ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾ ਦੀ ਰਿਹਾਈ ਲਈ ਪੂਰੀ ਤਰ੍ਹਾਂ ਸਰਗਰਮ : ਕਰਨੈਲ ਸਿੰਘ ਪੀਰ ਮੁਹੰਮਦ
Friday, May 13, 2022 - 01:49 PM (IST)
ਕੋਟ ਈਸੇ ਖਾਂ (ਸੰਜੀਵ/ਗਰੋਵਰ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ-ਆਰਥਿਕ ਵਿਚਾਰਾਂ ਕੀਤੀਆਂ। ਇਸ ਮੀਟਿੰਗ ਵਿਚ ਹੋਏ ਵਿਚਾਰ-ਵਟਾਂਦਰੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਪੱਤਰਕਾਰਾਂ ਨੂੰ ਦੱਸਿਆ ਬੀਤੇ ਲੰਮੇ ਸਮੇਂ ਤੋਂ ਦੇਸ਼ ਦੀਆਂ ਅਲੱਗ-ਅਲੱਗ ਜੇਲਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਯਤਨ ਜਾਰੀ ਹਨ ਅਤੇ ਇਸ ਨੇਕ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11 ਮਈ ਨੂੰ ਅਮ੍ਰਿੰਤਸਰ ਵਿਖੇ ਪੰਥਕ ਜਥੇਬੰਦੀਆਂ ਦੀ ਬੁਲਾਈ ਮੀਟਿੰਗ ਵਿਚ ਵੀ ਸ਼ਾਮਲ ਹੋਵਾਂਗੇ।
ਉਨ੍ਹਾਂ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਮੂਹ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਦੇ ਤਾਜ਼ਾ ਹਾਲਾਤ ਬਾਰੇ ਮੈਮੋਰੰਡਮ ਸੌਂਪਿਆ। ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਸਿੱਖ ਨੌਜਵਾਨਾਂ ਅੰਦਰ ਵੱਧ ਤੋਂ ਵੱਧ ਸਿੱਖ ਚੇਤਨਾ ਪੈਦਾ ਕਰਨ ਲਈ ਸੁਚਾਰੂ ਢੰਗ ਨਾਲ ਪ੍ਰਚਾਰ ਮੁਹਿੰਮ ਚਲਾਏਗਾ।