ਅਕਾਲੀ ਦਲ ਦੀਆਂ ਇਕੋ ਮਹੀਨੇ ''ਚ 3 ਵੱਡੀਆਂ ਰੈਲੀਆਂ ਨੇ ਕਾਂਗਰਸ ਦੀ ਨੀਂਦ ਉਡਾਈ

Monday, Oct 08, 2018 - 03:25 PM (IST)

ਅਕਾਲੀ ਦਲ ਦੀਆਂ ਇਕੋ ਮਹੀਨੇ ''ਚ 3 ਵੱਡੀਆਂ ਰੈਲੀਆਂ ਨੇ ਕਾਂਗਰਸ ਦੀ ਨੀਂਦ ਉਡਾਈ

ਪਟਿਆਲਾ (ਜੋਸਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਬਰ ਖਿਲਾਫ ਇਕ ਮਹੀਨੇ 'ਚ 3 ਵੱਡੀਆਂ ਰੈਲੀਆਂ ਕਰਕੇ ਕਾਂਗਰਸ  ਪਾਰਟੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਬੇਅਦਬੀ ਦੇ ਮਾਮਲੇ 'ਤੇ ਅਕਾਲੀ ਦਲ ਨੂੰ ਘੇਰਨ ਵਾਲੀ ਕਾਂਗਰਸ ਹੁਣ ਆਪਣਾ ਬਚਾਅ ਕਰਨ ਲੱਗੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਜਿਹੜੇ ਕਹਿੰਦੇ ਸੀ ਅਕਾਲੀਆਂ ਨੂੰ ਹੁਣ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਵੇਗਾ, ਨੂੰ ਮੂੰਹ ਤੋੜਵਾਂ ਜੁਆਬ ਇਨ੍ਹਾਂ ਰੈਲੀਆਂ ਨਾਲ ਮਿਲ ਗਿਆ ਹੈ। ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਜਾਖੜ ਨੂੰ ਉਸ ਦੇ ਪਿੰਡ ਪੰਜ ਕੋਸੀ ਜਾ ਕੇ ਵੰਗਾਰਿਆ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਨੇ ਉਸ ਦਾ ਸਵਾਗਤ ਕੀਤਾ। 

ਅਕਾਲੀ ਦਲ ਨੇ 9 ਸਤੰਬਰ ਨੂੰ ਜਾਖੜ ਦੇ ਹਲਕੇ ਅਬੋਹਰ 'ਚ ਜਾ ਕੇ ਝੰਡੇ ਗੱਡੇ ਅਤੇ ਰਿਕਾਰਡਤੋੜ ਇਕੱਠ ਕਰਕੇ ਜਾਖੜ ਨੂੰ ਉਸ ਦੇ ਘਰ 'ਚ ਹੀ ਘੇਰ ਲਿਆ। ਇਸ ਪਿੱਛੋਂ 16 ਸਤੰਬਰ ਨੂੰ ਪੰਜਾਬ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਫ਼ਰੀਦਕੋਟ 'ਚ ਰੈਲੀ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਸਰਕਾਰ ਨੂੰ ਦੱਸ ਦਿੱਤਾ ਕਿ ਪਿੰਡਾਂ 'ਚ ਅਕਾਲੀ ਦਲ ਦਾ ਹੀ ਆਧਾਰ ਬਰਕਰਾਰ ਹੈ। ਸਰਕਾਰ ਅਤੇ ਬਰਗਾੜੀ ਮੋਰਚੇ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਮਲਵੱਈਆਂ ਨੇ ਫ਼ਰੀਦਕੋਟ ਰੈਲੀ 'ਚ ਵੱਟ ਕੱਢ ਦਿੱਤੇ।

7 ਅਕਤੂਬਰ ਨੂੰ ਅਕਾਲੀ ਦਲ ਨੇ ਕੈਪਟਨ ਦੇ ਗੜ੍ਹ ਪਟਿਆਲਾ 'ਚ ਰੈਲੀ ਕਰਕੇ ਕਾਂਗਰਸੀਆਂ ਦੇ ਹੋਸ਼ ਉਡਾ ਦਿੱਤੇ। ਪਟਿਆਲਾ ਰੈਲੀ ਨੇ ਸਾਰੇ ਇਕੱਠਾਂ ਨੂੰ ਮਾਤ ਪਾ ਦਿੱਤੀ ਹੈ। ਪਟਿਆਲਾ ਰੈਲੀ ਨੇ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇਨ੍ਹਾਂ ਰੈਲੀਆਂ ਨੇ ਕਾਂਗਰਸ ਪਾਰਟੀ ਦੀ ਨੀਂਦ ਉਡਾ ਦਿੱਤੀ ਹੈ। 


Related News