇਗਾ।