ਸ਼੍ਰੋਮਣੀ ਅਕਾਲੀ ਦਲ ਦੇ 100 ਵਰ੍ਹੇ : ‘ਜੋ ਕਿਹਾ ਸੋ ਕਰ ਵਿਖਾਇਆ, ਜੋ ਕਹਿੰਦੇ ਹਾਂ ਕਰ ਵਿਖਾਵਾਂਗੇ’

Tuesday, Dec 14, 2021 - 01:01 PM (IST)

ਸ਼੍ਰੋਮਣੀ ਅਕਾਲੀ ਦਲ ਦੇ 100 ਵਰ੍ਹੇ : ‘ਜੋ ਕਿਹਾ ਸੋ ਕਰ ਵਿਖਾਇਆ, ਜੋ ਕਹਿੰਦੇ ਹਾਂ ਕਰ ਵਿਖਾਵਾਂਗੇ’

ਸੁਖਬੀਰ ਸਿੰਘ ਬਾਦਲ

ਕਿਸੇ ਵੀ ਵਿਅਕਤੀ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਮਹਾਨ ਤੇ ਨਿਵੇਕਲੇ ਗੁਣਾਂ ’ਤੇ ਗੌਰਵਮਈ ਵਿਰਸੇ ਦੀ ਮਾਲਿਕ ਜਥੇਬੰਦੀ ਦੇ ਸੌਵੇਂ ਵਰ੍ਹੇ ਦੌਰਾਨ ਉਸ ਦਾ ਮੁੱਖ ਸੇਵਾਦਾਰ ਹੋਣਾ ਵਾਕਈ ਇਕ ਵੱਡੀ ਖੁਸ਼ਕਿਸਮਤੀ ਤੇ ਮਾਣ ਵਾਲੀ ਗੱਲ ਹੈ। ਇਕ ਸਮਰਪਿਤ ਅਕਾਲੀ ਹੋਣਾ ਵੱਡੇ ਭਾਗਾਂ ਵਾਲੀ ਗੱਲ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਹਿਜ਼ ਇਕ ਸਿਆਸੀ ਪਾਰਟੀ ਦਾ ਨਹੀਂ ਬਲਕਿ ਇਕ ਮਹਾਨ ਤੇ ਪਾਵਨ ਜਜ਼ਬੇ ਦਾ ਨਾਮ ਹੈ। ਇਸ ਜਜ਼ਬੇ ਦੇ ਹੱਕਦਾਰ ਹੋਣ ਲਈ ਵੱਡੀਆਂ ਘਾਲਣਾਵਾਂ ਘਾਲਣੀਆਂ ਪੈਂਦੀਆਂ ਹਨ। ਇਸੇ ਲਈ ਮੈਂ ਅਕਸਰ ਕਹਿੰਦਾ ਹਾਂ ਕਿ ਕੁਝ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ ਇਕ ਸਿਆਸੀ ਜਥੇਬੰਦੀ ਮੰਨ ਕੇ ਇਸ ਨੂੰ ਅਤੇ ਇਸ ਦੇ ਵਿਰਸੇ ਨੂੰ ਸਮਝਣ ਵਿਚ ਵੱਡੀ ਭੁੱਲ ਕਰ ਜਾਂਦੇ ਹਨ।

ਅਕਾਲੀ ਵਿਰਸੇ ਨੂੰ ਅਤੇ ਇਸ ਪਾਰਟੀ ਦੇ ਸੰਘਰਸ਼ਮਈ ਇਤਿਹਾਸ, ਇਸ ਦੇ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਿਰੀ ਇਕ ਸਿਆਸੀ ਪਾਰਟੀ ਨਹੀਂ ਬਲਕਿ ਇਕ ਲਹਿਰ ਦਾ ਨਾਂ ਹੈ। ਇਸ ਲਹਿਰ ਦਾ ਮੂਲ ਸਰੋਤ ਮਹਾਨ ਗੁਰੂ ਸਾਹਿਬਾਨ ਵੱਲੋਂ ਸਮੁੱਚੀ ਮਾਨਵਤਾ ਨੂੰ ਬਖਸ਼ੇ ‘ਸਰਬੱਤ ਦੇ ਭਲੇ’ ਦਾ ਜਜ਼ਬਾ ਹੈ। ਇਸ ਜਜ਼ਬੇ ਬਾਰੇ ਸੋਚਦੇ ਹੀ ਮੇਰਾ ਮਨ ਮਹਾਨ ਗੁਰੂ ਸਾਹਿਬਾਨ ਤੇ ਹੋਰ ਉਨ੍ਹਾਂ ਮਹਾਪੁਰਖਾਂ ਦੇ ਚਰਨਾਂ ਅੱਗੇ ਨਤਮਸਤਕ ਹੋ ਜਾਂਦਾ ਹੈ, ਜਿਨ੍ਹਾਂ ਨੇ ਸਾਨੂੰ ਇਹ ਮਹਾਨ ਜਜ਼ਬਾ ਗੁੜ੍ਹਤੀ ਵਿਚ ਬਖਸ਼ ਦਿੱਤਾ।

PunjabKesari

ਸ਼੍ਰੋਮਣੀ ਅਕਾਲੀ ਦਲ ਅੰਦਰ ਇਸ ਜਜ਼ਬੇ ’ਤੇ ਪਹਿਰਾ ਦੇਣ ਦੀ ਗੱਲ ਬਾਰੇ ਸੋਚਦਾ ਹਾਂ ਤਾਂ ਮੇਰਾ ਸਿਰ ਆਪਣੇ ਆਪ ਉਨ੍ਹਾਂ ਮਹਾਨ ਯੋਧਿਆਂ ਅੱਗੇ ਝੁਕ ਜਾਂਦਾ ਹੈ, ਜਿਨ੍ਹਾਂ ਨੇ ਇਸ ਜਜ਼ਬੇ ’ਤੇ ਪਹਿਰਾ ਦਿੰਦਿਆਂ ਅਕਾਲੀ ਲਹਿਰ ਉੱਤੇ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ। ਜਥੇਦਾਰ ਸੁਰਮੁਖ ਸਿੰਘ ਝਬਾਲ ਜੀ, ਬਾਬਾ ਖੜਕ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਸੰਤ ਬਾਬਾ ਫਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਜੀ ਤੁੜ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਵਰਗੇ ਜਾਂਬਾਜ਼ ਤੇ ਸਿਰਲੱਥ ਸੂਰਮਿਆਂ ਨੇ ਇਸ ਜਥੇਬੰਦੀ ਦੇ ਸ਼ਾਨਾਮੱਤੇ ਵਿਰਸੇ ਤੇ ਇਤਿਹਾਸ ਦੇ ਪੰਨਿਆਂ ਨੂੰ ਆਪਣੇ ਲਹੂ ਨਾਲ ਸਿਰਜਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਦ੍ਰਿੜ੍ਹ ਇਰਾਦੇ ਅਤੇ ਕੁਰਬਾਨੀ ਦੇ ਜਜ਼ਬੇ ਦੇ ਨਾਲ-ਨਾਲ ਅਥਾਹ ਨਿਮਰਤਾ ਅਤੇ ਸਮੂਹ ਮਾਨਵਤਾ ਲਈ ਪਿਆਰ ਤੇ ਸਤਿਕਾਰ ਦੇ ਚਾਨਣ ਮਿਨਾਰ ਵਾਂਗ ਅੱਜ ਵੀ ਸਾਡਾ ਮਾਰਗ ਦਰਸ਼ਨ ਕਰ ਰਹੇ ਹਨ।

ਇਨ੍ਹਾਂ ਮਹਾਨ ਸੂਰਮਿਆਂ ਤੇ ਉਨ੍ਹਾਂ ਦੀ ਵਡਮੁੱਲੀ ਵਿਰਾਸਤ ਬਾਰੇ ਸੋਚਦਾ ਹਾਂ ਤਾਂ ਮੇਰਾ ਮਨ ਇਸ ਅਹਿਸਾਸ ਨਾਲ ਭਰ ਜਾਂਦਾ ਹੈ ਕਿ ਪੰਥ, ਪੰਜਾਬ ਤੇ ਦੇਸ਼ ਪ੍ਰਤੀ ਮੇਰੇ ਫਰਜ਼ ਕਿੰਨੇ ਵੱਡੇ ਹਨ। ਮੈਂ ਆਪਣਾ ਹਰ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕਰਨ ਤੋਂ ਬਾਅਦ ਹੀ ਸ਼ੁਰੂ ਕਰਦਾ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਇੰਨੀ ਵੱਡੀ ਜ਼ਿੰਮੇਵਾਰੀ ਗੁਰੂ ਮਹਾਰਾਜ ਦੀ ਮਿਹਰ ਦੇ ਪਾਤਰ ਬਣੇ ਬਗੈਰ ਨਿਭਾਈ ਨਹੀਂ ਜਾ ਸਕਦੀ। ਇਹ ਵੀ ਸੱਚ ਹੈ ਕਿ ਜਿਸ ਮਾਨਵਤਾਵਾਦੀ ਪੰਥਕ ਜਜ਼ਬੇ ਦੀ ਮੈਂ ਗੱਲ ਕਰ ਰਿਹਾ ਹਾਂ, ਉਸ ਨੂੰ ਢਾਅ ਲਾਉਣ ਲਈ ਉਸ ਲਹਿਰ ਨੂੰ ਨੇਤਾਹੀਣ ਕਰਨ ਲਈ ਸਾਜ਼ਿਸ਼ਾਂ ਵੀ ਉਸੇ ਦਿਨ ਸ਼ੁਰੂ ਹੋ ਗਈਆਂ ਸਨ, ਜਿਸ ਦਿਨ ਇਹ ਲਹਿਰ ਸ਼ੁਰੂ ਹੋਈ ਸੀ। 

