26 ਨਵੰਬਰ ਦੇ ਕਿਸਾਨ ਮਾਰਚ ਦੀ ਪੂਰੀ ਹਮਾਇਤ ਕਰੇਗਾ ਅਕਾਲੀ ਦਲ  : ਸੁਖਬੀਰ

11/24/2020 10:35:58 PM

ਚੰਡੀਗੜ੍ਹ,(ਜ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਦੇ ਅੰਨਦਾਤਾ ਨੂੰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰਨ ਦੇ ਲੋਕਤੰਤਰੀ ਅਧਿਕਾਰ ਨਾ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ। ਇਕ ਬਿਆਨ ਵਿਚ ਸੁਖਬੀਰ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਆਖ ਰਹੀ ਹੈ ਕਿ ਉਨ੍ਹਾਂ ਲਈ ਬੂਹੇ ਖੁਲ੍ਹੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਲਈ ਦਰਵਾਜ਼ੇ ਬੰਦ ਕਰ ਰਹੀ ਹੈ ਤੇ ਉਨ੍ਹਾਂ ਨੂੰ ਲੋਕਤੰਤਰੀ ਢੰਗ ਨਾਲ ਵੀ ਰੋਸ ਮੁਜ਼ਾਹਰਾ ਕਰਨ ਦੀ ਆਗਿਆ ਨਹੀਂ ਦੇ ਰਹੀ, ਜਦਕਿ ਦੇਸ਼ ਸਾਹਮਣੇ ਆਪਣੀ ਗੱਲ ਰੱਖਣਾ ਕਿਸਾਨਾਂ ਦਾ ਕਾਨੂੰਨੀ ਤੇ ਲੋਕਤੰਤਰੀ ਹੱਕ ਹੈ।
ਸੁਖਬੀਰ ਨੇ ਪੁੱਛਿਆ ਕਿ ਇਹ ਕਿਸ ਤਰੀਕੇ ਦਾ ਸਦਭਾਵਨਾ ਵਾਲਾ ਕਦਮ ਹੈ, ਜਿੱਥੇ ਲੋਕ ਆਪਣੇ ਸੋਚਣ ਤੇ ਬੋਲਣ ਦੇ ਅਧਿਕਾਰ ਦੀ ਆਜ਼ਾਦੀ ਦੇ ਹੱਕ ਦੀ ਵਰਤੋਂ ਨਹੀਂ ਕਰ ਸਕਦੇ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 26 ਨਵੰਬਰ ਨੂੰ ਦਿੱਲੀ ਵਿਚ ਕਿਸਾਨ ਮਾਰਚ ਦੀ ਖੁੱਲ੍ਹੀ ਹਮਾਇਤ ਵਾਸਤੇ ਤਿਆਰ ਬਰ ਤਿਆਰ ਹੈ ਤੇ ਇਸਨੂੰ ਸਫਲ ਬਣਾਏਗਾ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੂਰੇ ਦਿਲੋਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ 'ਤੇ ਮੁੜ ਝਾਤ ਮਾਰਨ ਅਤੇ ਕਿਸਾਨਾਂ ਦੇ ਹੱਕ ਵਿਚ ਹਰ ਫੈਸਲਾ ਲੈਣ ਲਈ ਹਰ ਕਦਮ ਚੁੱਕਣ ਵਾਸਤੇ ਮਜਬੂਰ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ 26 ਦੇ ਧਰਨੇ ਦੀ ਹਮਾਇਤ ਕਰਦਿਆਂ ਇਸ ਵਿਚ ਸ਼ਾਮਲ ਹੋਣਗੇ।


Deepak Kumar

Content Editor

Related News