ਕੈਪਟਨ ਪ੍ਰਸ਼ਾਸਨ ਦੇ ਮੁੱਦੇ ''ਤੇ ਲੋਕਾਂ ਦਾ ਸਾਹਮਣਾ ਕਰਨੋਂ ਭੱਜ ਰਿਹੈ : ਸੁਖਬੀਰ ਬਾਦਲ

Friday, May 10, 2019 - 10:39 AM (IST)

ਕੈਪਟਨ ਪ੍ਰਸ਼ਾਸਨ ਦੇ ਮੁੱਦੇ ''ਤੇ ਲੋਕਾਂ ਦਾ ਸਾਹਮਣਾ ਕਰਨੋਂ ਭੱਜ ਰਿਹੈ : ਸੁਖਬੀਰ ਬਾਦਲ

ਮੋਗਾ/ਧਰਮਕੋਟ/ਬਾਘਾ ਪੁਰਾਣਾ, (ਜ. ਬ.)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੂੰ ਰੱਬ ਦੇ ਇਨਸਾਫ ਵਿਚ ਪੂਰਾ ਭਰੋਸਾ ਹੈ, ਮੈਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਘਿਨੌਣਾ ਪਾਪ ਕੀਤਾ ਜਾਂ ਕਰਵਾਇਆ ਹੈ, ਨੂੰ ਕਿਤੇ ਵੀ ਢੋਈ ਨਾ ਮਿਲੇ। ਉਨ੍ਹਾਂ ਕਿਹਾ ਕਿ ਅਮਰਿੰਦਰ ਬਤੌਰ ਮੁੱਖ ਮੰਤਰੀ ਆਪਣੀ ਨਾਕਾਮੀਆਂ ਨੂੰ ਲੁਕਾਉਣ ਲਈ ਬੇਅਦਬੀ ਦੇ ਮੁੱਦੇ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਵਿਕਾਸ, ਵਧੀਆ ਪ੍ਰਸ਼ਾਸਨ ਅਤੇ ਲੋਕ ਭਲਾਈ ਦੇ ਮੁੱਦਿਆਂ ਤੋਂ ਭੱਜ ਰਿਹਾ ਹੈ, ਜਦਕਿ ਉਸ ਨੂੰ ਸਿਰਫ ਇਨ੍ਹਾਂ ਮੁੱਦਿਆਂ ਉੱਤੇ ਵੀ ਵੋਟਾਂ ਮੰਗਣੀਆਂ ਚਾਹੀਦੀਆਂ ਹਨ। ਉਸ ਅੰਦਰ ਆਪਣੀ ਕਾਰਗੁਜ਼ਾਰੀ ਦੇ ਨਾਂ 'ਤੇ ਇਕ ਵੀ ਵੋਟ ਮੰਗਣ ਦੀ ਹਿੰਮਤ ਨਹੀਂ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਜਦੋ ਉਹ ਸੂਬੇ ਅੰਦਰ ਅਗਲੀ ਸਰਕਾਰ ਬਣਾਉਣਗੇ ਤਾਂ ਪੇਂਡੂ ਪੰਜਾਬ ਦੀ ਕਾਇਆ ਕਲਪ ਕਰਨੀ ਅਤੇ ਸ਼ਹਿਰੀ ਇਲਾਕਿਆਂ ਅੰਦਰ ਸਹੂਲਤਾਂ ਵਿਚ ਵਾਧਾ ਕਰਨਾ ਉਨ੍ਹਾਂ ਦੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਮੁੱਖਤਾ ਹੋਵੇਗੀ। ਅਸੀਂ ਭਾਰਤ ਸਰਕਾਰ ਅੰਦਰ ਆਪਣੇ ਰਸੂਖ ਨੂੰ ਵਰਤ ਕੇ ਪੰਜਾਬ ਦਾ ਆਧੁਨਿਕੀਕਰਨ ਕਰਨ ਲਈ ਕੇਂਦਰੀ ਪ੍ਰਾਜੈਕਟ ਅਤੇ ਸਕੀਮਾਂ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਜਦੋਂ ਸੱਤਾ ਸਾਡੇ ਹੱਥ ਵਿਚ ਆ ਗਈ ਤਾਂ ਪੰਜਾਬ ਦੇ ਸਾਰੇ 12500 ਪਿੰਡਾਂ ਅੰਦਰ ਸ਼ਹਿਰਾਂ ਵਾਂਗ ਪੀਣ ਵਾਲਾ ਸਾਫ ਪਾਣੀ, ਸੀਵਰੇਜ, ਪੱਕੀਆਂ ਸੜਕਾਂ ਅਤੇ ਗਲੀਆਂ ਵਿਚ ਰੌਸ਼ਨੀ ਦਾ ਪ੍ਰਬੰਧ ਕਰਨ ਵਰਗੀਆਂ ਸਹੂਲਤਾਂ ਹੋਣਗੀਆਂ।

ਅੱਜ ਇੱਥੇ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਗਿਆ ਹੈ। ਅੱਜ ਉਹ ਮੁਕੰਮਲ ਕਰਜ਼ਾ ਮੁਆਫੀ, ਘਰ-ਘਰ ਰੋਜ਼ਗਾਰ, 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ, ਦਲਿਤਾਂ ਅਤੇ ਗਰੀਬਾਂ ਨੂੰ 400 ਯੂਨਿਟ ਮੁਫਤ ਬਿਜਲੀ, ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ, ਗਰੀਬਾਂ ਨੂੰ ਆਟਾ-ਦਾਲ ਦੇ ਨਾਲ ਖੰਡ ਮੁਫਤ ਦੇਣ ਦੀ ਗੱਲ ਕਰਦਾ ਵੀ ਸੁਣਾਈ ਨਹੀਂ ਦਿੰਦਾ ਹੈ। ਇਸ ਦੇ ਉਲਟ ਕੈਪਟਨ ਨੇ ਖਜ਼ਾਨਾ ਖਾਲੀ ਹੋਣ ਦਾ ਝੂਠਾ ਬਹਾਨਾ ਬਣਾ ਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕ-ਪੱਖੀ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। 1500 ਕਰੋੜ ਦੀਆਂ ਪੈਨਸ਼ਨਾਂ, 200 ਕਰੋੜ ਰੁਪਏ ਦੇ ਸ਼ਗਨ ਅਤੇ ਸਾਰੇ ਦਲਿਤ ਵਜ਼ੀਫਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। 800 ਤੋਂ ਵੱਧ ਸਰਕਾਰੀ ਸਕੂਲ ਬੰਦ ਕਰ ਦਿੱਤੇ। ਗਰੀਬ ਹੋਣਹਾਰ ਬੱਚਿਆਂ ਲਈ ਖੋਲ੍ਹੇ ਮੈਰੀਟੋਰੀਅਸ ਸਕੂਲ ਬੰਦ ਕਰ ਦਿੱਤੇ ਅਤੇ ਲਗਭਗ ਸਾਰੇ ਹੀ ਸੁਵਿਧਾ ਕੇਂਦਰਾਂ ਨੂੰ ਤਾਲੇ ਲਾ ਦਿੱਤੇ। ਉਨ੍ਹਾਂ ਕਿਹਾ ਕਿ ਉਹ ਦੇਸ਼ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ।


author

Shyna

Content Editor

Related News