ਸਾਡੇ ਵਿਰੋਧੀਆਂ ਨੇ ਹਰ ਤਰ੍ਹਾਂ ਦੀਆਂ ਚਾਲਾਂ ਚੱਲੀਆਂ, ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਕੇ ਜਾਂ ਸਰਕਾਰਾਂ ’ਤੇ ਹੋਰ ਪੰਥ ਤੇ ਪੰਜਾਬ ਵਿਰੋਧੀ ਅਨਸਰਾਂ ਵੱਲੋਂ ਰਲ ਕੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਪਾਵਨ ਕਾਰਜ ਖਾਲਸਾ ਪੰਥ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਤੋਂ ਖੋਹ ਕੇ ਚੋਰ ਦਰਵਾਜ਼ੇ ਰਾਹੀਂ ਸਰਕਾਰ ਦੇ ਪਿੱਠੂ ਨਵੇਂ ਮਸੰਦਾਂ ਦੇ ਹੱਥ ਕੀਤਾ ਜਾਏ, ਤਾਂ ਜੋ ਖਾਲਸਾ ਪੰਥ ਦੇ ਧਾਰਮਿਕ ਮਸਲੇ ਸਰਕਾਰ ਤੇ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ’ਚ ਚਲੇ ਜਾਣ। ਸ਼੍ਰੋਮਣੀ ਅਕਾਲੀ ਦਲ ਵਿਰੁੱਧ ਇਨ੍ਹਾਂ ਸਾਰੀਆਂ ਸਾਜ਼ਿਸ਼ਾਂ ਅਤੇ ਅੰਨ੍ਹੇ ਕੂੜ ਪ੍ਰਚਾਰ ਦੇ ਬਾਵਜੂਦ ਮੈਨੂੰ ਅਤੇ ਸਾਰੀ ਕੌਮ ਨੂੰ ਇਹ ਫਖ਼ਰ ਹਾਸਿਲ ਹੈ ਕਿ ਸ਼ੁਰੂ ਤੋਂ ਅੱਜ ਤੱਕ ਇਕ ਪੂਰੀ ਸਦੀ ਖਾਲਸਾ ਪੰਥ ਨੇ ਗੁਰੂਧਾਮਾਂ ਦੀ ਸੇਵਾ ਸੰਭਾਲ ਦਾ ਜਿੰਮਾ ਆਪਣੇ ਹੱਥੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਦਿੱਤਾ। ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਵਿਸ਼ਵਾਸ ਤੇ ਪਿਆਰ ਦੇ ਕਾਬਿਲ ਸਮਝਿਆ ਹੈ। ਇਸ ਤੋਂ ਇਲਾਵਾ ਸਮੂਹ ਪੰਜਾਬੀਆਂ ਦੀ ਸੇਵਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇਕ ਪਾਵਨ ਜਜ਼ਬੇ ਵਾਂਗ ਨਿਭਾਇਆ ਹੈ, ਜਿਸ ਦੇ ਸਬੂਤ ਇਤਿਹਾਸ ਦੇ ਪੰਨਿਆਂ ’ਤੇ ਉੱਕਰੇ ਹੋਏ ਹਨ।

PunjabKesari

ਪੰਥ, ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਅੱਜ ਵੀ ਜਾਰੀ ਹਨ। ਜੋ ਕੰਮ ਇਹ ਸਰਕਾਰੀ ਸ਼ਕਤੀ, ਅੰਨ੍ਹੇ ਸਰਮਾਏ ਤੇ ਇਥੋਂ ਤੱਕ ਕਿ ਫੌਜ ਨੂੰ ਵੀ ਆਪਣੀਆਂ ਸਾਜ਼ਿਸ਼ਾਂ ਦੀ ਕਾਮਯਾਬੀ ਲਈ ਝੋਕ ਕੇ ਹਾਸਿਲ ਨਹੀਂ ਕਰ ਸਕੇ, ਨੂੰ ਹਾਸਿਲ ਕਰਨ ਲਈ ਹੁਣ ਨਵੀਂ ਸਾਜ਼ਿਸ਼ ਅਮਲ ਵਿਚ ਲਿਆਂਦੀ ਗਈ ਹੈ ਤੇ ਉਹ ਹੈ ਪਹਿਲਾਂ ਏਜੰਸੀਆਂ ਤੇ ਪੰਥ ਵਿਰੋਧੀ ਸ਼ਕਤੀਆਂ ਦੇ ਭਾੜੇ ਦੇ ਟੱਟੂਆਂ ਰਾਹੀਂ ਕੌਮ ਨੂੰ ਧਾਰਮਿਕ ਉਕਸਾਹਟ ਵਿਚ ਲਿਆਂਦਾ ਜਾਏ। ਖਾਲਸਾ ਪੰਥ ਦੇ ਮਨਾਂ ਅੰਦਰ ਉਸ ਦੇ ਆਪਣੇ ਚੁਣੇ ਹੋਏ ਧਾਰਮਿਕ ਨੁਮਾਇੰਦਿਆਂ ਪ੍ਰਤੀ ਸ਼ੱਕ ਦੀ ਜ਼ਹਿਰ ਫੈਲਾਈ ਜਾਏ। ਇਸ ਦਾ ਮੰਤਵ ਕੌਮ ਨੂੰ ਉਸ ਦੀ ਆਪਣੀ ਸਿਆਸੀ ਤੇ ਧਾਰਮਿਕ ਫੌਜ, ਯਾਨੀ ਉਨ੍ਹਾਂ ਦੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਵਿਰੁੱਧ ਉਕਸਾਇਆ ਜਾਏ। ਪਿਛਲੇ ਕੋਈ ਸੱਤ ਅੱਠ ਸਾਲ ਤੋਂ ਇਹੀ ਸਾਜ਼ਿਸ਼ ਅਮਲ ਵਿਚ ਲਿਆਂਦੀ ਗਈ ਹੈ ਪਰ ਅਕਾਲ ਪੁਰਖ ਅਤੇ ਮਹਾਨ ਗੁਰੂ ਸਾਹਿਬਾਨ ਦੀ ਅਪਾਰ ਕਿਰਪਾ ਸਦਕਾ ਇਸ ਸਾਜ਼ਿਸ਼ ਦਾ ਓਹੀ ਹਸ਼ਰ ਹੋ ਰਿਹਾ ਹੈ, ਜੋ ਪਹਿਲੀਆਂ ਸਾਜ਼ਿਸ਼ਾਂ ਦਾ ਹੁੰਦਾ ਆਇਆ ਹੈ। ਸਾਨੂੰ ਅਕਾਲ ਪੁਰਖ ਤੇ ਮਹਾਨ ਗੁਰੂ ਸਾਹਿਬਾਨ ਦੀ ਮਿਹਰ ਵਿਚ ਅਡਿੱਗ ਵਿਸ਼ਵਾਸ ਹੈ ।

