ਅਕਾਲੀ ਦਲ ਕੋਰ ਕਮੇਟੀ ਨੇ ਕੀਤੇ ਜੀ. ਕੇ. ਵਿਰੁੱਧ ਵੱਡੇ ਖੁਲਾਸੇ

05/30/2019 12:28:44 PM

ਜਲੰਧਰ/ਨਵੀਂ ਦਿੱਲੀ (ਚਾਵਲਾ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਨੇ ਕਿਹਾ ਹੈ ਕਿ ਗੁਰੂ ਦੀ ਗੋਲਕ ਲੁੱਟਣ ਦਾ ਘੋਰਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਸਿੱਖ ਸੰਗਤ ਮੂੰਹ ਨਾ ਲਾਵੇ। ਉਨ੍ਹਾਂ ਨੇ ਇਹ ਅਪੀਲ ਸਿੱਖ ਸੰਗਤ ਨੂੰ ਬੀਤੇ ਦਿਨ ਇਥੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਦਿੱਲੀ ਵਿਖੇ ਹੋਈ ਇਕ ਅਹਿਮ ਮੀਟਿੰਗ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਜਿਸ 'ਚ ਸ. ਅਵਤਾਰ ਸਿੰਘ ਹਿੱਤ, ਸ. ਹਰਮੀਤ ਸਿੰਘ ਕਾਲਕਾ, ਸ. ਹਰਮਨਜੀਤ ਸਿੰਘ, ਸ. ਪਰਮਜੀਤ ਸਿੰਘ ਰਾਣਾ, ਸ. ਹਰਵਿੰਦਰ ਸਿੰਘ ਕੇ.ਪੀ, ਸ. ਜਸਵਿੰਦਰ ਸਿੰਘ ਜੌਲੀ, ਸ. ਜਤਿੰਦਰ ਸਿੰਘ ਸ਼ੰਟੀ ਅਤੇ ਬੀਬੀ ਰਣਜੀਤ ਕੌਰ ਸ਼ਾਮਲ ਸਨ, ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਿਰੁੱਧ ਉਨ੍ਹਾਂ ਦੇ ਪ੍ਰਧਾਨ ਰਹਿੰਦਿਆਂ ਹੋਈ ਗੋਲਕ ਦੀ ਲੁੱਟ ਦੇ ਵੱਡੇ ਖੁਲਾਸੇ ਕੀਤੇ ਗਏ।

ਇਸ ਮੌਕੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਸ. ਅਵਤਾਰ ਸਿੰਘ ਹਿਤ ਨੇ ਕਿਹਾ ਕਿ ਇਹ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਜਿਸ ਉਪੱਰ ਭਰੋਸਾ ਰੱਖ ਕੇ ਸਿੱਖ ਕੌਮ ਨੇ ਦਿੱਲੀ ਕਮੇਟੀ ਦਾ ਪ੍ਰਧਾਨ ਬਣਾਇਆ ਉਸੇ ਮਨਜੀਤ ਸਿੰਘ ਜੀ. ਕੇ. ਨੇ ਸੰਗਤ ਦਾ ਵਿਸ਼ਵਾਸ ਤੋੜਦਿਆਂ ਗੋਲਕ ਦਾ ਕਰੋੜਾਂ ਰੁਪਿਆ ਲੁੱਟ ਕੇ ਆਪਣਾ ਘਰ ਭਰ ਲਿਆ। ਉਨ੍ਹਾਂ ਕਿਹਾ ਕਿ ਜੀ. ਕੇ. ਦੀ ਛੇ ਸਾਲ ਦੀ ਪ੍ਰਧਾਨਗੀ 'ਚ ਉਹ ਇਕ ਤਾਨਾਸ਼ਾਹ ਵਾਂਗੁ ਇੱਕਲਿਆਂ ਆਪਣੀਆਂ ਸ਼ਕਤੀਆ ਦਾਇਸਤੇਮਾਲ ਕਰਦਾ ਰਿਹਾ ਅਤੇ ਇਥੋਂ ਤੱਕ ਕੀ ਜਨਰਲ ਸਕੱਤਰ ਨੂੰ ਵੀ ਕਦੇ ਵਿਸ਼ਵਾਸ 'ਚ ਨਹੀਂ ਲਿਆ। ਹਿੱਤ ਨੇ ਕਿਹਾ ਕਿ ਜਿੰਨੇ ਵੱਡੇ ਦੋਸ਼ ਜੀ. ਕੇ. ਉਪੱਰ ਲੱਗ ਰਹੇ ਹਨ, ਜੇਕਰ ਕਿਸੇ ਇੱਜ਼ਤਦਾਰ ਸਿੱਖ ਉਪੱਰ ਲੱਗੇ ਹੁੰਦੇ ਤਾਂ ਉਹ ਹੁਣ ਤੱਕ ਆਤਮਹੱਤਿਆ ਕਰ ਲੈਂਦਾ ਪਰ ਇਹ ਵਿਅਕਤੀ ਗੁਰੂ ਦੀ ਗੋਲਕ ਦਾ ਲੁੱਟਿਆ ਪੈਸਾ ਵਾਪਸ ਦੇਣ ਦੀ ਥਾਂ ਜਾਂ ਉਸ ਦਾ ਹਿਸਾਬ ਦੇਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਉਪੱਰ ਉਂਗਲਾਂ ਚੁੱਕ ਰਿਹਾ ਹੈ, ਜਿਸ ਨੇ ਇਸ ਵਿਅਕਤੀ ਨੂੰ ਇਸ ਯੋਗ ਬਣਾਇਆ ਕਿ ਉਹ ਦਿੱਲੀ ਕਮੇਟੀ ਦਾ ਪ੍ਰਧਾਨ ਬਣ ਸਕਿਆ। 

