ਗਾਂਧੀ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਵੱਡਾ ਗੁਨਾਹ ਕੀਤਾ: ਮਜੀਠੀਆ

04/21/2019 10:30:43 AM

ਖਿਲਚੀਆਂ/ਅੰਮ੍ਰਿਤਸਰ (ਅਵਤਾਰ/ਬੰਡਾਲਾ/ਛੀਨਾ)—ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਖਤ ਲਹਿਜ਼ੇ 'ਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਕੇ ਵੱਡਾ ਗੁਨਾਹ ਕਰਨ ਵਾਲੀ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਦੀ ਫਿਤਰਤ ਬਦਲ ਨਹੀਂ ਸਕਦੀ, ਇਸ ਲਈ ਕਾਂਗਰਸ ਨੂੰ ਮੂੰਹ ਨਾ ਲਾਇਆ ਜਾਵੇ।

ਮਜੀਠੀਆ ਲੋਕ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਤਰਸਿੱਕਾ ਬਲਾਕ 'ਚ ਪੈਂਦੇ ਕਸਬਾ ਟਾਂਗਰਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ. ਮਜੀਠੀਆ ਨੇ ਅਟਾਰੀ ਵਿਖੇ ਵੀ ਭਰਵੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ 'ਚੋਂ ਗਰੀਬੀ ਖਤਮ ਕਰਨ ਦੇ ਨਾਂ 'ਤੇ 65 ਸਾਲ ਰਾਜ ਕੀਤਾ ਪਰ ਗਰੀਬੀ ਖਤਮ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਮਜੀਠੀਆ ਨੇ ਪੰਜਾਬ ਦੇ ਲੋਕਾਂ ਦੀ ਸਿਫਤ ਕਰਦਿਆਂ ਕਿਹਾ ਕਿ ਪੰਜਾਬੀ ਸੁਲਝੇ ਅਤੇ ਦਰਿਆਦਿਲ ਹਨ ਤੇ ਦਿੱਤੀ ਗਈ ਜ਼ੁਬਾਨ 'ਤੇ ਵੀ ਪੂਰਾ ਵਿਸ਼ਵਾਸ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਹੁੰ ਖਾਣ 'ਤੇ ਲੋਕਾਂ ਨੇ ਉਸ 'ਤੇ ਵਿਸ਼ਵਾਸ ਜਤਾਇਆ ਅਤੇ ਵੋਟਾਂ ਪਾ ਕੇ ਕਾਂਗਰਸ ਨੂੰ ਸੱਤਾ 'ਚ ਲਿਆਂਦਾ ਪਰ ਲੋਕਾਂ ਨੂੰ ਇਹ ਸਮਝਣ 'ਚ ਦੇਰ ਨਹੀਂ ਲੱਗੀ ਕਿ ਕੈਪਟਨ ਨੇ ਕਾਂਗਰਸ ਦੀ ਫਿਤਰਤ ਮੁਤਾਬਕ ਉਨ੍ਹਾਂ ਨਾਲ ਕਈ ਝੂਠੇ ਵਾਅਦੇ ਕਰਦਿਆਂ ਠੱਗੀ ਮਾਰ ਲਈ ਹੈ। ਕਿੰਨੀ ਅਫਸੋਸ ਦੀ ਗੱਲ ਹੈ ਕਿ ਕਿਸਾਨਾਂ ਦਾ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦੇ ਝੂਠੇ ਲਾਰੇ ਕਾਰਨ 2 ਸਾਲਾਂ 'ਚ ਇਕ ਹਜ਼ਾਰ ਦੇ ਕਰੀਬ ਕਰਜ਼ਾਈ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।


Shyna

Content Editor

Related News