ਇਸ ਵਕਤ ਪੰਜਾਬ ਦੇ ਸਿਆਸੀ ਮਾਹੌਲ ਵਿਚ ਜੋ ਧਿਰਾਂ ਲੋਕਾਂ ਸਾਹਮਣੇ ਵਿਚਰ ਰਹੀਆਂ ਹਨ, ਉਨ੍ਹਾਂ ਵਿਚ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇਹ ਫਖਰ ਹਾਸਿਲ ਹੈ ਕਿ ਸਿਰਫ਼ ਉਹ ਹੀ ਪੰਜਾਬ ਦੇ ਆਪਣੇ ਧਰਤੀ ਪੁੱਤਰਾਂ ਤੇ ਧੀਆਂ ਦੀ ਜਥੇਬੰਦੀ ਹੈ। ਹਰ ਪੰਜਾਬੀ ਲਈ ਪੰਜਾਬ ਕੋਈ ਸਿਆਸੀ ਮੰਚ ਨਹੀਂ ਹੈ, ਬਲਕਿ ਇਹ ਤਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਆ ਤੇ ਵਰੋਸਾਇਆ ਉਨ੍ਹਾਂ ਦਾ ਆਪਣਾ ਜੱਦੀ ਘਰ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਸੰਵਾਰਨ, ਨਿਖਾਰਨ ਵਿਚ ਬਿਲਕੁਲ ਉਹ ਖੁਸ਼ੀ ਤੇ ਫਖਰ ਹਾਸਿਲ ਕਰਦਾ ਹੈ, ਜੋ ਕੋਈ ਸੁਆਣੀ ਆਪਣੇ ਘਰ ਨੂੰ ਸੰਵਾਰਨ ਸਜਾਉਣ ਵਿਚ ਮਹਿਸੂਸ ਕਰਦੀ ਹੈ। ਇਸ ਦੀ ਮਿੱਟੀ ਦਾ ਇਕ ਇਕ ਜ਼ਰਾ ਸਾਡੇ ਲਈ ਪਵਿੱਤਰ ਹੈ ਅਤੇ ਅਸੀਂ ਆਪਣੇ ਘਰ ਦਾ ਇਕ ਇਕ ਕੋਨਾ ਰੌਸ਼ਨ ਕਰਨ ਵਿਚ ਮਾਣ ਮਹਿਸੂਸ ਕਰਦੇ ਹਾਂ। ਸਾਡੇ ਆਪਣੇ ਘਰ ਪੰਜਾਬ ਲਈ ਸਾਡੇ ਇਸ਼ਕ ਦੀ ਇੰਤਹਾ ਮੈਂ ਉਨ੍ਹਾਂ ਨੂੰ ਕਿਵੇਂ ਸਮਝਾਵਾਂ ਜੋ ਜਾਂ ਤਾਂ ਆਪ ਬਾਹਰੋਂ ਆਏ ਹਨ ਤੇ ਜਾਂ ਫਿਰ ਬਾਹਰਲਿਆਂ ਦੇ ਹੁਕਮਾਂ ਤੋਂ ਬਿਨਾਂ ਇਕ ਪੱਤਾ ਤੱਕ ਨਹੀਂ ਹਿਲਾ ਸਕਦੇ। 

ਇਕ ਕਾਂਗਰਸ, ਦੂਜੀ ਖਾਸ ਬੰਦਿਆਂ ਦੀ ਆਮ ਆਦਮੀ ਪਾਰਟੀ ਤੇ ਤੀਜੀ ਭਾਜਪਾ ਤੇ ਇਸ ਦੇ ਇਸ਼ਾਰੇ ’ਤੇ ਚੱਲਣ ਵਾਲੇ ਛੋਟੇ ਮੋਟੇ ਗਰੁੱਪ -- ਇਹ ਤਿੰਨ ਪਾਰਟੀਆਂ ਸਾਡੇ ਵਿਰੁੱਧ ਰਲ ਕੇ ਹਮਲਾਵਰ ਹਨ। ਦੇਖਣ ਨੂੰ ਇਹ ਅਲੱਗ ਅਲੱਗ ਜਾਪਦੀਆਂ ਹਨ ਪਰ ਇਕ ਗੱਲ ਵਿਚ ਤਿੰਨੋ ਇਕੱਠੀਆਂ ਹਨ। ਉਹ ਗੱਲ ਇਹ ਹੈ ਕਿ ਇਹ ਤਿੰਨੋ ਪਾਰਟੀਆਂ ਪੰਜਾਬ ਉੱਤੇ ਬਾਹਰੋਂ ਹਕੂਮਤ ਕਰਨਾ ਚਾਹੁੰਦੀਆਂ ਹਨ ਪਰ ਇਨ੍ਹਾਂ ਦੇ ਮਨਸੂਬਿਆਂ ਦੇ ਰਾਹ ਵਿਚ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਇਕੋ ਇਕ ਰੋੜਾ ਸਮਝਦੀਆਂ ਹਨ, ਕਿਉਂਕਿ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ, ਪੰਜਾਬੀਆਂ ਲਈ ਤੇ ਪੰਜਾਬੀਆਂ ਵੱਲੋਂ ਬਣਾਈ ਹੋਈ ਜਥੇਬੰਦੀ ਹੈ ।

PunjabKesari

ਜ਼ਰਾ ਸੋਚੋ, ਕਾਂਗਰਸ, ‘ਆ’ ਜਾਂ ਭਾਜਪਾ ਦੇ ਪੰਜਾਬ ਵਾਲੇ ਲੀਡਰ ਬੇਚਾਰੇ ਤੁਹਾਡਾ ਕੀ ਸੰਵਾਰ ਸਕਦੇ ਹਨ ? ਇਹ ਤਾਂ ਪਲ-ਪਲ ਦਿੱਲੀ ਦੇ ਇਸ਼ਾਰਿਆਂ ’ਤੇ ਜਿਊਂਦੇ ਹਨ - ਉਹ ਜਿਸ ਨੂੰ ਦਿਲ ਕਰਦਾ ਹੈ ਰਾਤੋ ਰਾਤ ਬਦਲ ਦਿੰਦੇ ਹਨ ਤੇ ਦੁਪਹਿਰ ਹੁੰਦੇ ਹੁੰਦੇ ਇਨ੍ਹਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਦਿੱਲੀ ਦੀ ਮਿਹਰ ਦਾ ਹੱਥ ਇਨ੍ਹਾਂ ਵਿਚੋਂ ਕਿਸ ਦੇ ਸਿਰ ’ਤੇ ਹੋਏਗਾ। ਇਹ ਭਾਸ਼ਣ ਬੜੇ ਲੱਛੇਦਾਰ ਦਿੰਦੇ ਹਨ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਇਹ ਇਜਾਜ਼ਤ ਵੀ ਨਹੀਂ ਹੈ ਕਿ ਪੰਜਾਬ ਵਿਚ ਕਿਸੇ ਜ਼ਿਲੇ, ਤਹਿਸੀਲ ਜਾਂ ਬਲਾਕ ਦੇ ਪ੍ਰਧਾਨ ਜਾਂ ਉਪ ਪ੍ਰਧਾਨ ਜਾਂ ਜਨਰਲ ਸਕੱਤਰ ਨੂੰ ਵੀ ਨਿਯੁਕਤ ਕਰ ਸਕਣ। ਕਿਸੇ ਪਿੰਡ ਦਾ ਮਾਮੂਲੀ ਅਹੁਦੇਦਾਰ ਵੀ ਲਾਉਣਾ ਹੋਏ ਤਾਂ ਲਿਸਟ ਪਹਿਲਾਂ ਦਿੱਲੀ ਵਾਲੇ ਮਨਜ਼ੂਰ ਕਰਨ ਤਾਂ ਹੀ ਹੋ ਸਕਦਾ ਹੈ। ਜੋ ਕਰਨਾ ਸੋ ਦਿੱਲੀ ਨੇ ਕਰਨਾ ਹੈ, ਫਿਰ ਇਨ੍ਹਾਂ ਬੇਚਾਰਿਆਂ ਨੇ ਤੁਹਾਡੇ ਤੋਂ ਕੀ ਲੈਣਾ ਦੇਣਾ ? ਇਨ੍ਹਾਂ ਦੀ ਪੰਜਾਬ ਵਿਚ ਕੀ ਦਿਲਚਸਪੀ ਹੋ ਸਕਦੀ ਹੈ?

ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਆਪਣੀ ਸਾਰੀ ਸ਼ਕਤੀ ਤੇ ਆਪਣੀ ਸਾਰੀ ਪ੍ਰੇਰਨਾ ਸਿਰਫ ਦੋ ਸੋਮਿਆਂ ਤੋਂ ਲੈਂਦਾ ਹੈ - ਇਕ ਅਕਾਲ ਪੁਰਖ ਤੇ ਮਹਾਨ ਗੁਰੂ ਸਾਹਿਬਾਨ ਤੋਂ ਤੇ ਦੂਜੀ ਤੁਹਾਡੇ ਤੋਂ, ਸੰਗਤ ਤੋਂ। ਅਸੀਂ ਜਿਊਣਾ ਮਰਨਾ ਇਥੇ ਹੈ, ਅਸੀਂ ਸਿਰਫ ਤੁਹਾਡੇ ਹਾਂ ਤੇ ਤੁਸੀਂ ਸਾਡੇ। ਅਸੀਂ ਸਿਰਫ਼ ਅਕਾਲ ਪੁਰਖ ਤੇ ਗੁਰੂ ਮਹਾਰਾਜ ਵੱਲ ਵੇਖਦੇ ਹਾਂ ਤੇ ਦੂਜਾ ਤੁਹਾਡੇ ਵੱਲ ਪੰਜਾਬੀਆਂ ਵੱਲ ਜਾਂ ਆਖ ਲਓ ਕਿ ਸੰਗਤ ਵੱਲ। ਅਸੀਂ ਜੋ ਕਰਨਾ ਹੁੰਦਾ ਹੈ, ਉਹ ਤੁਹਾਡੇ ਲਈ, ਸਿਰਫ ਤੁਹਾਡੀ ਇਜਾਜ਼ਤ ਨਾਲ ਤੇ ਤੁਹਾਡੇ ਕਹਿਣ ਉੱਤੇ ਕਰਦੇ ਹਾਂ। ਇਸੇ ਲਈ ਤੁਸੀਂ ਧਿਆਨ ਨਾਲ ਵੇਖਿਓ ਕਿ ਪੰਜਾਬ ਵਿਚ ਪੁਨਰ ਗਠਨ ਤੋਂ ਬਾਅਦ ਜੋ ਤਰੱਕੀ ਹੋਈ, ਉਹ ਤੁਹਾਡੇ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਹੋਈ ਹੈ।

1966 ਤੋਂ ਬਾਅਦ ਪੰਜਾਬ ਵਿਚ ਜਿੰਨੇ ਥਰਮਲ ਪਲਾਂਟ ਜਾਂ ਡੈਮ ਬਣੇ, ਉਹ ਅਕਾਲੀ ਸਰਕਾਰਾਂ ਦੌਰਾਨ ਹੀ ਬਣੇ। ਜੋ ਏਅਰਪੋਰਟ, ਵੱਡੀਆਂ ਯੂਨੀਵਰਸਟੀਆਂ, ਫ਼ਸਲੀ ਮੰਡੀਆਂ, ਫੋਕਲ ਪੁਆਇੰਟ ਬਣੇ, ਜੋ ਲਿੰਕ ਸੜਕਾਂ ਦਾ ਜਾਲ ਵਿਛਿਆ, ਉਹ ਸਭ ਕੁਝ ਅਕਾਲੀ ਸਰਕਾਰਾਂ ਦੌਰਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਰਾਂ ਵੱਲੋਂ ਹੀ ਕੀਤਾ ਗਿਆ। ਪੰਜਾਬ ਵਿਚ ਇਕ ਹੀ ਵੱਡਾ ਉਦਯੋਗਿਕ ਪ੍ਰਾਜੈਕਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਰਿਫਾਈਨਰੀ ਹੈ। ਉਸ ਨੂੰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਇਆ। ਪੰਥ ਤੇ ਸਮੂਹ ਧਰਮਾਂ ਦੇ ਵਿਰਸੇ ਨੂੰ ਸੰਭਾਲਣ ਦੀ ਗੱਲ ਹੋਏ ਤਾਂ ਬੇਮਿਸਾਲ ਖਾਲਸਾ ਵਿਰਾਸਤੀ ਯਾਦਗਾਰ , ਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਪਾਵਨ ਰਾਮ ਤੀਰਥ ਜਾਂ ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਰਾਸਤੀ ਯਾਦਗਾਰ ਜਾਂ ਪਾਵਨ ਦੁਰਗਿਆਣਾ ਮੰਦਿਰ ਨੂੰ ਉਸ ਦੇ ਰੂਹਾਨੀ ਵੱਕਾਰ ਅਨੁਸਾਰ ਖੂਬਸੂਰਤੀ ਦੇਣ ਲਈ ਲਗਭਗ 200 ਕਰੋੜ ਦਾ ਪ੍ਰਾਜੈਕਟ ਜਾਂ ਫਿਰ ਛੋਟਾ ਤੇ ਵੱਡਾ ਘੱਲੂਘਾਰਾ ਯਾਦਗਾਰ ਜਾਂ ਲਗਭਗ 400 ਕਰੋੜ ਦਾ ਜੰਗੇ ਆਜ਼ਾਦੀ ਪ੍ਰਾਜੈਕਟ ਤੇ ਅੰਮ੍ਰਿਤਸਰ ਸਾਹਿਬ ਵਿਚ ਵਾਰ ਮੈਮੋਰੀਅਲ ਹੋਏ, ਇਹ ਸਾਰੇ ਦੇ ਸਾਰੇ ਤੇ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਮੀਲ ਪੱਥਰ ਸਿਰਫ਼ ਅਕਾਲੀ ਸਰਕਾਰਾਂ ਦੌਰਾਨ ਸੰਭਵ ਹੋਏ।