ਉਨ੍ਹਾਂ ਕਿਹਾ ਕਿ ਜਦੋਂ ਛੇ ਸਾਲ ਤੱਕ ਜੀ. ਕੇ. ਪ੍ਰਧਾਨ ਸੀ ਉਸ ਸਮੇਂ ਤੱਕ ਸੁਖਬੀਰ ਸਿੰਘ ਬਾਦਲ ਠੀਕ ਸਨ ਪਰ ਜਦੋਂ ਗੋਲਕ ਦੀ ਲੁੱਟ ਕਾਰਨ ਪਾਰਟੀ 'ਚੋਂ ਕੱਢਿਆ ਗਿਆ ਤਾਂ ਉਹ ਵੀ ਗਲਤ ਹੋ ਗਏ। ਉਨ੍ਹਾਂ ਕਿਹਾ ਕਿ 20 ਸਾਲ ਤੱਕ ਮਨਜੀਤ ਸਿੰਘ ਜੀ. ਕੇ. ਦਰ-ਦਰ ਧੱਕੇ ਖਾਂਦਾ ਰਿਹਾ ਅਤੇ ਕਿਸੇ ਸਿੰਘ ਸਭਾ ਦਾ ਵੀ ਮੈਂਬਰ ਨਹੀਂ ਬਣਿਆ ਪਰ ਸ੍ਰੋਮਣੀ ਅਕਾਲੀ ਦਲ ਨੇ ਇਸ ਵਿਅਕਤੀ ਨੂੰ ਜੋ ਰੁਤਬਾ ਦੁਆਇਆ ਸੀ, ਉਸ ਦੀ ਦੁਰਵਰਤੋਂ ਕਰਦਾ ਰਿਹਾ।
ਹਿੱਤ ਨੇ ਕਿਹਾ ਕਿ ਅੱਠ ਮਹੀਨੇ ਹੋ ਗਏ ਹਨ ਗੋਲਕ ਚੋਰੀ ਦੇ ਦੋਸ਼ ਲਗੇ ਨੂੰ ਅਤੇ ਇਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਕਤ ਆਉਣ 'ਤੇ ਜਵਾਬ ਦਿਆਂਗੇ। ਪਤਾ ਨਹੀਂ ਕਦੋਂ ਵਕਤ ਆਏਗਾ ਜਦੋਂ ਜੁਆਬ ਦੇਵੇਗਾ। ਉਨ੍ਹਾਂ ਕਿਹਾ ਕਿ ਜੀ. ਕੇ. ਵੱਲੋਂ ਇਕ ਹੋਰ ਝੂਠ ਬੋਲਿਆ ਜਾ ਰਿਹਾ ਹੈ ਕਿ ਮੈਂ ਸਿਰਸੇ ਵਾਲੇ ਖਿਲਾਫ ਬੋਲਿਆ ਸੀ, ਜਿਸ ਕਰਕੇ ਮੇਰੇ ਵਿਰੁੱਧ ਹਵਾ ਚੱਲੀ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਸ਼ਰਮ ਨਹੀਂ ਆਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰਸੇ ਵਾਲੇ ਨੂੰ ਬਖਸ਼ਿਆ ਗਿਆ ਸੀ ਤਾਂ ਸਭ ਤੋਂ ਪਹਿਲਾਂ ਇਹ ਵਿਅਕਤੀ ਕਮੇਟੀ ਮੈਂਬਰਾਂ ਦੀ ਬੱਸ ਭਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਧੰਨਵਾਦ ਕਰਨ ਗਿਆ ਸੀ। ਹਿੱਤ ਨੇ ਕਿਹਾ ਕਿ ਜੀ. ਕੇ. ਇਹ ਵੀ ਕਹਿ ਰਿਹਾ ਹੈ ਕਿ ਉਹ ਬਹੁਤ ਪਹਿਲਾਂ ਪਾਰਟੀ ਤੋਂ ਅਲਗ ਹੋ ਗਿਆ ਸੀ ਪਰ ਅਪ੍ਰੈਲ ਮਹੀਨੇ 'ਚ ਜਦੋਂ ਸਜੱਣ ਕੁਮਾਰ ਦੇ ਭਰਾ ਨੂੰ ਟਿਕਟ ਦੇਣ ਦੀ ਗੱਲ ਚੱਲੀ ਤਾਂ ਇਸ ਵਿਅਕਤੀ ਨੇ ਅਕਾਲੀ ਦਲ ਦੇ ਬੈਨਰ ਹੇਠ ਹੀ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਬਹਾਨੇ ਕੇਵਲ ਬੇਈਮਾਨ ਅਤੇ ਮੌਕਾਪ੍ਰਸਤ ਲੋਕ ਹੀ ਬਣਾਉਂਦੇ ਹਨ। ਮਨਜੀਤ ਸਿੰਘ ਜੀ. ਕੇ. ਵੱਲੋਂ ਕੀਤੇ ਗਏ ਗੋਲਕ ਘੁਟਾਲੇ ਦਾ ਵੇਰ੍ਹਵਾ ਦਿੰਦਿਆਂ ਹਿੱਤ ਨੇ ਦੱਸਿਆ ਕਿ 6500 ਅਮਰੀਕੀ ਡਾਲਰ, 2600 ਕੈਨੇਡੀਅਨ ਡਾਲਰ, 2150 ਪੌਂਡ(ਯੁ.ਕੇ ਕਰੰਸੀ), ਹਜ਼ਾਰ ਯੁਰੋ ਨਕਦ ਕੱਢਵਾ ਕੇ ਬਿਨਾਂ ਕਿਸੇ ਇਜਾਜ਼ਤ 'ਤੇ ਵਿਦੇਸ਼ਾਂ 'ਚ ਧਰਮ ਪ੍ਰਚਾਰ ਦੇ ਨਾਂ 'ਤੇ ਖਰਚ ਕੀਤੇ ਜਿਸ ਦੀ ਕੋਈ ਰਸੀਦ ਵੀ ਜਮ੍ਹਾ ਨਹੀਂ ਕਰਵਾਈ। 7 ਨਵੰਬਰ 2015 ਨੂੰ ਜੀ. ਕੇ. ਨੇ 30 ਲੱਖ ਰੁਪਿਆ ਲਿਆ, 23 ਨਵੰਬਰ ਨੂੰ 50 ਲੱਖ ਰੁਪਿਆ, ਜਿਸ ਦੀ ਰਸੀਦ 'ਤੇ ਜੀ. ਕੇ. ਦੇ ਦੋਸਤ ਅਤੇ ਪੀ. ਏ. ਪਰਮਜੀਵਨ ਜੋਤ ਸਿੰਘ ਦੀ ਰਸੀਵਿੰਗ ਹੈ। 20 ਲੱਖ ਰੁਪਏ ਦਾ ਪਾਣੀ ਅਤੇ ਸਬਜ਼ੀਆਂ ਦੇ ਨਕਲੀ ਬਿਲ ਨਾਲ ਨਕਦ ਲਏ, 60 ਲੱਖ ਰੁਪਏ ਫਤਿਹ ਚੈਨਲ ਦੇ ਨਾਂ 'ਤੇ ਬਿਨਾਂ ਕਾਰਨ ਲਏ ਗਏ। 13 ਲੱਖ 65000 ਰੁਪਿਆ ਇਹ ਕਹਿ ਕੇ ਕੱਢਵਾਇਆ ਕਿ ਭਾਈ ਲੱਖੀਸ਼ਾਹ ਵਣਜਾਰਾ ਦੇ ਪ੍ਰੋਗਰਾਮ ਲਈ ਬੱਸਾਂ ਮੰਗਵਾਉਣੀਆਂ ਹਨ। ਅਸਲ 'ਚ ਅਜਿਹਾ ਕੋਈ ਪ੍ਰੋਗਰਾਮ ਹੋਇਆ ਹੀ ਨਹੀਂ। 44 ਲੱਖ ਰੁਪਏ ਵਰਦੀਆਂ ਦੇ ਨਾਮ 'ਤੇ ਆਏ, ਜਿਸ ਨੂੰ ਮਨਜੀਤ ਸਿੰਘ ਜੀ. ਕੇ. ਨਿਜੀ ਤੌਰ 'ਤੇ ਘਰ ਲੈ ਗਿਆ।