PunjabKesari

ਮੇਰਾ ਅਟੁੱਟ ਵਿਸ਼ਵਾਸ ਰਿਹਾ ਹੈ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਤੇ ਆਦਰਸ਼ਾਂ ’ਚੋਂ ਉਭਰੀ-ਨਿਖਰੀ ਪਾਰਟੀ ਹੈ, ਇਸ ਲਈ ਇਸ ਨੂੰ ਵਚਨਾਂ ਦਾ ਪੱਕਾ ਹੋਣਾ ਚਾਹੀਦਾ ਹੈ। ਇਸੇ ਲਈ ਸਭ ਨੇ ਦੇਖਿਆ ਕਿ ਜਿਥੇ ਅਸੀਂ ਪੰਜਾਬੀਆਂ ਲਈ ਵੱਡੇ ਸੁਫ਼ਨੇ ਦੇਖਣ ਦੀ ਜੁਰਅਤ ਦਿਖਾਈ , ਉਥੇ ਉਨ੍ਹਾਂ ਸੁਪਨਿਆਂ ਨੂੰ ਸੱਚ ਕਰ ਵਿਖਾਉਣ ਦਾ ਬਲ ਵੀ ਅਕਾਲ ਪੁਰਖ ਨੇ ਸਾਨੂੰ ਬਖਸ਼ਿਆ। ਜਦੋਂ ਮੈਂ ਕਿਹਾ ਕਿ ਪੰਜਾਬ ਨੂੰ ਰੋਜ਼ਾਨਾ 12 ਤੋਂ 14 ਘੰਟਿਆਂ ਦੇ ਬਿਜਲੀ ਕੱਟਾਂ ਤੋਂ ਮੁਕਤ ਕਰ ਕੇ ਇਸ ਨੂੰ ਇਕ ਪਾਵਰ ਸਰਪਲਸ ਸੂਬਾ ਬਣਾ ਕੇ ਬਿਜਲੀ ਆਮੋ ਆਮ ਕਰ ਦੇਵਾਂਗਾ ਤਾਂ ‘ਆਪ’ ਵਾਲਿਆਂ ਤੇ ਕਾਂਗਰਸੀਆਂ ਨੇ ਇਸ ਨੂੰ ਮੇਰੀ ਵੱਡੀ ਗੱਪ ਦੱਸ ਕੇ ਠੱਠਾ ਉਡਾਇਆ । ਇਹੀ ਕੁਝ ਇਨ੍ਹਾਂ ਨੇ ਉਦੋਂ ਵੀ ਕਿਹਾ ਜਦੋਂ ਮੈਂ ਕਿਹਾ ਕਿ ਸਾਰੇ ਪੰਜਾਬ ਦੇ ਸ਼ਹਿਰਾਂ ਨੂੰ ਵਿਸ਼ਵ ਪੱਧਰ ਦੀਆਂ ਚਾਰ-ਮਾਰਗੀ ਜਾਂ ਛੇ-ਮਾਰਗੀ ਸੜਕਾਂ ਨਾਲ ਜੋੜ ਦਿਆਂਗਾ। ਅੰਤਰ ਰਾਸ਼ਟਰੀ ਏਅਰਪੋਰਟ ਬਾਰੇ ਮੈਂ ਐਲਾਨ ਕੀਤਾ ਤਾਂ ਇਨ੍ਹਾਂ ਨੇ ਕਿਹਾ ਕਿ ਡੋਮੈਸਟਿਕ ਏਅਰਪੋਰਟ ਤਾਂ ਚਲਦੀ ਨਹੀਂ, ਇਹ ਕਿਥੋਂ ਅੰਤਰਰਾਸ਼ਟਰੀ ਬਣਾ ਦਏਗਾ। ਪਹਿਲਾਂ ਇਨ੍ਹਾਂ ਕਿਹਾ ਸੀ ਕਿ ਪ੍ਕਾਸ਼ ਸਿੰਘ ਬਾਦਲ ਹੁਰਾਂ ਦੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਾ ਵੱਡਾ ਵਾਅਦਾ ਕਦੇ ਪੂਰਾ ਨਹੀਂ ਹੋ ਸਕਦਾ, ਫਿਰ ਇਨ੍ਹਾਂ ਕਿਹਾ ਕਿ ਆਟਾ ਦਾਲ ਅਕਾਲੀ ਨਹੀਂ ਦੇ ਸਕਦੇ, ਨਾ ਹੀ ਮੈਰੀਟੋਰੀਅਸ ਸਕੂਲ ਬਣ ਸਕਦੇ ਹਨ , ਨਾ ਹੀ ਸਾਂਝ ਸੇਵਾ ਕੇਂਦਰ ਬਣ ਸਕਦੇ ਹਨ। ਮੈਂ ਕਿਹਾ ਕਿ ਸਭ ਕੁਝ ਕਰ ਕੇ ਵਿਖਾਵਾਂਗੇ। ਗੁਰੂ ਮਹਾਰਾਜ ਦੀ ਮਿਹਰ ਹੋਈ ਤੇ ਅਸੀਂ ਜੋ ਕਿਹਾ, ਉਹ ਕਰ ਕੇ ਵਿਖਾਇਆ। ਅੱਜ ਉਨ੍ਹਾਂ ਚਾਰ ਤੇ ਛੇ-ਮਾਰਗੀ ਸੜਕਾਂ ’ਤੇ ਸਾਡੇ ਵਿਰੋਧੀ ਮੌਜ ਨਾਲ ਘੁੰਮਦੇ ਫਿਰਦੇ ਹਨ, ਬਿਜਲੀ ਵੀ ਸਰਪਲੱਸ ਹੋਈ, ਅੰਤਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਲੈ ਕੇ ਜਾਂਦੇ ਹਨ, ਆਟਾ ਦਾਲ ਵੀ ਦਿੱਤੀ ਗਈ, ਮੈਰੀਟੋਰੀਅਸ ਸਕੂਲ ਵੀ ਬਣੇ, ਸਾਂਝ ਕੇਂਦਰ ਵੀ ਚੱਲੇ, ਸਕੂਲੀ ਬੱਚੀਆਂ ਨੂੰ ਮੁਫ਼ਤ ਸਾਈਕਲ ਵੀ ਦਿੱਤੇ ਗਏ-- ਤੇ ਹੋਰ ਵੀ ਬਹੁਤ ਕੁਝ। ਅਸੀਂ ਜੋ ਕਹਿੰਦੇ ਹਾਂ, ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਕਰ ਕੇ ਵੀ ਵਿਖਾਉਂਦੇ ਹਾਂ। ਇਹ ਅਕਾਲੀ ਹੋਣ ਦਾ ਜਜ਼ਬਾ ਹੈ ਜੋ ਸਾਨੂੰ ਓਨੀ ਦੇਰ ਸੌਣ ਨਹੀਂ ਦਿੰਦਾ ਜਿੰਨੀ ਦੇਰ ਕੀਤਾ ਹੋਇਆ ਵਾਅਦਾ ਪੂਰਾ ਨਾ ਹੋ ਜਾਏ। ਅਕਾਲ ਪੁਰਖ ਨੂੰ ਮੂੰਹ ਦਿਖਾਉਣਾ ਹੈ ।