ਇਕ ਹੋਰ ਸਨਸਨੀਖੇਜ਼ ਖੁਲਾਸਾ ਕਰਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਇਕ ਔਰਤ ਨੇ 140 ਕਰੋੜ ਰੁਪਏ ਦੀ ਜਾਇਦਾਦ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਕਰਵਾਈ ਸੀ ਅਤੇ ਉਸ ਦੇ ਬੀਮਾਰ ਹੋਣ 'ਤੇ ਉਸ ਔਰਤ ਨੂੰ ਬਾਲਾ ਸਾਹਿਬ ਹਸਪਤਾਲ ਵਿਚ ਦਾਖ਼ਿਲ ਕਰਵਾਇਆ ਗਿਆ। ਬੇਹੋਸ਼ੀ ਦੀ ਹਾਲਤ ਵਿਚਉਸ ਤੋਂ ਦਸਤਖ਼ਤ ਕਰਵਾ ਕੇ ਗੁਰਦੁਆਰੇ ਦੀ ਜਾਇਦਾਦ ਮਨਜੀਤ ਸਿੰਘ ਜੀ. ਕੇ. ਨੇ ਆਪਣੇ ਨਾਮ ਕਰਵਾ ਲਈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜੋ ਅਦਾਲਤ 'ਚ ਕੇਸ ਹੈ, ਉਸ 'ਚ 51 ਲੱਖ ਰੁ. ਵਿਦੇਸ਼ ਤੋਂ ਆਇਆ ਜੋ ਕਾਗਜ਼ ਬਦਲ ਕੇ ਜੀ. ਕੇ. ਨੇ ਆਪ ਕੱਢਲਿਆ। ਕਿਤਾਬਾਂ ਦੇ ਨਾਂ 'ਤੇ 50 ਲੱਖ ਰੁ. ਦੇ ਨਕਲੀ ਬਿਲ ਬਣਾ ਕੇ ਪੇਮੇਂਟ ਉਸੇ ਦਿਨ ਕਲੀਅਰ ਹੋ ਗਈ। ਜੀ.ਕੇ ਨੇ ਆਪਣੀ ਧੀ ਅਤੇ ਜੁਆਈ ਨੂੰ ਲਾਭਪਹੁੰਚਾਉਣ ਲਈ ਉਨ੍ਹਾਂ ਦੀ ਬੰਦ ਪਈ ਕੰਪਨੀ ਦੇ ਨਾਂ 'ਤੇ ਜੁਰਾਬਾਂ ਅਤੇ ਦਸਤਾਨਿਆਂ ਲਈ ਲੱਖਾਂ ਰੁਪਏ ਦੇ ਨਕਲੀ ਬਿਲ ਪਾਸ ਕਰਵਾਏ। ਅਕਾਲੀ ਆਗੂ ਨੇਕਿਹਾ ਕਿ ਕੋਰ ਕਮੇਟੀ 'ਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਕੋਰ ਕਮੇਟੀ ਪਾਰਟੀ ਬਣ ਕੇ ਇਸ ਰਕਮ ਦੀ ਵਸੂਲੀ ਲਈ ਜੀ. ਕੇ. ਵਿਰੁੱਧ ਰਿਕਵਰੀ ਦਾਕੇਸ ਅਦਾਲਤ 'ਚ ਲੜੇਗੀ।

ਹਿੱਤ ਨੇ ਕਿਹਾ ਕਿ ਮੈਂ ਅਜੇ ਵੀ ਮਨਜੀਤ ਸਿੰਘ ਜੀ. ਕੇ. ਨੂੰ ਸਲਾਹ ਦਿੰਦਾ ਹਾਂ ਕਿ ਉਹ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਭੁੱਲ ਬਖਸ਼ਵਾ ਲਵੇ ਅਤੇਗੋਲਕ ਦਾ ਲੁੱਟਿਆ ਪੈਸਾ ਵਾਪਸ ਕਰ ਦੇਵੇ ਨਹੀਂ ਤਾਂ ਇਸ ਘੋਰ ਪਾਪ ਦੀ ਉਸ ਨੂੰ ਬਹੁਤ ਵੱਡੀ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਮੈਂ ਸਿੱਖ ਸੰਗਤ ਨੂੰ ਵੀ ਅਪੀਲ ਕਰਦਾ ਹਾਂ ਕਿ ਮਨਜੀਤ ਸਿੰਘ ਜਿੱਥੇ ਵੀ ਆਵੇ ਉਸ ਨੂੰ ਪੁੱਛਿਆ ਜਾਵੇ।


shivani attri

Content Editor

Related News