ਪੰਜਾਬੀਆਂ ਨੂੰ ਦੋ-ਫਾੜ ਕਰਨ ਤੇ ਪੰਥ ਦੇ ਅੰਦਰ ਆਪਸੀ ਸ਼ੱਕ ਤੇ ਫੁੱਟ ਪਾਉਣ ਦੀਆਂ ਸਾਜ਼ਿਸ਼ਾਂ ਤੋਂ ਸਿਵਾਏ ਸਾਡੇ ਵਿਰੋਧੀਆਂ ਕੋਲ ਜੇ ਕੋਈ ਸਮਾਂ ਬਚ ਜਾਂਦਾ ਹੈ ਤਾਂ ਉਹ ਇਹ ਕਿ ਇਕ ਦੂਜੇ ਨੂੰ ਛੋਟਾ ਸਿੱਧ ਕਰਨ ’ਤੇ ਲਾ ਦਿੰਦੇ ਹਨ । ਵੈਸੇ ਵੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਨੂੰ ਅਪਣਾ ਘਰ ਸਮਝਦਾ ਹੈ। ਇਥੇ ਅਸੀਂ ਜੋ ਕਰਦੇ ਹਾਂ ਉਹ ਆਪਣੇ ਘਰ ਲਈ ਕਰਦੇ ਹਾਂ । ਅਸੀਂ ਜਿਊਣਾ, ਮਰਨਾ ਇਥੇ ਹੈ । ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਅਸੀਂ ਆਪਣੇ ਫ਼ੈਸਲੇ ਪ੍ਰਮਾਤਮਾ ਤੇ ਸੰਗਤ ਅੱਗੇ ਆਪਣੇ ਆਪ ਨੂੰ ਜਵਾਬਦੇਹ ਸਮਝ ਕੇ ਲੈਂਦੇ ਹਾਂ ।

ਮੈਂ ਨਿਮਰਤਾ ਨਾਲ ਪਰ ਦਾਅਵੇ ਨਾਲ ਕਹਿੰਦਾ ਹਾਂ ਕਿ ਜਿਵੇਂ ਅਸੀਂ ਜੋ ਕਹਿੰਦੇ ਰਹੇ ਹਾਂ , ਉਹ ਕਰਦੇ ਵੀ ਆਏ ਹਾਂ । ਅਸੀਂ ਅੱਗੋਂ ਵੀ ਜੋ ਕਹਿ ਰਹੇ ਹਾਂ , ਉਹ ਕਰ ਕੇ ਵਿਖਾਵਾਂਗੇ। ਸ਼੍ਰੋਮਣੀ ਅਕਾਲੀ ਦਲ ਆਪਣੀ ਸੌਵੀਂ ਵਰ੍ਹੇਗੰਢ ਦੇ ਮੌਕੇ ਅੱਜ ਪੰਜਾਬ ਵਿਚ ਅਮਨ ਤੇ ਭਾਈਚਾਰਕ ਸਾਂਝ ਤੇ ਬੇਮਿਸਾਲ ਵਿਕਾਸ ਦੇ ਬਲਬੂਤੇ ਗੁਰੂਆਂ ਪੀਰਾਂ , ਰਿਸ਼ੀਆਂ ਮੁਨੀਆਂ ਦੀ ਇਸ ਧਰਤੀ ਨੂੰ ਦੁਨੀਆ ਦੇ ਮੋਹਰੀ ਖਿੱਤਿਆਂ ਵਿਚੋਂ ਇਕ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਾ ਹੈ। ਅਸੀਂ ਜੋ ਕਿਹਾ ਉਹ ਕਰ ਵਿਖਾਇਆ ਤੇ ਜੋ ਕਹਿ ਰਹੇ ਹਾਂ ਉਸ ਨੂੰ ਅਕਾਲ ਪੁਰਖ ਦੀ ਮਿਹਰ ਨਾਲ ਕਰ ਕੇ ਵਿਖਾਵਾਂਗੇ ।


author

rajwinder kaur

Content Editor

Related News